ਇਰਾਨੀ ਟਰਾਫ਼ੀ: ਵਿਹਾਰੀ ਨੇ ਵਿਦਰਭ ਦੀ ਖੇਡ ਵਿਗਾੜੀ

ਸ਼ਾਨਦਾਰ ਸੈਂਕੜਾ ਜੜਿਆ; ਰੈਸਟ ਆਫ ਇੰਡੀਆ ਨੇ ਦਿੱਤੀ 280 ਦੌੜਾਂ ਦੀ ਚੁਣੌਤੀ

ਹਨੁਮਾ ਵਿਹਾਰੀ ਦੇ ਲਗਾਤਾਰ ਦੂਜੇ ਸੈਂਕੜੇ ਦੀ ਬਦੌਲਤ ਰੈਸਟ ਆਫ ਇੰਡੀਆ ਨੇ ਰਣਜੀ ਚੈਂਪੀਅਨ ਵਿਦਰਭ ਸਾਹਮਣੇ ਅੱਜ ਇੱਕੇ 280 ਦੌੜਾਂ ਦਾ ਚੁਣੌਤੀਪੂਰਨ ਟੀਚਾ ਰੱਖਿਆ। ਸ਼ੁਰੂ ਵਿੱਚ ਵਿਦਰਭ ਨੂੰ ਪਹਿਲਾ ਝਟਕਾ ਲੱਗਣ ਕਾਰਨ ਇਰਾਨੀ ਕੱਪ ਕ੍ਰਿਕਟ ਮੈਚ ਰੋਮਾਂਚਕ ਬਣ ਗਿਆ ਹੈ। ਵਿਦਰਭ ਨੇ ਚੌਥੇ ਦਿਨ ਦੀ ਖੇਡ ਖ਼ਤਮ ਹੋਣ ਤੱਕ ਇੱਕ ਵਿਕਟ ’ਤੇ 37 ਦੌੜਾਂ ਬਣਾਈਆਂ ਹਨ ਅਤੇ ਉਹ ਟੀਚੇ ਤੋਂ 243 ਦੌੜਾਂ ਪਿੱਛੇ ਹੈ। ਇਸ ਤੋਂ ਪਹਿਲਾਂ ਰੈਸਟ ਆਫ ਇੰਡੀਆ ਨੇ ਆਪਣੀ ਦੂਜੀ ਪਾਰੀ ਤਿੰਨ ਵਿਕਟਾਂ ’ਤੇ 374 ਦੌੜਾਂ ਬਣਾ ਕੇ ਖ਼ਤਮ ਐਲਾਨ ਦਿੱਤੀ ਸੀ। ਮੈਚ ਦਾ ਚੌਥਾ ਦਿਨ ਵਿਹਾਰੀ ਦੇ ਨਾਮ ਰਿਹਾ, ਜਿਸ ਨੇ ਨਾਬਾਦ 180 ਦੌੜਾਂ ਦੀ ਰੋਮਾਂਚਕ ਪਾਰੀ ਖੇਡੀ। ਇਸ 25 ਸਾਲਾ ਬੱਲੇਬਾਜ਼ ਨੇ ਕਪਤਾਨ ਅਜਿੰਕਿਆ ਰਹਾਣੇ (87 ਦੌੜਾਂ) ਨਾਲ ਤੀਜੀ ਵਿਕਟ ਲਈ 229 ਦੌੜਾਂ ਜੋੜੀਆਂ, ਜਦਕਿ ਸ਼੍ਰੇਅਸ ਅਈਅਰ (ਨਾਬਾਦ 61 ਦੌੜਾਂ) ਨਾਲ ਚੌਥੀ ਵਿਕਟ ਲਈ 99 ਦੌੜਾਂ ਦੀ ਸਾਂਝੇਦਾਰੀ ਕੀਤੀ। ਵਿਹਾਰੀ ਨੇ 300 ਗੇਂਦਾਂ ਖੇਡੀਆਂ ਅਤੇ 19 ਚੌਕੇ ਅਤੇ ਚਾਰ ਛੱਕੇ ਮਾਰੇ। ਵਿਦਰਭ ਦੀ ਦੂਜੀ ਪਾਰੀ ਦੀ ਸ਼ੁਰੂਆਤ ਚੰਗੀ ਨਹੀਂ ਰਹੀ ਅਤੇ ਉਸ ਨੇ ਪਾਰੀ ਦੀ ਤੀਜੀ ਗੇਂਦ ’ਤੇ ਹੀ ਕਪਤਾਨ ਫੈਜ਼ ਫ਼ਜ਼ਲ (ਸਿਫ਼ਰ) ਦੀ ਵਿਕਟ ਗੁਆ ਲਈ। ਉਸ ਨੂੰ ਅੰਕਿਤ ਰਾਜਪੂਤ ਨੇ ਆਊਟ ਕੀਤਾ। ਸਟੰਪ ਉਖੜਨ ਸਮੇਂ ਸੰਜਮ ਰਾਮਾਸਵਾਮੀ 17 ਦੌੜਾਂ ਅਤੇ ਅਰਥਵ ਤਾਵੜੇ 16 ਦੌੜਾਂ ਬਣਾ ਕੇ ਕ੍ਰੀਜ਼ ’ਤੇ ਡਟੇ ਹੋਏ ਹਨ। ਪਹਿਲੀ ਪਾਰੀ ਵਿੱਚ 114 ਦੌੜਾ ਬਣਾ ਕੇ ਰੈਸਟ ਆਫ ਇੰਡੀਆ ਦੀ ਪਾਰੀ ਨੂੰ ਸੰਭਾਲਣ ਵਾਲੇ ਵਿਹਾਰੀ ਨੇ ਆਪਣੀ ਸ਼ਾਨਦਾਰ ਲੈਅ ਬਰਕਰਾਰ ਰੱਖੀ। ਵਿਹਾਰੀ ਅਤੇ ਰਹਾਣੇ ਨੇ ਸਵੇਰੇ ਰੈਸਟ ਆਫ ਇੰਡੀਆ ਦੀ ਦੂਜੀ ਪਾਰੀ ਦੋ ਵਿਕਟਾਂ ’ਤੇ 102 ਦੌੜਾਂ ਤੋਂ ਅੱਗੇ ਵਧਾਈ। ਇਨ੍ਹਾਂ ਦੋਵਾਂ ਦੀ ਸਾਂਝੇਦਾਰੀ ਨੇ ਮੈਚ ਦਾ ਪੂਰਾ ਰੁਖ਼ ਹੀ ਬਦਲ ਦਿੱਤਾ।

Previous articleਪਟਿਆਲਾ ਦਾ ਰਹਿਣ ਵਾਲਾ ਹੈ ਮਯੰਕ ਮਾਰਕੰਡੇ
Next articleOne-way traffic allowed on Jammu-Srinagar highway