ਭਾਜਪਾ ਮਨੋਬਲ ਨਹੀਂ ਤੋੜ ਸਕੀ ਤਾਂ ਹੁਣ ਕੋਝੀਆਂ ਹਰਕਤਾਂ ’ਤੇ ਉੱਤਰੀ: ਸਿਸੋਦੀਆ
‘ਆਪ’ ਦੇ ਕੌਮੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਅੱਜ ਇਕ ਨੌਜਵਾਨ ਨੇ ਉਦੋਂ ਥੱਪੜ ਜੜ ਦਿੱਤਾ ਜਦੋਂ ਸ੍ਰੀ ਕੇਜਰੀਵਾਲ ਨਵੀਂ ਦਿੱਲੀ ਲੋਕ ਸਭਾ ਹਲਕੇ ਤੋਂ ਪਾਰਟੀ ਉਮੀਦਵਾਰ ਬ੍ਰਿਜੇਸ਼ ਗੋਇਲ ਲਈ ਮੋਤੀ ਨਗਰ ’ਚ ਰੋਡ ਸ਼ੋਅ ਕੱਢ ਰਹੇ ਸਨ। ਸ੍ਰੀ ਕੇਜਰੀਵਾਲ ਖੁੱਲ੍ਹੀ ਜੀਪ ’ਤੇ ਸਵਾਰ ਸਨ ਤਾਂ ਲਾਲ ਕਮੀਜ਼ ਵਾਲਾ ਇਕ ਨੌਜਵਾਨ ਤੇਜ਼ੀ ਨਾਲ ਜੀਪ ’ਤੇ ਚੜ੍ਹਿਆ ਅਤੇ ਉਨ੍ਹਾਂ ਨੂੰ ਥੱਪੜ ਮਾਰ ਦਿੱਤਾ। ਉਸ ਨੂੰ ਤੁਰੰਤ ‘ਆਪ’ ਕਾਰਕੁਨਾਂ ਨੇ ਫੜ ਲਿਆ ਅਤੇ ਪੁਲੀਸ ਨੇ ਨੌਜਵਾਨ ਨੂੰ ਭੀੜ ਤੋਂ ਬਚਾਉਣ ਦੀ ਕੋਸ਼ਿਸ਼ ਕੀਤੀ। ਨੌਜਵਾਨ ਦੀ ਪਛਾਣ ਕੈਲਾਸ਼ ਪਾਰਕ ਵਾਸੀ ਸੁਰੇਸ਼ (33) ਵਜੋਂ ਹੋਈ ਹੈ ਜੋ ਗੱਡੀਆਂ ਦੇ ਕਲ-ਪੁਰਜ਼ਿਆਂ ਦਾ ਕਾਰੋਬਾਰੀ ਹੈ। ਪੁਲੀਸ ਉਸ ਨੂੰ ਹਿਰਾਸਤ ਵਿੱਚ ਲੈ ਕੇ ਪੁੱਛ ਪੜਤਾਲ ਕਰ ਰਹੀ ਹੈ। ਨੌਜਵਾਨ ਕੇਜਰੀਵਾਲ ਦੀ ਕਾਰਗੁਜ਼ਾਰੀ ਤੋਂ ਨਿਰਾਸ਼ ਦੱਸਿਆ ਜਾ ਰਿਹਾ ਹੈ ਜਿਸ ਕਰਕੇ ਉਸ ਨੇ ਇਹ ਕਦਮ ਉਠਾਇਆ। ‘ਆਪ’ ਨੇ ਹਮਲੇ ਦੀ ਨਿੰਦਾ ਕਰਦਿਆਂ ਕਿਹਾ ਕਿ ਇਹ ਸੁਰੱਖਿਆ ’ਚ ਕੋਤਾਹੀ ਹੈ। ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਇਸ ਹਮਲੇ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਭਾਜਪਾ ਪ੍ਰਧਾਨ ਅਮਿਤ ਸ਼ਾਹ ਨੂੰ ਸਿੱਧੇ ਤੌਰ ’ਤੇ ਜ਼ਿੰਮੇਵਾਰ ਠਹਿਰਾਇਆ ਹੈ। ਉਨ੍ਹਾਂ ਕਿਹਾ,‘‘ਕੀ ਮੋਦੀ ਤੇ ਸ੍ਰੀ ਸ਼ਾਹ ਹੁਣ ਕੇਜਰੀਵਾਲ ਦਾ ਕਤਲ ਕਰਵਾਉਣਾ ਚਾਹੁੰਦੇ ਹਨ? ਪੰਜ ਸਾਲ ਦੀ ਸਾਰੀ ਤਾਕਤ ਲਾ ਕੇ ਮਨੋਬਲ ਨਹੀਂ ਤੋੜ ਸਕੇ, ਚੋਣਾਂ ’ਚ ਨਹੀਂ ਹਰਾ ਸਕੇ ਤਾਂ ਹੁਣ ਰਾਹ ਵਿੱਚੋਂ ਹਟਾਉਣਾ ਚਾਹੁੰਦੇ ਹੋ ਕਾਇਰੋ! ਕੇਜਰੀਵਾਲ ਹੀ ਤੁਹਾਡੇ ਲਈ ਕਾਲ ਹੈ।’’ ਉਧਰ ਦਿੱਲੀ ਪ੍ਰਦੇਸ਼ ਭਾਜਪਾ ਦੇ ਪ੍ਰਧਾਨ ਮਨੋਜ ਤਿਵਾੜੀ ਨੇ ਪਹਿਲਾਂ ਇਸ ਘਟਨਾ ਦੀ ਨਿੰਦਾ ਕੀਤੀ ਫਿਰ ਉਨ੍ਹਾਂ ਥੱਪੜ ਕਾਂਡ ’ਤੇ ਸਵਾਲ ਉਠਾਏ। ਉਨ੍ਹਾਂ ਸ਼ੱਕ ਜ਼ਾਹਰ ਕੀਤਾ ਕਿ ਹਮਦਰਦੀ ਲੈਣ ਲਈ ਕਿਤੇ ਇਹ ਪਟਕਥਾ ਪਹਿਲਾਂ ਤਾਂ ਨਹੀਂ ਮਿੱਥੀ ਗਈ ਸੀ? ਇਸੇ ਦੌਰਾਨ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਅਰਵਿੰਦ ਕੇਜਰੀਵਾਲ ’ਤੇ ਹੋਏ ਹਮਲੇ ਦੀ ਨਿੰਦਾ ਕਰਦਿਆਂ ਕਿਹਾ ਕਿ ਵਿਰੋਧੀ ਧਿਰਾਂ ਦੇ ਆਗੂਆਂ ’ਤੇ ਹੋ ਰਹੇ ਹਮਲੇ ਇਸ ਗੱਲ ਦਾ ਸਬੂਤ ਹਨ ਕਿ ਭਾਜਪਾ ਲੋਕ ਸਭਾ ਚੋਣਾਂ ਹਾਰ ਰਹੀ ਹੈ ਅਤੇ ਉਹ ਪੂਰੀ ਤਰ੍ਹਾਂ ਬੁਖਲਾਈ ਪਈ ਹੈ।