ਨੌਜਵਾਨ ਦੀ ਮੌਤ ਮਾਮਲਾ: ਲਹਿਰਾ ਖਾਨਾ ਵਾਸੀਆਂ ਵੱਲੋਂ ਪੁਲੀਸ ਚੌਕੀ ਅੱਗੇ ਧਰਨਾ

ਭੁੱਚੋ ਮੰਡੀ (ਸਮਾਜ ਵੀਕਲੀ): ਪਿੰਡ ਲਹਿਰਾ ਖਾਨਾ ਵਾਸੀਆਂ ਨੇ ਲੰਘੀ ਰਾਤ ਪਿੰਡ ਦੇ ਨੌਜਵਾਨ ਦੀ ਹੋਈ ਮੌਤ ਦੇ ਮਾਮਲੇ ਵਿੱਚ ਲੁੱਕ ਪਲਾਂਟ ਦੇ ਠੇਕੇਦਾਰ ਖ਼ਿਲਾਫ਼ ਮਰਨ ਲਈ ਮਜਬੂਰ ਕੀਤੇ ਜਾਣ ਦਾ ਕੇਸ ਦਰਜ ਕਰਵਾਉਣ ਲਈ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਸਹਿਯੋਗ ਨਾਲ ਅੱਜ ਸ਼ਾਮੀਂ ਭੁੱਚੋ ਪੁਲੀਸ ਚੌਕੀ ਅੱਗੇ ਧਰਨਾ ਦਿੱਤਾ। ਧਰਨਾਕਾਰੀਆਂ ਨੇ ਠੇਕੇਦਾਰ ਅਤੇ ਪੁਲੀਸ ਪ੍ਰਸ਼ਾਸਨ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਧਰਨੇ ਵਿੱਚ ਪਹੁੰਚੇ ਨਥਾਣਾ ਦੇ ਐੱਸਐੱਚਓ ਬਿਕਰਮਜੀਤ ਸਿੰਘ ਵੱਲੋਂ ਠੇਕੇਦਾਰ ਖ਼ਿਲਾਫ਼ ਧਾਰਾ-306 ਤਹਿਤ ਕੇਸ ਦਰਜ ਕਰਨ ਅਤੇ ਇੱਕ ਘੰਟੇ ਵਿੱਚ ਧਰਨਾਕਾਰੀਆਂ ਨੂੰ ਐਫਆਈਆਰ ਦੀ ਕਾਪੀ ਭੇਜਣ ਦੇ ਭਰੋਸੇ ਮਗਰੋਂ ਲੋਕਾਂ ਨੇ ਧਰਨਾ ਸਮਾਪਤ ਕਰ ਦਿੱਤਾ। ਇਸ ਮੌਕੇ ਪੀੜਤ ਪਰਿਵਾਰ ਅਤੇ ਕਿਸਾਨ ਆਗੂਆਂ ਨੇ ਚਿਤਾਵਨੀ ਦਿੱਤੀ ਕਿ ਜਿੰਨੀ ਦੇਰ ਪੁਲੀਸ ਠੇਕੇਦਾਰ ਨੂੰ ਗ੍ਰਿਫ਼ਤਾਰ ਨਹੀਂ ਕਰਦੀ, ਓਨੀ ਦੇਰ ਉਹ ਮ੍ਰਿਤਕ ਦਾ ਸਸਕਾਰ ਨਹੀਂ ਕਰਨਗੇ।

ਧਰਨੇ ਦੌਰਾਨ ਮ੍ਰਿਤਕ ਦੇ ਪਿਤਾ ਸਿਕੰਦਰ ਸਿੰਘ ਨੇ ਦੱਸਿਆ ਕਿ ਉਸ ਦਾ ਪੁੱਤਰ ਬੂਟਾ ਸਿੰਘ (30) ਠੇਕੇਦਾਰ ਯਸ਼ਪਾਲ ਜੈਨ ਕੋਲ ਪਿੰਡ ਲਹਿਰਾ ਬੇਗਾ ਨਜ਼ਦੀਕ ਚੱਲ ਰਹੇ ਲੁੱਕ ਪਲਾਂਟ ’ਤੇ 12 ਸਾਲਾਂ ਤੋਂ ਕੰਮ ਕਰ ਰਿਹਾ ਸੀ। ਲੰਘੀ ਰਾਤ ਉਸ ਦੀ ਲਾਸ਼ ਪਿੰਡ ਲਹਿਰਾ ਮੁਹੱਬਤ ਨਜ਼ਦੀਕ ਕੌਮੀ ਮਰਗ ਦੇ ਡਿਵਾਈਡਰ ਤੋਂ ਮਿਲੀ ਸੀ। ਉਸ ਸਮੇਂ ਉਸ ਦੇ ਪੈਰਾਂ ਵਿੱਚ ਜੁੱਤੀ ਤਕ ਨਹੀਂ ਸੀ ਅਤੇ ਨਾ ਹੀ ਮੋਟਰਸਾਈਕਲ ਸੀ।

ਉਨ੍ਹਾਂ ਦੱਸਿਆ ਕਿ ਬੂਟਾ ਸਿੰਘ ਦੇ ਸੜਕ ’ਤੇ ਡਿੱਗੇ ਹੋਣ ਬਾਰੇ ਉਨ੍ਹਾਂ ਨੂੰ ਕੱਲ੍ਹ ਸ਼ਾਮ ਸੱਤ ਵਜੇ ਪਤਾ ਲੱਗਿਆ ਸੀ। ਉਹ ਤੁਰੰਤ ਉਸ ਨੂੰ ਨੇੜਲੇ ਆਦੇਸ਼ ਹਸਪਤਾਲ ਲੈ ਕੇ ਗਏ ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਉਨ੍ਹਾਂ ਦੋਸ਼ ਲਗਾਇਆ ਕਿ ਬੂਟਾ ਸਿੰਘ ਨੂੰ ਕਿਸੇ ਚੋਰੀ ਦੇ ਮਾਮਲੇ ਵਿੱਚ ਠੇਕੇਦਾਰ ਨੇ ਮਰਨ ਲਈ ਮਜਬੂਰ ਕੀਤਾ ਹੈ। ਉਨ੍ਹਾਂ ਦੱਸਿਆ ਕਿ ਬੂਟਾ ਸਿੰਘ ਦੇ ਪੇਟ ਦੇ ਹੇਠਲੇ ਹਿੱਸੇ ਵਿੱਚ ਗੁੱਝੀ ਸੱਟ ਦੇ ਨਿਸ਼ਾਨ ਸਨ। ਉਨ੍ਹਾਂ ਕਿਹਾ ਕਿ ਬੂਟਾ ਸਿੰਘ ਦੀ ਮੌਤ ਦੇ ਬਾਵਜੂਦ ਠੇਕੇਦਾਰ ਨੇ ਇੱਕ ਵਾਰ ਵੀ ਪਰਿਵਾਰਕ ਮੈਂਬਰਾਂ ਨਾਲ ਰਾਬਤਾ ਨਹੀਂ ਕੀਤਾ।

ਇਸ ਸਬੰਧੀ ਪੱਖ ਜਾਣਨ ਲਈ ਠੇਕੇਦਾਰ ਨਾਲ ਉਸ ਦੇ ਫੋਨ ਨੰਬਰ ’ਤੇ ਕਈ ਵਾਰ ਸੰਪਰਕ ਦੀ ਕੋਸ਼ਿਸ਼ ਕੀਤੀ ਗਈ ਪਰ ਫੋਨ ਬੰਦ ਆ ਰਿਹਾ ਸੀ।

ਇਸ ਮੌਕੇ ਭਾਕਿਯੂ ਉਗਰਾਹਾਂ ਦੇ ਬਲਾਕ ਆਗੂ ਹੁਸ਼ਿਆਰ ਸਿੰਘ, ਬਲਜੀਤ ਸਿੰਘ, ਸੰਤੋਖ ਸਿੰਘ, ਗੁਰਜੰਟ ਸਿੰਘ, ਸਿਮਰਜੀਤ ਸਿੰਘ, ਅਜਮੇਰ ਸਿੰਘ, ਔਰਤ ਵਿੰਗ ਦੀ ਬਲਾਕ ਆਗੂ ਕਰਮਜੀਤ ਕੌਰ ਲਹਿਰਾ ਖਾਨਾ ਸਣੇ ਵੱਡੀ ਗਿਣਤੀ ਵਿੱਚ ਔਰਤਾਂ ਹਾਜ਼ਰ ਸਨ।

Previous articleਸਰਕਾਰ ਬਿਹਤਰ ਸਿਹਤ ਸਹੂਲਤਾਂ ਦੇਣ ਲਈ ਵਚਨਬੱਧ: ਜੌੜੇਮਾਜਰਾ
Next articleਬਰਤਾਨੀਆ ਦੀ ਗ੍ਰਹਿ ਮੰਤਰੀ ਦੇ ਪਰਿਵਾਰ ਦੀ ਗੋਆ ਵਿਚਲੀ ਜਾਇਦਾਦ ਦੱਬੀ, ਪਿਤਾ ਨੇ ਕੀਤੀ ਸ਼ਿਕਾਇਤ