ਘੁਮਾਰ ਮੰਡੀ ਸਥਿਤ ਇਕ ਸ਼ੋਅਰੂਮ ਵਿਚ ਡਾਊਨ ਸੀਲਿੰਗ ਦਾ ਕੰਮ ਖਤਮ ਕਰ ਕੇ ਅੱਜ ਸਵੇਰੇ ਘਰ ਵਾਪਸ ਜਾ ਰਹੇ ਦੋ ਨੌਜਵਾਨਾਂ ਨੂੰ ਮੋਟਰਸਾਈਕਲ ਸਵਾਰ ਲੁਟੇਰਿਆਂ ਨੇ ਤੇਜ਼ਧਾਰ ਹਥਿਆਰ ਨਾਲ ਵਾਰ ਕਰ ਕੇ ਲੁੱਟ ਲਿਆ। ਇਹ ਘਟਨਾ ਡਾਬਾ ਇਲਾਕੇ ਦੀ ਹੈ। ਲੁਟੇਰੇ, ਦੋਹਾਂ ਨੌਜਵਾਨਾਂ ਤੋਂ ਮੋਬਾਈਲ ਤੇ ਨਕਦੀ ਲੁੱਟ ਕੇ ਫ਼ਰਾਰ ਹੋ ਗਏ। ਥਾਣਾ ਡਾਬਾ ਦੀ ਪੁਲੀਸ ਘਟਨਾ ਸਥਾਨ ’ਤੇ ਪੁੱਜੀ ਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ। ਅਸ਼ਫਾਕ ਅਹਿਮਦ ਤੇ ਮਨੋਜ ਕੁਮਾਰ ਨੇ ਦੱਸਿਆ ਕਿ ਉਹ ਦੋਵੇਂ ਡਾਊਨ ਸੀਲਿੰਗ ਦਾ ਕੰਮ ਕਰਦੇ ਹਨ। ਉਨ੍ਹਾਂ ਕੋਲ ਘੁਮਾਰ ਮੰਡੀ ਵਿਚ ਇਕ ਦਫ਼ਤਰ ਦਾ ਠੇਕਾ ਸੀ। ਉਨ੍ਹਾਂ ਨੇ ਕੰਮ ਖਤਮ ਕਰਨਾ ਸੀ, ਇਸ ਲਈ ਸੋਮਵਾਰ ਤੜਕੇ ਕਰੀਬ 4 ਵਜੇ ਤੱਕ ਕੰਮ ਕੀਤਾ। ਮਗਰੋਂ ਰੇਲਵੇ ਸਟੇਸ਼ਨ ਨੇੜੇ ਚਾਹ ਪੀਣ ਤੋਂ ਬਾਅਦ ਉਹ ਗਿਆਸਪੁਰਾ ਵੱਲ ਆਪਣੇ ਘਰ ਜਾ ਰਹੇ ਸਨ। ਅਸ਼ਫਾਕ ਨੇ ਦੱਸਿਆ ਕਿ ਜਦੋਂ ਉਹ ਮਨੋਜ ਨੂੰ ਛੱਡਣ ਲਈ ਜਾ ਰਿਹਾ ਸੀ ਤਾਂ ਉਨ੍ਹਾਂ ਦੇ ਪਿੱਛੇ ਮੋਟਰਸਾਈਕਲ ’ਤੇ ਸਵਾਰ ਤਿੰਨ ਨੌਜਵਾਨ ਆਏ। ਉਨ੍ਹਾਂ ਦੇ ਮੂੰਹ ਕੱਪੜੇ ਨਾਲ ਬੰਨ੍ਹੇ ਹੋਏ ਸਨ। ਉਨ੍ਹਾਂ ਮੋਟਰਸਾਈਕਲ ਅੱਗੇ ਲਾ ਕੇ ਉਨ੍ਹਾਂ ਨੂੰ ਘੇਰ ਲਿਆ। ਮੁਲਜ਼ਮਾਂ ਨੇ ਸਿਰ ਅਤੇ ਲੱਤ ਉੱਤੇ ਦਾਤ ਨਾਲ ਹਮਲਾ ਕੀਤਾ ਤੇ ਅਸ਼ਫਾਕ ਦੀ ਜੇਬ ਵਿਚੋਂ 2300 ਰੁਪਏ ਤੇ ਮੋਬਾਈਲ ਅਤੇ ਮਨੋਜ ਦੀ ਜੇਬ ਵਿਚੋਂ 500 ਰੁਪਏ ਤੇ ਮੋਬਾਈਲ ਲੁੱਟ ਲਿਆ। ਘਟਨਾ ਤੋਂ ਬਾਅਦ ਮੁਲਜ਼ਮ ਧਮਕੀਆਂ ਦਿੰਦੇ ਹੋਏ ਫ਼ਰਾਰ ਹੋ ਗਏ। ਜਾਂਚ ਅਧਿਕਾਰੀ ਏਐੱਸਆਈ ਤਰਸੇਮ ਸਿੰਘ ਨੇ ਦੱਸਿਆ ਕਿ ਸ਼ਿਕਾਇਤ ਪੁਲੀਸ ਕੋਲ ਆ ਚੁੱਕੀ ਹੈ ਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਜਾਂਚ ਤੋਂ ਬਾਅਦ ਅਗੇਲੇਰੀ ਕਾਰਵਾਈ ਕੀਤੀ ਜਾਵੇਗੀ।
INDIA ਨੌਜਵਾਨਾਂ ’ਤੇ ਹਮਲਾ ਕਰ ਕੇ ਮੋਬਾਈਲ ਤੇ ਨਕਦੀ ਲੁੱਟੀ