ਦੇਸ਼ ਬਚਾਉਣ ਲਈ ਧਰਮਯੁੱਧ ਵਿੱਚ ਬਦਲਿਆ ਕਿਸਾਨੀ ਸੰਘਰਸ਼: ਚੜੂਨੀ

ਟੋਹਾਣਾ (ਸਮਾਜ ਵੀਕਲੀ): ਖੇਤੀ ਕਾਨੂੰਨਾਂ ਵਿਰੁੱਧ ਅੱਜ ਇਥੇ ਅਨਾਜ ਮੰਡੀ ਵਿੱਚ ਮਹਾਪੰਚਾਇਤ ਹੋਈ। ਇਸ ਦੌਰਾਨ ਵੱਡੀ ਗਿਣਤੀ ਵਿੱਚ ਕਿਸਾਨ, ਮਜ਼ਦੂਰ ਅਤੇ ਵਪਾਰੀ ਸ਼ਾਮਲ ਹੋਏ। ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਦੇ ਸੂਬਾ ਪ੍ਰਧਾਨ ਗੁਰਨਾਮ ਸਿੰਘ ਚੜੂਨੀ ਨੇ ਸੰਬੋਧਨ ਕਰਦਿਆਂ ਕਿਹਾ ਕਿ ਦਿੱਲੀ ਦੀਆਂ ਬਰੂਹਾਂ ’ਤੇ ਬੈਠੇ ਕਿਸਾਨਾਂ ਦਾ ਸੰਘਰਸ਼ ਹੁਣ ਖੇਤੀ ਕਾਨੂੰਨਾਂ ਨੂੰ ਵਾਪਸ ਲੈਣ ਤੋਂ ਇਲਾਵਾ ਦੇਸ਼ ਬਚਾਉਣ ਲਈ ਧਰਮਯੁੱਧ ਵਿੱਚ ਬਦਲ ਗਿਆ ਹੈ।

ਚੜੂਨੀ ਨੇ ਕਿਹਾ ਕਿ ਭਵਿੱਖ ਦੀ ਲੜਾਈ ਦੇਸ਼ ਬਚਾਉਣ ਦੀ ਹੈ। ਕੇਂਦਰ ਸਰਕਾਰ ਨੇ ਭਾਰਤ ਦੀ ਜਨਤਾ ਨੂੰ ਕਾਰਪੋਰੇਟ ਘਰਾਣਿਆਂ ਕੋਲ ਗਹਿਣੇ ਰੱਖਣ ਦਾ ਮਨ ਬਣਾ ਲਿਆ ਹੈ। ਇਸ ਲਈ ਅੰਦੋਲਨ ਨਾਲ ਜੁੜੇ ਲੋਕਾਂ ਦੀ ਜ਼ਿੰਮੇਵਾਰੀ ਹੈ ਕਿ ਉਹ ਆਪਣੇ ਮੁਹੱਲਿਆਂ, ਪਿੰਡਾਂ ਤੇ ਸ਼ਹਿਰਾਂ ਵਿੱਚ ਲੋਕਾਂ ਨੂੰ ਆਉਣ ਵਾਲੇ ਸੰਕਟ ਤੋਂ ਜਾਗਰੂਕ ਕਰਕੇ ਸੰਘਰਸ਼ ਵਿੱਚ ਸ਼ਾਮਲ ਹੋਣ ਦੀ ਅਪੀਲ ਕਰਨ।

ਉਨ੍ਹਾਂ ਕਿਹਾ ਕਿ ਅਡਾਨੀ-ਅੰਬਾਨੀ ਦੀ ਇੱਕ ਘੰਟੇ ਦੀ ਕਮਾਈ ਤਾਂ 90 ਕਰੋੜ ਦੇ ਕਰੀਬ ਹੈ ਪਰ ਦੇਸ਼ ਦਾ ਨੌਜਵਾਨ ਮਜ਼ਦੂਰ ਛੇ ਹਜ਼ਾਰ ਰੁਪਏ ਪ੍ਰਤੀ ਮਹੀਨਾ ਕੰਮ ਕਰਨ ਲਈ ਮਜਬੂਰ ਹੈ। ਗਰੀਬੀ ਅਤੇ ਕਰਜ਼ਿਆਂ ਕਾਰਨ ਚਾਰ ਲੱਖ ਨਾਗਰਿਕ ਆਤਮ ਹੱਤਿਆ ਕਰ ਰਹੇ ਹਨ।

ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਦੀ ਸੱਤਾ ਤਾਂ ਬਦਲੀ ਪਰ ਲੋਕਾਂ ਦੀਆਂ ਮੁਸ਼ਕਲਾਂ ਵੱਧਦੀਆਂ ਗਈਆਂ। ਪੂੰਜੀਪਤੀਆਂ ਨੇ ਸਰਕਾਰ ਕੋੋਲੋਂ ਤਾਕਤ ਖੋਹ ਲਈ ਹੈ। ਉਹ ਸਰਕਾਰ ’ਤੇ ਹਾਵੀ ਹੋ ਚੁੱਕੇ ਹਨ। ਭਾਜਪਾ ਨੇ ਵੀ ਪੂੰਜੀਪਤੀ ਘਰਾਣਿਆਂ ਦੀਆਂ ਤਿਜੋਰੀਆਂ ਭਰਨ ਲਈ ਇਹ ਕਾਨੂੰਨ ਬਣਾਏ ਹਨ। ਉਨ੍ਹਾਂ ਕਿਹਾ ਕਿ ਅੰਦੋਲਨ ਥੋੜੇ ਸਮੇਂ ਲਈ ਵਿੱਚ ਖ਼ਤਮ ਹੋਣ ਵਾਲਾ ਨਹੀਂ। ਜੇ ਉਨ੍ਹਾਂ ਨੂੰ ਪੂਰਾ ਸਾਲ ਜਾਂ ਇਸ ਤੋਂ ਵਧ ਸਮਾਂ ਵੀ ਸੰਘਰਸ਼ ਕਰਨਾ ਪਿਆ ਤਾਂ ਉਹ ਤਿਆਰ ਹਨ।

Previous articleਨਾਸਾ ਦਾ ‘ਪਰਜ਼ਵਰੈਂਸ’ ਰੋਵਰ ਮੰਗਲ ’ਤੇ ਉਤਰਿਆ
Next articleਵਿਨੀਪੈਗ ’ਚ ਖੇਤੀ ਕਾਨੂੰਨਾਂ ਦੇ ਵਿਰੋਧ ’ਚ ਨਿਵੇਕਲਾ ਰੋਸ ਪ੍ਰਦਰਸ਼ਨ