ਨੂਰਮਹਿਲ – (ਹਰਜਿੰਦਰ ਛਾਬੜਾ) “ਨੂਰਮਹਿਲ ਸ਼ਹਿਰ ਇੱਕ ਇਤਿਹਾਸਕ ਸ਼ਹਿਰ ਦੇ ਵਜੋਂ ਪੂਰੇ ਭਾਰਤ ਵਿੱਚ ਮਸ਼ਹੂਰ ਹੈ ਪਰ ਹੁਣ ਇਹ ਸ਼ਹਿਰ ਅਨੇਕਾਂ ਪ੍ਰਕਾਰ ਦੀਆਂ ਸਮੱਸਿਆਵਾਂ ਵਾਲਾ ਇਲਾਕੇ ਦਾ ਇੱਕ ਮਸ਼ਹੂਰ ਸ਼ਹਿਰ ਬਣ ਚੁੱਕਿਆ ਹੈ, ਅਨੇਕਾਂ ਸਮੱਸਿਆਵਾਂ ਵਿਚੋਂ ਦੋ ਸਮੱਸਿਆਵਾਂ ਪ੍ਰਮੁੱਖ ਰੂਪ ਵਿੱਚ ਆਪਣਾ ਵਿਰਾਟ ਰੂਪ ਅਖਤਿਆਰ ਕਰਕੇ ਲੋਕਾਂ ਦੀ ਜਾਨ ਦਾ ਖੌ ਬਣ ਚੁੱਕੀਆਂ ਹਨ। ਇਹਨਾਂ ਵਿੱਚ ਇੱਕ ਸਰਕਾਰੀ ਹਸਪਤਾਲ ਜੋ ਡਾਕਟਰਾਂ ਬਾਝੋਂ ਖੁਦ ਬਿਮਾਰ ਚੱਲ ਰਿਹਾ ਹੈ, ਦੂਜਾ ਨੂਰਮਹਿਲ ਸ਼ਹਿਰ ਅਤੇ ਨੂਰਮਹਿਲ-ਨਕੋਦਰ-ਫਿਲੌਰ ਦੀਆਂ ਟੁੱਟੀਆਂ ਸੜਕਾਂ ਦਾ ਬੁਰਾ ਹਾਲ। ਜਦਕਿ ਸਾਡੇ ਸ਼ਹਿਰ ਦੀ ਪ੍ਰਤੀਨਿਧਤਾ ਕਰਨ ਵਾਲੇ ਜਿੰਮੇਵਾਰ ਲੋਕ ਸ਼ਹਿਰ ਦੀਆਂ ਸਮੱਸਿਆਵਾਂ ਤੋਂ ਮੂੰਹ ਫੇਰ ਕੇ ਆਪਣੀਆਂ ਜਿੰਮੇਵਾਰੀਆਂ ਤੋਂ ਭੱਜ ਚੁੱਕੇ ਹਨ।” ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਨੰਬਰਦਾਰ ਯੂਨੀਅਨ ਜ਼ਿਲ੍ਹਾ ਜਲੰਧਰ ਦੇ ਪ੍ਰਧਾਨ ਲਾਇਨ ਅਸ਼ੋਕ ਸੰਧੂ ਨੰਬਰਦਾਰ ਨੂਰਮਹਿਲ ਨੇ ਬੜੇ ਰੋਹ ਭਰੇ ਅੰਦਾਜ਼ ਵਿੱਚ ਸੜਕਾਂ ਵਿੱਚ ਪਏ ਡੂੰਘੇ ਟੋਏ ਖ਼ਾਸਕਰ ਨਗਰ ਕੌਂਸਲ ਦਫ਼ਤਰ ਦੇ ਬਾਹਰ ਜਿਥੋਂ ਰੋਜ਼ ਸਾਰੇ ਕੌਂਸਲਰ ਆਪਣੇ ਦਫ਼ਤਰ ਜਾਂਦੇ ਹਨ, ਪੱਤਰਕਾਰਾਂ ਨੂੰ ਦਿਖਾਉਂਦੇ ਹੋਏ ਕੀਤਾ।
ਸ਼ਿਵ ਸੈਨਾ ਬਾਲ ਠਾਕਰੇ ਨੂਰਮਹਿਲ ਦੇ ਪ੍ਰਧਾਨ ਸਾਹਿਲ ਮੈਹਨ, ਮੁਨੀਸ਼ ਕੁਮਾਰ, ਜੈ ਸ਼ਿਵ ਸ਼ਕਤੀ ਸੇਵਾ ਮੰਡਲ ਦੇ ਜਨਰਲ ਸਕੱਤਰ ਸ਼ਰਨਜੀਤ ਸਿੰਘ, ਕੋਆਰਡੀਨੇਟਰ ਦਿਨਕਰ ਸੰਧੂ, ਮੈਂਬਰ ਵਰਿੰਦਰ ਕੋਹਲੀ ਗੋਲਡੀ, ਨਵੀਂ ਸੋਚ ਸੰਸਥਾ ਦੇ ਪ੍ਰਧਾਨ ਰਵਨੀਤ ਭਾਰਦਵਾਜ ਨੇ ਸਾਂਝੇ ਤੌਰ ਤੇ ਕਿਹਾ ਕਿ ਨੂਰਮਹਿਲ ਦੇ ਪ੍ਰਮੁੱਖ ਧਾਰਮਿਕ ਅਸਥਾਨ ਜਿਵੇਂ ਸਤਿਆ ਨਾਰਾਇਣ ਮੰਦਿਰ, ਰਾਮ ਮੰਦਿਰ ਅਤੇ ਦਿਵਯ ਜਯੋਤੀ ਜਾਗ੍ਰਿਤੀ ਸੰਸਥਾਨ ਨਾਲ ਸਬੰਧਤ ਸੜਕਾਂ ਨੂੰ ਪਹਿਲ ਦੇ ਆਧਾਰ ਤੇ ਉੱਚਤਮ ਕਵਾਲਿਟੀ ਨਾਲ ਬਣਾਈਆਂ ਜਾਣ। ਸਤਿਆ ਨਾਰਾਇਣ ਮੰਦਿਰ ਦੇ ਬਾਹਰ ਇਕੱਠੇ ਹੋਏ ਪਤਵੰਤਿਆਂ ਨੇ ਨੂਰਮਹਿਲ ਦੇ ਕੌਂਸਲਰਾਂ ਪ੍ਰਤੀ ਆਪਣੀ ਭੜਾਸ ਕੱਢਦਿਆਂ ਹੋਇਆਂ ਕਿਹਾ ਕਿ ਜੇਕਰ 13 ਕੌਂਸਲਰ ਨੂਰਮਹਿਲ ਦੀਆਂ 13 ਗੰਭੀਰ ਸਮੱਸਿਆਵਾਂ ਪ੍ਰਤੀ ਆਪੋ ਆਪਣੀ ਜਿੰਮੇਵਾਰੀ ਨਿਭਾ ਲੈਣ ਤਾਂ ਬਿਨਾਂ ਸ਼ੱਕ ਨੂਰਮਹਿਲ ਸਮੱਸਿਆਵਾਂ ਮੁਕਤ ਸ਼ਹਿਰ ਬਣ ਜਾਵੇਗਾ। ਇਸ ਸੰਘਰਸ਼ ਮੌਕੇ ਰਾਜੇਸ਼ ਤੱਕਿਆਰ, ਗੁਰਪ੍ਰੀਤ ਸਿੰਘ, ਹਰੀਸ਼ ਕੁਮਾਰ, ਨਿਤਿਸ਼ ਕੁਮਾਰ, ਜਸਵਿੰਦਰ ਸਿੰਘ ਉਚੇਚੇ ਤੌਰ ਤੇ ਹਾਜ਼ਿਰ ਸਨ।
ਨੰਬਰਦਾਰ ਯੂਨੀਅਨ ਜ਼ਿਲਾ ਜਲੰਧਰ ਦੇ ਪ੍ਰਧਾਨ ਅਸ਼ੋਕ ਸੰਧੂ ਨੰਬਰਦਾਰ ਨੂਰਮਹਿਲ ਨੇ ਦੱਸਿਆ ਕਿ ਸਬ-ਤਹਿਸੀਲ ਨੂਰਮਹਿਲ ਦੇ ਸਮੂਹ ਨੰਬਰਦਾਰ ਸਾਹਿਬਾਨਾਂ ਦੀ ਇੱਕ ਜਰੂਰੀ ਮੀਟਿੰਗ 27 ਤਰੀਕ ਦਿਨ ਸ਼ਨੀਵਾਰ ਨੂੰ ਸਵੇਰੇ 10.30 ਵਜੇ ਤਹਿਸੀਲ ਕੰਪਲੈਕਸ ਨੂਰਮਹਿਲ ਵਿਖੇ ਹੋਵੇਗੀ । ਇਸ ਮੀਟਿੰਗ ਵਿੱਚ ਪੰਜਾਬ ਸਰਕਾਰ ਵੱਲੋਂ ਨੰਬਰਦਾਰ ਸਾਹਿਬਾਨਾਂ ਦੀਆਂ ਮੰਗਾਂ ਨਾ ਮੰਨਣ, ਸਰਕਾਰੀ ਹਸਪਤਾਲ ਨੂਰਮਹਿਲ ਦੀ ਦੁਰਦਸ਼ਾ, ਨੂਰਮਹਿਲ-ਨਕੋਦਰ-ਫਿਲੌਰ ਸੜਕਾਂ ਦੀ ਮਾੜੀ ਹਾਲਤ, ਨੂਰਮਹਿਲ ਸ਼ਹਿਰ ਦੀਆਂ ਸੜਕਾਂ ਅਤੇ ਤਲਵਨ-ਨੂਰਮਹਿਲ ਸੜਕ ਸੰਬੰਧੀ ਨੰਬਰਦਾਰ ਯੂਨੀਅਨ ਵੱਲੋਂ ਉਠਾਏ ਮੁੱਦਿਆਂ ਪ੍ਰਤੀ ਵਿਸ਼ੇਸ਼ ਚਰਚਾ ਕੀਤੀ ਜਾਵੇਗੀ। ਇਸ ਤੋਂ ਇਲਾਵਾ 15 ਅਗਸਤ ਮਨਾਉਣ ਸੰਬੰਧੀ ਵਿਸ਼ੇਸ਼ ਰੂਪ ਰੇਖਾ ਤਿਆਰ ਕੀਤੀ ਜਾਵੇਗੀ।