(ਸਮਾਜ ਵੀਕਲੀ)
ਉੱਚਾ -ਲੰਮਾ, ਪਤਲਾ – ਛਾਂਟਵਾਂ, ਕਲੀਨ ਸ਼ੇਵ, ਹਸੂੰ -ਹਸੂੰ ਕਰਦਾ ਚਿਹਰਾ ਬੜੇ ਅਦਬ, ਪਿਆਰ, ਸਤਿਕਾਰ ਨਾਲ ਸਭਨਾਂ ਨੂੰ ਹੱਥ ਜੋੜ ਕੇ ਮਿਲਣ ਦੇ ਪ੍ਰਭਾਵੀ ਅੰਦਾਜ਼ ਵਾਲਾ ਪੰਜਾਹ ਕੁ ਵਰ੍ਹਿਆਂ ਦਾ ਪ੍ਰੈਸ ਫੋਟੋਗ੍ਰਾਫਰ ਤੇ ਪੱਤਰਕਾਰ ਮੇਜਰ ਸਿੰਘ “ਹੰਬੜਾਂ” ਸਾਰੇ ਇਲਾਕੇ ਵਿਚ ਕਿਸੇ ਜਾਣਕਾਰੀ ਦਾ ਮੁਥਾਜ ਨਹੀਂ ।
ਉਸ ਦੀ ਨਿਵੇਕਲੀ ਤੇ ਪ੍ਰਭਾਵਸ਼ਾਲੀ ਸ਼ਖ਼ਸੀਅਤ, ਵਿਅਕਤਿਤਵ ਅਤੇ ਗੁਣਾਂ ਦੀ ਪੋਟਲੀ ਦਾ ਆਕਾਰ ਇੰਨਾ ਵਿਸ਼ਾਲ ਤੇ ਡੂੰਘਾ ਹੈ ਕਿ ਉਸ ਉਸ ਦੇ ਨੇੜਲੇ ਤਾਂ ਕੀ ਦੂਰ ਵਾਲੇ ਵੀ ਉਸ ਦੀ ਸ਼ਲਾਘਾ ਤੇ ਵਡਿਆਈ ਅਕਸਰ ਕਰਦੇ ਹਨ ।
ਸਾਧਾਰਨ ਪਰਿਵਾਰ ਨਾਲ ਸਬੰਧ ਰੱਖਦੇ, ਸਤਲੁਜ ਦੇ ਕੰਢੇ ਵਸੇ ਛੋਟੇ ਜਿਹੇ ਪਿੰਡ ਵਲੀਪੁਰ ਕਲਾਂ ਵਿਖੇ ਵੱਸਦੇ ਮੇਜਰ ਹੰਬੜਾਂ ਨੇ ਆਪਣੀ ਮਿਹਨਤ, ਮੁਸ਼ੱਕਤ, ਦ੍ਰਿੜ੍ਹ ਇਰਾਦੇ , ਲਗਨ, ਇਮਾਨਦਾਰੀ ਅਤੇ ਮਨੁੱਖਤਾਵਾਦੀ ਭਲਾਈ ਨਾਲ ਓਤ ਪੋਤ ਸੋਚਣੀ ਸਦਕਾ ਲੋਕਾਈ ਦੇ ਦਿਲਾਂ ਵਿੱਚ ਆਪਣੀ ਵੱਖਰੀ ਪਛਾਣ ਬਣਾਈ ਹੈ ।
ਉਹ ਪੰਜਾਬੀ ਦੇ ਨਾਮਵਾਰ ਅਖ਼ਬਾਰ “ਰੋਜ਼ਾਨਾ ਅਜੀਤ” ਵਾਸਤੇ ਪ੍ਰੈੱਸ ਫੋਟੋਗ੍ਰਾਫਰ ਤੇ ਪੱਤਰਕਾਰੀ ਨਾਲ ਵਿਚਰਦਿਆਂ ਆਪਣੇ ਕਿੱਤੇ ਨੂੰ ਇਮਾਨਦਾਰੀ ਤੇ ਨਿਰਪੱਖਤਾ ਨਾਲ ਹੀ ਨਹੀਂ ਨਿਭਾ ਰਿਹਾ ਬਲਕਿ ਇਲਾਕੇ ਭਰ ਦੀਆਂ ਵਿੱਦਿਅਕ , ਸਮਾਜਿਕ ਤੇ ਧਾਰਮਿਕ ਸੰਸਥਾਵਾਂ ਵਾਸਤੇ ਸਾਰਥਕ, ਸ਼ਲਾਘਾਯੋਗ ਯਤਨਾਂ ਵਾਸਤੇ ਵੀ ਕਿਰਿਆਸ਼ੀਲ ਰਹਿੰਦਾ ਹੈ ।
ਨੇੜਲੇ ਪਿੰਡਾਂ ਦੀਆਂ ਪੰਚਾਇਤਾਂ, ਮੋਹਤਵਾਰ ਸੱਜਣਾ, ਮਿੱਤਰਾਂ, ਦੋਸਤਾਂ, ਬੇਲੀਆਂ ਅਤੇ ਜਾਣਕਾਰਾਂ ਨੂੰ ਵਿੱਦਿਅਕ ਸੰਸਥਾਵਾਂ ਵਿੱਚ ਪੜ੍ਹਦੇ ਗਰੀਬ ਵਿਦਿਆਰਥੀਆਂ ਦੀ ਭਲਾਈ ਵਾਸਤੇ ਹਰ ਪ੍ਰਕਾਰ ਦੀ ਵਿੱਤੀ ਮੱਦਦ ਕਰਨ ਹਿੱਤ ਹਮੇਸ਼ਾਂ ਪ੍ਰੇਰਿਤ ਕਰਦਾ ਹੈ ।
ਮੇਜਰ ਸਿੰਘ ਹੰਬੜਾਂ ਦਾ ਸਾਰਾ ਪਰਿਵਾਰ “ਸਾਵਨ ਕਿਰਪਾਨ ਕ੍ਰਿਪਾਲ ਰੂਹਾਨੀ ਮਿਸ਼ਨ” ਨਾਲ ਜੁੜਿਆ ਹੋਣ ਸਦਕਾ ਬਾਬਾ ਰਜਿੰਦਰ ਸਿੰਘ ਜੀ ਦੀਆਂ ਸਿੱਖਿਆਵਾਂ ਨੂੰ ਆਪਣੇ ਜੀਵਨ ਦਾ ਮਾਰਗ ਦਰਸ਼ਨ ਸਮਝਦਾ ਹੈ ।
ਪੱਤਰਕਾਰਤਾ ਨੂੰ ਪਵਿੱਤਰ ਕਾਰਜ ਸਮਝਦਿਆਂ ਉਹ ਆਪਣੀ ਡਿਊਟੀ ਨੂੰ ਤਨ ਦੇਹੀ ਨਾਲ ਨਿਭਾਉਂਦਿਆਂ ਨਿਰਪੱਖਤਾ ਦੇ ਸਿਧਾਂਤ ਤੇ ਚੱਲਦਿਆਂ ਵਾਸਤਵਿਕ, ਅਸਲੀ, ਯੋਗ ਅਤੇ ਸੱਚੀਆਂ ਖ਼ਬਰਾਂ ਨੂੰ ਲੋਕਾਂ ਤਕ ਪਹੁੰਚਾਉਣ ਨੂੰ ਪ੍ਰਾਥਮਿਕਤਾ ਦਿੰਦਾ ਹੈ
ਮੇਜਰ ਹੰਬੜਾਂ ਦੀ ਹਮੇਸ਼ਾਂ ਕੋਸ਼ਿਸ਼ ਰਹਿੰਦੀ ਹੈ ਕਿ ਉਹ ਵਿਸ਼ੇਸ਼ ਦਿਨ ,ਤਿਉਹਾਰ, ਦਿਵਸਾਂ ‘ਤੇ ਸਪੈਸ਼ਲ ਕਾਲਮ ਤਹਿਤ ਦੁਨਿਆਵੀ ਹਿੱਤਾਂ ਵਿੱਚ ਮਸ਼ਰੂਫ ਸ਼ਖਸੀਅਤਾਂ ਦੇ ਵਿਚਾਰਾਂ ਨੂੰ ਲੋਕਾਂ ਤਕ ਲੈ ਕੇ ਜਾਵੇ ।
ਨਿਰਪੱਖਤਾ ਅਤੇ ਨਿਡਰਤਾ ਦੀ ਪਾਲਣਾ ਕਰਦਿਆਂ ਉਹ ਕਿਸੇ ਵਿਅਕਤੀ ਵਿਸ਼ੇਸ਼ ਦੇ ਪ੍ਰਭਾਵ ਹੇਠ ਕੰਮ ਕਰਨ ਨੂੰ ਪੱਤਰਕਾਰਤਾ ਦੀ ਪਵਿੱਤਰਤਾ ਦੇ ਵਿਰੁੱਧ ਸਮਝਦਿਆਂ ਹੋਇਆ ਆਪਣੀ ਡਿਊਟੀ ਨੂੰ ਬਾਖੂਬੀ ਨਿਭਾ ਰਿਹਾ ਹੈ।
ਸੱਚਮੁੱਚ ਜਦੋਂ ਮੇਜਰ ਸਿੰਘ ਹੰਬੜਾਂ ਵਰਗੇ ਸੱਚੇ- ਸੁੱਚੇ ਇਨਸਾਨ ਬਤੌਰ ਪੱਤਰਕਾਰ ਡਿਊਟੀ ਨਿਭਾਉਂਦੇ ਹਨ ਤਾਂ ਪ੍ਰੈੱਸ , ਮੀਡੀਆ ਅਤੇ ਆਮ ਲੋਕਾਂ ਵਾਸਤੇ ਵਰਦਾਨ ਸਿੱਧ ਹੀ ਨਹੀਂ ਹੁੰਦੇ ਬਲ ਕੇ ਚਾਨਣ ਮੁਨਾਰੇ ਸਿੱਧ ਹੁੰਦੇ ਹਨ ।
ਮਾਸਟਰ ਹਰਭਿੰਦਰ “ਮੁੱਲਾਂਪੁਰ”
ਸੰਪਰਕ:94646-01001