ਨਿਊਜ਼ੀਲੈਂਡ: 31 ਸਾਲਾ ਪੰਜਾਬਣ ਮੁਟਿਆਰ ਨੂੰ ਕੈਂਸਰ ਨੇ ਨਿਗਲਿਆ, ਕੋਰੋਨਾ ਕਾਰਨ ਸਸਕਾਰ ‘ਚ ਨਹੀਂ ਸ਼ਾਮਿਲ ਹੋ ਸਕੇ ਮਾਪੇ

ਔਕਲੈਂਡ (ਸਮਾਜ ਵੀਕਲੀ) – ਸੰਨ 2016 ਦੇ ਵਿਚ ਨਿਊਜ਼ੀਲੈਂਡ ਦੇ ਸੁਪਨਿਆਂ ਦੀ ਉਡਾਰੀ ਨਾਲ ਉਡੂੰ-ਉਡੂੰ ਕਰਦੀ ਇਕ 31 ਸਾਲਾ ਖੂਬਸੂਰਤ ਲੜਕੀ ਡਾ. ਮਨਵਿੰਦਰ ਕੌਰ (ਛੋਟਾ ਨਾਂਅ ਟੇਂਜੀ) (ਬੀ. ਡੀ. ਐਸ.) ਬਲੱਡ ਕੈਂਸਰ ਨਾਲ ਲੜਦਿਆਂ ਤਿੰਨ ਕੁ ਮਹੀਨਿਆਂ ਦੇ ਵਿਚ ਹੀ ਬੀਤੇ ਦਿਨੀਂ ਔਕਲੈਂਡ ਸਿਟੀ ਹਸਪਤਾਲ ‘ਚ ਆਖਰੀ ਸਾਹ ਲੈ ਪ੍ਰਮਾਤਮਾ ਵਿਚ ਲੀਨ ਹੋ ਗਈ।

ਡਾ. ਮਨਵਿੰਦਰ ਕੌਰ ਭੁਪਿੰਦਰ ਸਿੰਘ (ਸਾਬਕਾ ਐਡੀਟੋਰੀਅਲ ਸਟਾਫ ਰੋਜ਼ਾਨਾ ਅਜੀਤ) ਦੇ ਸਪੁੱਤਰ  ਗਗਨਦੀਪ ਸਿੰਘ ਜਲੰਧਰ ਦੇ ਨਾਲ ਵਿਆਹੀ (2015) ਹੋਈ ਸੀ। ਕੋਟਕਪੂਰਾ ਰਹਿੰਦੇ ਉਸਦੇ ਮਾਪੇ ਰਾਜਿੰਦਰ ਸਿੰਘ ਅਤੇ ਮਾਤਾ ਪ੍ਰਭਮਿੰਦਰ ਕੌਰ ਕੋਵਿਡ-19 ਦੀਆਂ ਸ਼ਰਤਾਂ ਕਾਰਨ ਇੱਥੇ ਆ ਨਾ ਸਕੇ ਜਿਸ ਕਰਕੇ ਇਸ ਲੜਕੀ ਦੀ ਅੰਤਿਮ ਇੱਛਾ ਆਪਣੇ ਮਾਪੇ ਵੇਖਣ ਦੀ ਪੂਰੀ ਨਾ ਹੋ ਸਕੀ। ਪਿਛਲੇ ਸਾਲ ਇਸਦੇ ਮਾਪੇ ਅਤੇ ਸੱਸ ਸਹੁਰਾ ਸਾਰੇ ਇੱਥੇ ਸਨ। ਪਰ ਹੁਣ ਆਖਰੀ ਵਾਰ ਤਰਸਦੀ ਚਲੀ ਗਈ।

ਪੂਰੇ ਕੋਟਕਪੂਰੇ ਅਤੇ ਜਲੰਧਰ ਸਹੁਰੇ ਘਰ ਦੇ ਪੂਰੇ ਮੁਹੱਲੇ ‘ਚ ਸੋਗ ਦੀ ਲਹਿਰ ਦੌੜੀ ਹੋਈ ਹੈ। ਡਾਕਟਰੀ ਦੀ ਪੜ੍ਹਾਈ ਨੂੰ ਇਥੇ ਮਾਨਤਾ ਦਿਵਾਉਣ ਲਈ ਉਹ ਰਜਿਟ੍ਰੇਸ਼ਨ ਅਤੇ ਪੜ੍ਹਾਈ ਕਰ ਰਹੀ ਸੀ ਪਰ ਤਿੰਨ ਕੁ ਮਹੀਨੇ ਪਹਿਲਾਂ ਡਾਕਟਰਾਂ ਨੇ ਦੱਸਿਆ ਕਿ ਉਸਨੂੰ ਬਲੱਡ ਕੈਂਸਰ ਹੈ। ਹਸਪਤਾਲ ਤੋਂ ਠੀਕ ਹੋ ਕੇ ਘਰ ਚਲੀ ਗਈ ਪਰ ਰੱਖੜੀ ਵਾਲੇ ਦਿਨ ਦੁਬਾਰਾ ਬਿਮਾਰ ਹੋ ਗਈ ਅਤੇ ਹਸਪਤਾਲ ਜਾਣਾ ਪਿਆ।

ਇਸਦਾ ਪਤੀ ਕੰਮ ਛੱਡ 24 ਘੰਟੇ ਹਸਪਤਾਲ ਹੀ ਰਿਹਾ ਪਰ ਕੁਦਰਤ ਨੇ ਆਪਣੀ ਮਰਜ਼ੀ ਕੀਤੀ ਅਤੇ ਉਸ ਨਾਲ ਸਦਾ ਦਾ ਵਿਛੋੜਾ ਪੈ ਗਿਆ। ਆਖਿਰੀ ਸਮੇਂ ਸਰੀਰ ਅੰਦਰ ਇਨਫੈਕਸ਼ਨ ਫੈਲ ਗਈ ਅਤੇ ਸਰੀਰ ਦੇ ਅੰਗ ਫੇਲ੍ਹ ਹੋ ਗਏ। ਮਾਪਿਆਂ ਨਾਲ ਅਕਸਰ ਵੀਡੀਓ ਕਾਲ ਕਰਦੀ ਰਹਿੰਦੀ ਸੀ, ਆਸ਼ੀਰਵਾਦ ਲੈ ਲੈਂਦੀ ਪਰ ਕਰੋਨਾ ਨੇ ਸਿਰ ‘ਤੇ ਹੱਥ ਰੱਖਣ ਦਾ ਮੌਕਾ ਨਾ ਦਿੱਤਾ।

ਡਾ. ਮਨਵਿੰਦਰ ਕੌਰ ਦੇ ਸੱਸ ਸਹੁਰਾ (ਸ. ਭੁਪਿੰਦਰ ਸਿੰਘ-ਸ੍ਰੀਮਤੀ ਸੁਰਿੰਦਰ ਕੌਰ ਪ੍ਰਿੰਸੀਪਲ) ਸਾਲ ਕੁ ਪਹਿਲਾਂ ਜਦੋਂ ਇਥੇ ਆਏ ਤਾਂ ਮੈਂ ਉਨ੍ਹਾਂ ਨੂੰ ਮੈਨੁਰੇਵਾ ਗਾਰਡਨ ਵਿਖੇ ਮਿਲਿਆ ਅਤੇ ਇਸ ਕੁੜੀ ਨੇ ਆਪਣੀ ਡਾਕਟਰੀ ਲਾਈਨ ਫੜ੍ਹਨ ਲਈ ਕਈ ਸਲਾਹਾਂ ਕੀਤੀਆਂ।

ਅੱਜ ਇਸ ਹੋਣਹਾਰ ਲੜਕੀ ਦਾ ਅੰਤਿਮ ਸਸਕਾਰ ਕਰ ਦਿੱਤਾ ਗਿਆ। ਉਸਦੇ ਪਤੀ ਗਗਨਦੀਪ ਅਤੇ ਭਰਾ ਇੰਦਰਪ੍ਰੀਤ ਸਿੰਘ ਦੇ ਹੰਝੂ ਨਹੀਂ ਸੀ ਰੁਕ ਰਹੇ। ਡਾ. ਮਨਵਿੰਦਰ ਕੌਰ ਦੀ ਆਤਮਿਕ ਸ਼ਾਂਤੀ ਲਈ ਕੱਲ੍ਹ ਗੁਰਦੁਆਰਾ ਸਾਹਿਬ ਉਟਾਹੂਹੂ ਵਿਖੇ ਅਖੰਠ ਪਾਠ ਆਰੰਭ ਕਰਵਾਏ ਜਾਣੇ ਹਨ ਜਿਨ੍ਹਾਂ ਦੇ ਭੋਗ 17 ਅਗਸਤ ਨੂੰ ਸਵੇਰੇ 10.30 ਵਜੇ ਪਾਏ ਜਾਣਗੇ।

ਵਾਹਿਗੁਰੂ ਡਾ. ਮਨਵਿੰਦਰ ਕੌਰ ਦੀ ਆਤਮਾ ਨੂੰ ਸਦੀਵੀ ਸੁੱਖ ਬਖਸ਼ੇ ਅਤੇ ਪਰਿਵਾਰ ਨੂੰ ਹੌਂਸਲਾ। ਪਰਿਵਾਰ ਦੇ ਲਈ ਇਹ ਇਕ ਅਕਹਿ ਅਤੇ ਅਸਹਿ ਦੁੱਖ ਹੈ।

Previous articleਕੈਨੇਡਾ: ਸਰੀ ਦਾ ਪੰਜਾਬੀ ਆਪਣੀ ਪਾਰਟਨਰ ਦੇ ਕਤਲ ‘ਚ ਦੋਸ਼ੀ ਕਰਾਰ
Next articleਕੈਨੇਡਾ: ਜਸਟਿਨ ਟਰੂਡੋ ਨੇ ਭਾਰਤੀਆਂ ਨੂੰ ਦਿੱਤੀ ਆਜ਼ਾਦੀ ਦਿਵਸ ਦੀ ਵਧਾਈ