ਨਾਜਾਇਜ਼ ਸਬੰਧਾਂ ਕਾਰਨ ਪਤੀ ਨੇ ਕੀਤਾ ਸੀ ਪਤਨੀ ਦਾ ਕਤਲ

ਖੰਨਾ- ਕਰੀਬ ਦੋ ਮਹੀਨੇ ਪਹਿਲਾਂ ਰਾਤ ਸਮੇਂ ਖੰਨਾ ਨੇੜੇ ਕੌਮੀ ਸ਼ਾਹ ਮਾਰਗ ਉਪਰ ਕਾਰ ਸਵਾਰ ਔਰਤ ਨੂੰ ਗੋਲੀ ਮਾਰ ਕੇ ਕਤਲ ਕਰਨ ਦੀ ਘਟਨਾ ਦਾ ਪਰਦਾਫਾਸ਼ ਕਰਦਿਆਂ ਖੰਨਾ ਪੁਲੀਸ ਨੇ ਇਸ ਮਾਮਲੇ ਵਿਚ ਮ੍ਰਿਤਕ ਔਰਤ ਦੇ ਪਤੀ ਰਾਕੇਸ਼ ਕੁਮਾਰ ਗਾਬਾ ਵਾਸੀ ਤਾਜਪੁਰ ਰੋਡ ਲੁਧਿਆਣਾ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਰਾਕੇਸ਼ ਗਾਬਾ ਦੇ ਦੂਜੀ ਔਰਤ ਨਾਲ ਨਾਜਾਇਜ਼ ਸਬੰਧ ਸਨ, ਜਿਸ ਕਾਰਨ ਉਸ ਨੇ ਆਪਣੀ ਪਤਨੀ ਦਾ ਕਤਲ ਕੀਤਾ।
ਰਾਕੇਸ਼ ਕੁਮਾਬ ਗਾਬਾ ਵਾਸੀ ਤਾਜਪੁਰ ਰੋਡ ਲੁਧਿਆਣਾ ਨੇ 29 ਜੁਲਾਈ ਨੂੰ ਖੰਨਾ ਪੁਲੀਸ ਨੂੰ ਦੱਸਿਆ ਸੀ ਕਿ ਉਹ ਆਪਣੀ ਪਤਨੀ ਰਾਧਿਕਾ ਗਾਬਾ ਨਾਲ ਆਪਣੀ ਕਾਰ ਰਾਹੀਂ ਚੰਡੀਗੜ੍ਹ ਤੋਂ ਲੁਧਿਆਣਾ ਜਾ ਰਿਹਾ ਸੀ ਕਿ ਜਦੋਂ ਉਹ ਖੰਨਾ ਨੇੜੇ ਜੀ.ਟੀ ਰੋਡ ’ਤੇ ਇਕ ਢਾਬੇ ਨੇੜੇ ਆਪਣੀ ਕਾਰ ਰੋਕ ਕੇ ਸਾਈਡ ’ਤੇ ਪਿਸ਼ਾਬ ਕਰਨ ਗਿਆ ਤਾਂ ਅਣਪਛਾਤੇ ਮੋਟਰਸਾਈਕਲ ਸਵਾਰ ਵਿਅਕਤੀਆਂ ਨੇ ਪਿਸਤੌਲ ਦੀ ਨੋਕ ’ਤੇ ਉਸ ਪਾਸੋਂ 28 ਹਜ਼ਾਰ ਰੁਪਏ ਨਗਦ, ਸੋਨੇ ਦਾ ਬਰੈਸਲੇਟ ਅਤੇ ਚੇਨ ਖੋਹ ਲਈ ਅਤੇ ਉਸ ਦੀ ਪਤਨੀ ਦੇ ਸਿਰ ਵਿਚ ਗੋਲੀ ਮਾਰ ਦਿੱਤੀ, ਜਿਸ ਦੀ ਅਗਲੇ ਦਿਨ ਲੁਧਿਆਣਾ ਦੇ ਇਕ ਪ੍ਰਾਈਵੇਟ ਹਸਪਤਾਲ ਵਿਚ ਮੌਤ ਹੋ ਗਈ। ਪੁਲੀਸ ਜ਼ਿਲ੍ਹਾ ਖੰਨਾ ਦੇ ਐੱਸਐੱਸਪੀ ਗੁਰਸ਼ਰਨਦੀਪ ਸਿੰਘ ਗਰੇਵਾਲ ਨੇ ਦੱਸਿਆ ਕਿ ਇਸ ਘਟਨਾ ਦੀ ਪੜਤਾਲ ਲਈ ਐੱਸਪੀ ਜਗਵਿੰਦਰ ਸਿੰਘ ਚੀਮਾ, ਡੀਐੱਸਪੀ ਤ੍ਰਿਲੋਚਨ ਸਿੰਘ, ਇੰਸਪੈਕਟਰ ਗੁਰਮੇਲ ਸਿੰਘ ਅਤੇ ਬਲਜਿੰਦਰ ਸਿੰਘ ਦੀ ਡਿਊਟੀ ਲਾਈ ਗਈ ਸੀ। ਤਫਤੀਸ਼ ਦੌਰਾਨ ਪਤਾ ਲੱਗਾ ਕਿ ਰਾਕੇਸ਼ ਕੁਮਾਰ ਨੇ ਆਪਣੀ ਪਤਨੀ ਰਾਧਿਕਾ ਨੂੰ ਮਾਰਨ ਦੀ ਸਾਜ਼ਿਸ਼ ਬਣਾਈ ਸੀ। ਉਹ ਰਾਧਿਕਾ ਨੂੰ ਖਰੀਦਦਾਰੀ ਕਰਵਾਉਣ ਦੇ ਬਹਾਨੇ ਚੰਡੀਗੜ੍ਹ ਗਿਆ ਅਤੇ ਵਾਪਸੀ ’ਤੇ ਜਦੋਂ ਖੰਨਾ ਨੇੜੇ ਪੁੱਜੇ ਤਾਂ ਉਸ ਨੇ ਆਪਣੇ ਪਿਤਾ ਦੇ ਲਾਇਸੈਂਸੀ ਰਿਵਾਲਵਰ ਨਾਲ ਰਾਧਿਕਾ ਦੇ ਸਿਰ ਵਿਚ ਗੋਲੀ ਮਾਰ ਕੇ ਉਸ ਦਾ ਕਤਲ ਕਰ ਦਿੱਤਾ ਅਤੇ ਲੁੱਟ ਖੋਹ ਦਾ ਝੂਠਾ ਕੇਸ ਦਰਜ ਕਰਵਾ ਦਿੱਤਾ। ਪੁਲੀਸ ਨੇ ਰਾਕੇਸ਼ ਗਾਬਾ ਨੂੰ ਗ੍ਰਿਫ਼ਤਾਰ ਕਰ ਕੇ ਵਾਰਦਾਤ ‘ਚ ਵਰਤਿਆ ਪਿਸਤੌਲ ਵੀ ਬਰਾਮਦ ਕਰ ਲਿਆ। ਸ੍ਰੀ ਗਰੇਵਾਲ ਅਨੁਸਾਰ ਮੁਲਜ਼ਮ ਨੇ ਮੰਨਿਆ ਕਿ ਉਸ ਨੇ ਆਪਣੇ ਆਪ ਨੂੰ ਤਲਾਕਸ਼ੁਦਾ ਦੱਸ ਕੇ ਇਕ ਤਲਾਕਸ਼ੁਦਾ ਔਰਤ ਨਾਲ ਵਿਆਹ ਦਾ ਝਾਂਸਾ ਦੇ ਕੇ ਸਬੰਧ ਬਣਾਏ, ਪਰ ਉਸ ਦੀ ਮੰਗਣੀ ਮੁਜ਼ੱਫਰਨਗਰ ਦੇ ਇਕ ਵਿਅਕਤੀ ਸ਼ੈਂਕੀ ਨਾਲ ਹੋ ਗਈ ਅਤੇ ਸ਼ੈਂਕੀ ਨੂੰ ਉਸ ’ਤੇ ਸ਼ੱਕ ਹੋਣ ਕਾਰਨ ਉਸ ਨੇ ਉਸ ਦੇ ਪਿਤਾ ਅਤੇ ਉਸ ਨੂੰ ਫੋਨ ’ਤੇ ਗਾਲਾਂ ਕੱਢੀਆ, ਜਿਸ ਦਾ ਬਦਲਾ ਲੈਣ ਲਈ ਉਹ 26 ਜੁਲਾਈ ਨੂੰ ਮੁਜ਼ੱਫਰਨਗਰ ਵੀ ਗਿਆ ਪਰ ਸ਼ੈਂਕੀ ਦੇ ਨਾ ਮਿਲਣ ’ਤੇ ਪਰਤ ਆਇਆ।

Previous articleਸਫ਼ਾਈ ਮੁਲਾਜ਼ਮ ਦੇ ਪਰਿਵਾਰਕ ਮੈਂਬਰਾਂ ਵੱਲੋਂ ਲਾਸ਼ ਸੜਕ ’ਤੇ ਰੱਖ ਕੇ ਜਾਮ
Next articleਵਾਦੀ ਦਾ ਦੌਰਾ ਕਰਕੇ ਪਰਤੀ ਟੀਮ ਵੱਲੋਂ ਰਿਪੋਰਟ ਜਾਰੀ