ਸਫ਼ਾਈ ਮੁਲਾਜ਼ਮ ਦੇ ਪਰਿਵਾਰਕ ਮੈਂਬਰਾਂ ਵੱਲੋਂ ਲਾਸ਼ ਸੜਕ ’ਤੇ ਰੱਖ ਕੇ ਜਾਮ

ਪਠਾਨਕੋਟ– ਟਿੱਪਰ ਦੀ ਲਪੇਟ ਵਿੱਚ ਆ ਕੇ ਹੋਈ ਕੱਚਾ ਸਫਾਈ ਮੁਲਾਜ਼ਮ ਦੀ ਮੌਤ ਨੂੰ ਲੈ ਕੇ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਤੇ ਸਫਾਈ ਮੁਲਾਜ਼ਮਾਂ ਨੇ ਇਕੱਠੇ ਹੋ ਕੇ ਸਿਵਲ ਹਸਪਤਾਲ ਦੇ ਮੂਹਰੇ ਲਾਸ਼ ਨੂੰ ਸੜਕ ਵਿੱਚ ਰੱਖ ਕੇ ਰੋਸ ਧਰਨਾ ਦਿੱਤਾ ਅਤੇ ਸਿਵਲ ਹਸਪਤਾਲ ਪ੍ਰਬੰਧਨ ਵੱਲੋਂ ਜ਼ਖਮੀ ਦੇ ਇਲਾਜ ਵਿੱਚ ਕਥਿਤ ਤੌਰ ’ਤੇ ਲਾਪਰਵਾਹੀ ਵਰਤਣ ਦਾ ਦੋਸ਼ ਲਗਾਉਂਦੇ ਹੋਏ ਨਾਅਰੇਬਾਜ਼ੀ ਕੀਤੀ।
ਪ੍ਰਦਰਸ਼ਨਕਾਰੀਆਂ ਵੱਲੋਂ ਲਗਾਏ ਗਏ ਧਰਨੇ ਤੋਂ ਬਾਅਦ ਸਿਵਲ ਹਸਪਤਾਲ ਦੇ ਬਾਹਰ ਸੜਕ ’ਤੇ ਜਾਮ ਲੱਗ ਗਿਆ ਜੋ ਲੰਬੇ ਸਮੇਂ ਤੱਕ ਜਾਰੀ ਰਿਹਾ। ਜਾਮ ਦੀ ਸੂਚਨਾ ਮਿਲਦੇ ਹੀ ਡਵੀਜ਼ਨ ਨੰਬਰ-1 ਦੇ ਥਾਣਾ ਮੁਖੀ ਪ੍ਰਮੋਦ ਕੁਮਾਰ ਪੁਲੀਸ ਪਾਰਟੀ ਨਾਲ ਮੌਕੇ ’ਤੇ ਪੁੱਜੇ ਤੇ ਪ੍ਰਦਰਸ਼ਨਕਾਰੀਆਂ ਨੂੰ ਭਰੋਸਾ ਦੇਣ ਦਾ ਯਤਨ ਕੀਤਾ। ਇਸ ’ਤੇ ਵੀ ਪ੍ਰਦਰਸ਼ਨਕਾਰੀ ਟਸ ਤੋਂ ਮਸ ਨਹੀਂ ਹੋਏ ਅਤੇ ਉਨ੍ਹਾਂ ਉੱਚ ਅਧਿਕਾਰੀਆਂ ਨੂੰ ਮੌਕੇ ’ਤੇ ਬੁਲਾਉਣ ਦੀ ਮੰਗ ਕੀਤੀ। ਇਸ ਮੌਕੇ ਸਿਵਲ ਸਰਜਨ ਦਫਤਰ ਤੋਂ ਡਾ. ਰਾਕੇਸ਼ ਸਰਪਾਲ ਅਤੇ ਡਾ. ਸੁਨੀਲ ਚਾਂਦ ਅਤੇ ਤਹਿਸੀਲਦਾਰ ਅਰਵਿੰਦ ਸਲਵਾਨ ਵੀ ਮੌਕੇ ’ਤੇ ਪੁੱਜੇ ਅਤੇ ਉਨ੍ਹਾਂ ਨੇ ਲਿਖਤੀ ਰੂਪ ਵਿੱਚ ਪ੍ਰਦਰਸ਼ਨਕਾਰੀਆਂ ਦੀਆਂ ਮੰਗਾਂ ਮੰਨਣ ਦਾ ਭਰੋਸਾ ਦਿੱਤਾ। ਇਸ ਉਪਰੰਤ ਪ੍ਰਦਰਸ਼ਨਕਾਰੀਆਂ ਨੇ ਧਰਨਾ ਸਮਾਪਤ ਕੀਤਾ।
ਘਟਨਾ ਸਬੰਧੀ ਜਾਣਕਾਰੀ ਦਿੰਦੇ ਹੋਏ ਸਵੱਛ ਭਾਰਤ ਮਜ਼ਦੂਰ ਯੂਨੀਅਨ ਦੇ ਆਗੂ ਜਤਿੰਦਰ ਚੀਨਾ, ਸ਼ਿਵ ਸੈਨਾ ਆਗੂ ਰਾਜਿੰਦਰ ਜਿੰਦੀ ਤੇ ਮ੍ਰਿਤਕ ਦੇ ਪਿਤਾ ਤਰਸੇਮ ਲਾਲ ਨੇ ਦੱਸਿਆ ਕਿ ਉਨ੍ਹਾਂ ਦੇ ਦੋਵੇਂ ਪੁੱਤਰ ਦੀਪਕ ਤੇ ਥਾਮਸ ਨਗਰ ਨਿਗਮ ਵਿੱਚ ਬਤੌਰ ਕੱਚੇ ਸਫਾਈ ਮੁਲਾਜ਼ਮ ਵਜੋਂ ਕੰਮ ਕਰਦੇ ਹਨ ਅਤੇ ਰੋਜ਼ਾਨਾ ਦੀ ਤਰ੍ਹਾਂ ਆਪਣੇ ਪਿੰਡ ਜੰਡਵਾਲ ਤੋਂ ਮੋਟਰਸਾਈਕਲ ’ਤੇ ਪਠਾਨਕੋਟ ਆ ਰਹੇ ਸਨ। ਜਦ ਉਹ ਸਵੇਰੇ ਨੈਸ਼ਨਲ ਹਾਈਵੇਅ ਤੇ ਡਮਟਾਲ ਦੇ ਨਜ਼ਦੀਕ ਮੋਹਟਲੀ ਮੋੜ ’ਤੇ ਪੁੱਜੇ ਤਾਂ ਉਲਟੀ ਦਿਸ਼ਾ ਤੋਂ ਆ ਰਹੇ ਟਿੱਪਰ ਨੇ ਉਨ੍ਹਾਂ ਨੂੰ ਆਪਣੀ ਲਪੇਟ ਵਿੱਚ ਲੈ ਲਿਆ ਅਤੇ ਉਹ ਗੰਭੀਰ ਜ਼ਖਮੀ ਹੋ ਗਏ।
ਉਨ੍ਹਾਂ ਦੱਸਿਆ ਕਿ ਸਵੇਰੇ 8.30 ਵਜੇ ਉਹ ਜਦ ਦੀਪਕ ਨੂੰ ਲੈ ਕੇ ਸਿਵਲ ਹਸਪਤਾਲ ਇਲਾਜ ਲਈ ਪੁੱਜੇ ਤਾਂ ਡਾਕਟਰ ਦਾ ਰਵੱਈਆ ਲਾਪਰਵਾਹੀ ਵਾਲਾ ਸੀ। ਉਨ੍ਹਾਂ ਦੱਸਿਆ ਕਿ 12 ਵਜੇ ਦੇ ਕਰੀਬ ਜਦ ਦੀਪਕ ਦੀ ਹਾਲਤ ਹੋਰ ਵਿਗੜ ਗਈ ਤਾਂ ਉਹ ਉਸ ਨੂੰ ਪ੍ਰਾਈਵੇਟ ਹਸਪਤਾਲ ਲੈ ਗਏ ਜਿਥੇ ਹਸਪਤਾਲ ਪ੍ਰਬੰਧਨ ਨੇ ਦੱਸਿਆ ਕਿ ਦੀਪਕ ਦੀ ਸਥਿਤੀ ਗੰਭੀਰ ਹੈ ਇਸ ਤੋਂ ਬਾਅਦ ਉਹ ਦੀਪਕ ਨੂੰ ਲੈ ਕੇ ਦੂਜੇ ਨਿੱਜੀ ਹਸਪਤਾਲ ਜਾ ਰਹੇ ਸੀ ਤਾਂ ਰਸਤੇ ਵਿੱਚ ਦੀਪਕ ਨੇ ਦਮ ਤੋੜ ਦਿੱਤਾ। ਉਨ੍ਹਾਂ ਦੱਸਿਆ ਕਿ ਸਿਵਲ ਹਸਪਤਾਲ ਦੇ ਡਾਕਟਰਾਂ ਨੇ ਦੀਪਕ ਨੂੰ ਸਿਰਫ ਇੱਕ ਇੰਜੈਕਸ਼ਨ ਦਿੱਤਾ ਅਤੇ ਉਸ ਦੀ ਪੂਰੀ ਤਰ੍ਹਾਂ ਨਾਲ ਟਰੀਟਮੈਂਟ ਨਹੀਂ ਕੀਤੀ ਗਈ ਜਿਸ ਦੇ ਚਲਦੇ ਦੀਪਕ ਨੇ ਦਮ ਤੋੜਿਆ। ਦੂਜੇ ਪਾਸੇ ਡਮਟਾਲ ਪੁਲੀਸ ਨੇ ਟਿੱਪਰ ਚਾਲਕ ਖਿਲਾਫ ਕਾਰਵਾਈ ਕਰਦੇ ਹੋਏ ਆਈਪੀਸੀ ਦੀ ਧਾਰਾ 279, 237 ਤੇ 304-ਏ ਦੇ ਤਹਿਤ ਕੇਸ ਦਰਜ ਕਰਕੇ ਕਾਰਵਾਈ ਆਰੰਭ ਦਿੱਤੀ ਹੈ।

Previous articleਹਵਾਈ ਸੈਨਾ ਅੱਡੇ ਨੇੜੇ ਨਾਜਾਇਜ਼ ਉਸਾਰੀਆਂ ਢਾਹੁਣ ਦੇ ਨੋਟਿਸ
Next articleਨਾਜਾਇਜ਼ ਸਬੰਧਾਂ ਕਾਰਨ ਪਤੀ ਨੇ ਕੀਤਾ ਸੀ ਪਤਨੀ ਦਾ ਕਤਲ