ਨਾਗਰਿਕਤਾ ਸੋਧ ਕਾਨੂੰਨ ਲਾਗੂ ਹੋਵੇਗਾ: ਅਮਿਤ ਸ਼ਾਹ

ਕੋਲਕਾਤਾ (ਸਮਾਜ ਵੀਕਲੀ) : ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅੱਜ ਪੱਛਮੀ ਬੰਗਾਲ ਦੌਰੇ ਦੇ ਦੂਜੇ ਦਿਨ ਇੱਥੇ ਪ੍ਰੈੱਸ ਕਾਨਫ਼ਰੰਸ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਦੇਸ਼ ਵਿੱਚ ਨਾਗਰਿਕਤਾ ਸੋਧ ਕਾਨੂੰਨ ਲਾਗੂ ਹੋਵੇਗਾ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਇਸ ਕਾਨੂੰਨ ਨੂੰ ਲਾਗੂ ਕਰਨ ਲਈ ਵਚਨਬੱਧ ਹੈ। ਸ੍ਰੀ ਸ਼ਾਹ ਨੇ ਮੁੱਖ ਮੰਤਰੀ ਮਮਤਾ ਬੈਨਰਜੀ ਨੂੰ ਰਾਜ ਵਿੱਚ ਹੋਏ ਸਿਆਸੀ ਕਤਲਾਂ ਸਬੰਧੀ ਇਕ ਵ੍ਹਾਈਟ ਪੇਪਰ ਜਾਰੀ ਕਰਨ ਲਈ ਕਿਹਾ। ਉਨ੍ਹਾਂ ਹੈਰਾਨੀ ਪ੍ਰਗਟਾਈ ਕਿ ਰਾਜ ਸਰਕਾਰ ਕੌਮੀ ਅਪਰਾਧ ਰਿਕਾਰਡ ਬਿਊਰੋ ਨੂੰ ਅੰਕੜੇ ਕਿਉਂ ਨਹੀਂ ਭੇਜਦੀ ਹੈ? ਉਨ੍ਹਾਂ ਕਿਹਾ, ‘‘ਸਾਡਾ ਮਕਸਦ ਵਿਕਾਸ ਦੇ ਇਸ ਨਵੇਂ ਯੁੱਗ ਵਿੱਚ ਇਕ ਮਜ਼ਬੂਤ ਬੰਗਾਲ ਬਣਾਉਣਾ ਹੈ ਜਦੋਂਕਿ ਮਮਤਾ ਬੈਨਰਜੀ ਦਾ ਮਕਸਦ ਆਪਣੇ ਭਤੀਜੇ ਨੂੰ ਅਗਲਾ ਮੁੱਖ ਮੰਤਰੀ ਬਣਾਉਣਾ ਹੈ।’’

ਉਨ੍ਹਾਂ ਦੋਸ਼ ਲਗਾਇਆ ਕਿ ਰਾਜ ਵਿੱਚ ਸਰਕਾਰੀ ਅਧਿਕਾਰੀਆਂ ਦਾ ਸਿਆਸੀਕਰਨ ਤੇ ਅਪਰਾਧੀਕਰਨ ਹੋਇਆ ਹੈ। ਉਨ੍ਹਾਂ ਕਿਹਾ ਕਿ ਪੱਛਮੀ ਬੰਗਾਲ ਵਿੱਚ ਤਿੰਨ ਕਾਨੂੰਨ ਹਨ-ਇਕ ਭਤੀਜੇ ਲਈ, ਇਕ ਘੱਟਗਿਣਤੀ ਨੂੰ ਖੁਸ਼ ਕਰਨ ਲਈ ਅਤੇ ਇਕ ਆਮ ਆਦਮੀ ਲਈ ਹੈ। ਪੱਛਮੀ ਬੰਗਾਲ ਦੇ ਰਾਜਪਾਲ ਜਗਦੀਪ ਧਨਖੜ ਤੇ ਰਾਜ ਸਰਕਾਰ ਵਿਚਾਲੇ ਵਿਵਾਦ ਬਾਰੇ ਉਨ੍ਹਾਂ ਕਿਹਾ ਕਿ ਰਾਜਪਾਲ ਆਪਣੀ ਸੰਵਿਧਾਨਕ ਸੀਮਾ ’ਚ ਰਹਿ ਕੇ ਕੰਮ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਰਾਜਪਾਲ ਖ਼ਿਲਾਫ਼ ਇਸਤੇਮਾਲ ਕੀਤੇ ਗਏ ਸ਼ਬਦ ਬਰਦਾਸ਼ਤਯੋਗ ਨਹੀਂ ਹਨ। ਸੀਨੀਅਰ ਭਾਜਪਾ ਆਗੂ ਆਪਣੇ ਦੋ ਦਿਨਾਂ ਬੰਗਾਲ ਦੌਰੇ ਦੇ ਦੂਜੇ ਦਿਨ ਅੱਜ ਦਕਸ਼ਿਣੇਸ਼ਵਰ ਮੰਦਰ ਪਹੁੰਚੇ। ਮੰਦਰ ਵਿੱਚ ਪੂਜਾ ਕਰਨ ਤੋਂ ਬਾਅਦ ਕੇਂਦਰੀ ਮੰਤਰੀ ਮਸ਼ਹੂਰ ਗਾਇਕ ਪੰਡਤ ਅਜੈ ਚੱਕਰਵਰਤੀ ਦੇ ਸਕੂਲ ਤੇ ਘਰ ‘ਸ਼ਰੁਤੀਨੰਦਨ’ ਗਏ ਜਿੱਥੇ ਉਨ੍ਹਾਂ ਪੰਡਤ ਚੱਕਰਵਰਤੀ ਦੇ ਵਿਦਿਆਰਥੀਆਂ ਤੇ ਪਰਿਵਾਰਕ ਮੈਂਬਰਾਂ ਨਾਲ ਮੁਲਾਕਾਤ ਕੀਤੀ।

Previous articleਦੇਸ਼ ’ਚ ਕਰੋਨਾ ਦੇ ਕੇਸ 84 ਲੱਖ ਤੋਂ ਪਾਰ
Next articleਆਪਣੇ ਲੋਕਾਂ ਦੇ ਹੱਕਾਂ ਦੀ ਬਹਾਲੀ ਤੱਕ ਨਹੀਂ ਮਰਦਾ: ਫਾਰੂਕ