ਮੁਕੇਰੀਆਂ -ਜੰਗਲਾਤ ਖੇਤਰ ਵਿੱਚੋਂ ਖੈਰ ਦੇ ਦਰੱਖਤਾਂ ਦੀ ਨਾਜਾਇਜ਼ ਕਟਾਈ ਦਾ ਸਿਲਸਿਲਾ ਰੁਕਣ ਦਾ ਨਾਮ ਨਹੀਂ ਲੈ ਰਿਹਾ। ਹਾਲ ਵਿੱਚ ਹਾਜੀਪੁਰ ਕੋਲ ਪੈਂਦੇ ਪਾਵਰਹਾਉੂਸ ਤੋਂ ਰੈਲੀ ਤੱਕ ਸੜਕ ਦੇ ਕਿਨਾਰੇ ਤੋਂ ਕਰੀਬ 60 ਤੋਂ ਵੱਧ ਦਰੱਖਤਾਂ ਦੀ ਕਟਾਈ ਕਰ ਲਈ ਗਈ ਹੈ। ਜੰਗਲਾਤ ਵਿਭਾਗ ਦਾ ਦਾਅਵਾ ਹੈ ਕਿ ਇਹ ਕਟਾਈ ਹਿਮਾਚਲ ਪ੍ਰਦੇਸ਼ ਦੇ ਇੱਕ ਗੈਂਗ ਵਲੋਂ ਕੀਤੀ ਜਾ ਰਹੀ ਹੈ। ਪਿਛਲੇ ਕੁਝ ਸਮੇਂ ਅੰਦਰ ਹੀ ਕੰਢੀ ਦੇ ਬਨਕਰਨਪੁਰ, ਬੱਡਲਾ, ਬ੍ਰਿੰਦਾਵਨ, ਸੁਖਚੈਨਪੁਰ ਸਮੇਤ ਕੁਝ ਹੋਰ ਰੇਂਜਾਂ ਵਿੱਚੋਂ ਲੱਖਾਂ ਦੀ ਗਿਣਤੀ ਵਿੱਚ ਦਰੱਖ਼ਤਾਂ ਦੀ ਨਾਜਾਇਜ਼ ਕਟਾਈ ਕੀਤੀ ਜਾ ਚੁੱਕੀ ਹੈ। ਲਗਾਤਾਰ ਕੀਤੀ ਕਟਾਈ ਕਾਰਨ ਕੰਢੀ ਵਿੱਚ ਜੰਗਲਾਤ ਰਕਬੇ ਚੋਂ ਖੈਰ ਦੇ ਦਰੱਖਤ ਲੱਗਪਗ ਗਾਇਬ ਹੋ ਚੁੱਕੇ ਹਨ। ਪਾਵਰਹਾਉੂਸ ਤੋਂ ਰੈਲੀ ਨੂੰ ਜਾਂਦੀ ਸੜਕ ’ਤੇ ਨਹਿਰ ਕਿਨਾਰੇ ਖੈਰ ਦੇ ਕਰੀਬ 60 ਤੋਂ ਵੱਧ ਦਰੱਖਤਾਂ ਦੀ ਕਟਾਈ ਲਗਾਤਾਰ ਕੀਤੀ ਗਈ ਹੈ। ਇਸ ਜੰਗਲਾਤ ਖੇਤਰ ਵਿੱਚ ਬਾਲਣ ਚੁਗਣ ਆਉਂਦੀ ਇੱਕ ਔਰਤ ਅਨੁਸਾਰ ਇਹ ਕਟਾਈ ਦਿਨ ਵੇਲੇ ਕੀਤੀ ਜਾਂਦੀ ਰਹੀ ਅਤੇ ਇਸ ਲਈ ਆਧੁਨਿਕ ਕਟਰ ਵਰਤੇ ਜਾ ਰਹੇ ਹਨ। ਸ਼ਰੇਆਮ ਹੁੰਦੀ ਇਸ ਕਟਾਈ ਨੂੰ ਰੋਕਣ ਲਈ ਅਧਿਕਾਰੀਆਂ ਨੇ ਕਦੇ ਚੁਸਤੀ ਨਹੀਂ ਦਿਖਾਈ। ਦਿਨ ਢਲਦੇ ਹੀ ਇਹ ਲੱਕੜ ਛੋਟੀਆਂ ਗੱਡੀਆਂ ਵਿੱਚ ਭਰ ਕੇ ਇਲਾਕੇ ਦੀਆਂ ਕੱਥਾ ਫੈਕਟਰੀਆਂ ਵਿੱਚ ਪਹੁੰਚ ਜਾਂਦੀ ਹੈ। ਵਿਭਾਗੀ ਸੂਤਰਾਂ ਨੇ ਦੱਸਿਆ ਕਿ ਖੈਰ ਦੀ ਕਟਾਈ ਵਿੱਚ ਜੰਗਲਾਤ ਵਿਭਾਗ ਦੀਆਂ ਕੁਝ ਕਾਲੀਆਂ ਭੇਡਾਂ ਸ਼ਾਮਲ ਹਨ। ਉਨ੍ਹਾਂ ਵਲੋਂ ਇਸ ਕਟਾਈ ਵੱਲ ਕਦੇ ਵੀ ਧਿਆਨ ਨਹੀਂ ਦਿੱਤਾ ਜਾਂਦਾ, ਸਗੋਂ ਇਸ ਨੂੰ ਮਾਮੂਲੀ ਦਰਸਾਉਣ ਲਈ ਦਰਜਨ ਕੁ ਦਰੱਖਤਾਂ ਦੀਆਂ ਮਾਮੂਲੀ ਡੈਮੇਜ ਰਿਪੋਰਟਾਂ ਕਰ ਕੇ ਕਾਗਜ਼ੀ ਖਾਨਪੂਰਤੀ ਪੂਰੀ ਕਰ ਲਈ ਜਾਂਦੀ ਹੈ। ਸੂਤਰ ਅਨੁਸਾਰ ਜੰਗਲਾਤ ਤੇ ਪੰਚਾਇਤੀ ਖੇਤਰ ਵਿੱਚੋਂ ਹੋ ਰਹੀ ਸ਼ਰੇਆਮ ਖੈਰ ਦੇ ਦਰੱਖਤਾਂ ਦੀ ਕਟਾਈ ਕਰ ਕੇ ਲੱਕੜ ਇਲਾਕੇ ਅੰਦਰ ਰਾਜਸੀ ਰਸੂਖਦਾਰਾਂ ਦੇ ਆਰਿਆਂ ਦੇ ਲਾਇਸੰਸ ’ਤੇ ਚੱਲਦੀਆਂ ਨਾਜਾਇਜ਼ ਕੱਥਾ ਫੈਕਟਰੀਆਂ ਨੂੰ ਸਪਲਾਈ ਕੀਤੀ ਜਾ ਰਹੀ ਹੈ। ਪੰਜਾਬ ਕਿਸਾਨ ਸਭਾ ਦੇ ਸੂਬਾ ਜੁਆਇੰਟ ਸਕੱਤਰ ਗੁਰਨੇਕ ਸਿੰਘ ਭੱਜਲ ਨੇ ਕਿਹਾ ਕਿ ਨਿਯਮਾਂ ਅਨੁਸਾਰ ਇੱਕ ਤੈਅ ਸੀਮਾ ਤੋਂ ਵੱਧ ਕੱਟੀ ਗਈ ਲੱਕੜ ਸਬੰਧੀ ਪੁਲੀਸ ਕੇਸ ਦਰਜ ਕਰਾਉਣਾ ਹੁੰਦਾ ਹੈ, ਪਰ ਵਿਭਾਗੀ ਅਧਿਕਾਰੀ ਸੈਂਕੜੇ ਦਰੱਖਤ ਕੱਟੇ ਜਾਣ ਦੇ ਬਾਵਜੂਦ ਵੱਖ ਵੱਖ ਥਾਵੇਂ ਹੋਈ ਕਟਾਈ ਦੱਸ ਕੇ ਖਾਨਪੂਰਤੀ ਲਈ ਜ਼ੁਰਮਾਨੇ ਕਰ ਕੇ ਡੰਗ ਟਪਾ ਰਹੇ ਹਨ।
INDIA ਨਹਿਰ ਦੇ ਕੰਢਿਓਂ ਖੈਰ ਦੇ 60 ਦਰੱਖ਼ਤਾਂ ਦੀ ਨਾਜਾਇਜ਼ ਕਟਾਈ