ਮੰਤਰੀ ਦੀ ਪਤਨੀ ਨੇ ਟਾਟਾ ਕੰਪਨੀ ਦੇ ਅਫਸਰਾਂ ਦੇ ਦਿਮਾਗ ਦੀ ਬੱਤੀ ਜਗਾਈ

ਲੁਧਿਆਣਾ– ਸਮਾਰਟ ਸਿਟੀ ਲੁਧਿਆਣਾ ਵਿੱਚ ਪੁਰਾਣੀਆਂ ਸਟੀਰਟ ਲਾਈਟਾਂ ਬਦਲ ਕੇ ਨਵੀਆਂ ਸਟਰੀਟ ਲਾਈਟਾਂ ਲਗਾਉਣ ਵਾਲੀ ਕੰਪਨੀ ਟਾਟਾ ਪ੍ਰੋਜੈਕਟ ਲਿਮਿਟਡ (ਟੀਪੀਐਲ) ਤੇ ਟਾਟਾ ਸੰਨਜ਼ ਦੇ ਸੀਨੀਅਰ ਅਧਿਕਾਰੀ ਇੱਕ ਵਾਰ ਫਿਰ ਮੰਤਰੀ ਭਾਰਤ ਭੂਸ਼ਣ ਆਸ਼ੂ ਦੀ ਪਤਨੀ ਕੌਂਸਲਰ ਮਮਤਾ ਆਸ਼ੂ ਨਾਲ ਮੀਟਿੰਗ ਕਰਨ ਪੁੱਜੇ। ਐੱਲਈਡੀ ਸਟਰੀਟ ਲਾਈਟਾਂ ਦੇ ਮੁੱਦੇ ’ਤੇ ਟਾਟਾ ਕੰਪਨੀ ਤੇ ਕੌਂਸਲਰ ਮਮਤਾ ਆਸ਼ੂ ਵਿਚਾਲੇ ਕਾਫ਼ੀ ਸਮੇਂ ਤੋਂ ਵਿਵਾਦ ਚੱਲ ਰਿਹਾ ਹੈ। ਕੌਂਸਲਰ ਮਮਤਾ ਆਸ਼ੂ ਕੰਪਨੀ ਦੇ ਕੰਮ ਤੋਂ ਸੰਤੁਸ਼ਟ ਨਹੀਂ ਹੈ ਤੇ ਉਨ੍ਹਾਂ ਨੇ ਪਿਛਲੇ ਦਿਨੀਂ ਮੇਅਰ ਬਲਕਾਰ ਸਿੰਘ ਸੰਧੂ ਨੂੰ ਇਸ ਕੰਪਨੀ ਦਾ ਕਰਾਰ ਖਤਮ ਕਰਨ ਲਈ ਵੀ ਸਿਫ਼ਾਰਿਸ਼ ਕੀਤੀ ਸੀ। ਪਿਛਲੇ ਦਿਨੀਂ ਹੋਈ ਨਗਰ ਨਿਗਮ ਦੀ ਜਨਰਲ ਹਾਊਸ ਮੀਟਿੰਗ ਵਿੱਚ ਵੀ ਇਸ ਮੁੱਦੇ ਨੂੰ ਲੈ ਕੇ ਕਾਫ਼ੀ ਹੰਗਾਮਾ ਹੋਇਆ ਸੀ।
ਮੀਟਿੰਗ ਦੌਰਾਨ ਕੌਂਸਲਰ ਮਮਤਾ ਆਸ਼ੂੂ ਨੇ ਆਖਿਆ ਕਿ ਟਾਟਾ ਕੰਪਨੀ ਪੁਰਾਣੀਆਂ ਸਟਰੀਟ ਲਾਈਟਾਂ ਦੀ ਥਾਂ ਨਵੀਆਂ ਐੱਲ.ਈ.ਡੀ. ਲਾਈਟਾਂ ਲਗਾ ਰਹੀ ਹੈ, ਇਸ ਦੇ ਬਾਵਜੂਦ ਜ਼ਿਆਦਾਤਰ ਐੱਲਈਡੀ ਸਟਰੀਟ ਲਾਈਟਾਂ ਬੰਦ ਪਈਆਂ ਹਨ, ਜਿਸ ਨਾਲ ਸ਼ਹਿਰ ਵਾਸੀਆਂ ਨੂੰ ਬਹੁਤ ਪ੍ਰੇਸ਼ਾਨੀ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਇਕਰਾਰਨਾਮੇ ਦੀਆਂ ਸ਼ਰਤਾਂ ਅਤੇ ਨਿਯਮਾਂ ਅਨੁਸਾਰ ਕੰਪਨੀ ਵੱਲੋਂ ਸਾਰਾ ਕੰਮ 7 ਮਈ 2019 ਤੱਕ ਖਤਮ ਕਰਨਾ ਸੀ, ਪਰ ਅਫ਼ਸੋਸ ਦੀ ਗੱਲ ਹੈ ਕਿ ਕੰਪਨੀ ਨੇ ਅਜੇ ਵੀ ਕੰਮ ਪੂਰਾ ਨਹੀਂ ਕੀਤਾ।
ਉਨ੍ਹਾਂ ਕਿਹਾ ਕਿ ਸ਼ਹਿਰ ਵਿੱਚ ਧੁੰਦ ਪੈਣੀ ਸ਼ੁਰੂ ਹੋ ਗਈ ਹੈ ਅਤੇ ਸਟਰੀਟ ਲਾਈਟਾਂ ਬੰਦ ਪਈਆਂ ਹਨ, ਜਿਸ ਕਾਰਨ ਸ਼ਹਿਰ ਵਾਸੀਆਂ ਨੂੰ ਕਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇ ਕੋਈ ਜਾਇਦਾਦ ਜਾਂ ਜਾਨ ਦਾ ਨੁਕਸਾਨ ਹੋ ਜਾਂਦਾ ਹੈ, ਤਾਂ ਇਸ ਦੀ ਸਾਰੀ ਜ਼ਿੰਮੇਵਾਰੀ ਲੁਧਿਆਣਾ ਸਮਾਰਟ ਸਿਟੀ, ਨਗਰ ਨਿਗਮ ਦੇ ਨਾਲ ਨਾਲ ਟਾਟਾ ਕੰਪਨੀ ਦੀ ਵੀ ਹੋਵੇਗੀ। ਕੌਂਸਲਰ ਆਸ਼ੂ ਨੇ ਕੰਪਨੀ ਦੇ ਅਧਿਕਾਰੀਆਂ ਇਹ ਵੀ ਸਪੱਸ਼ਟ ਕੀਤਾ ਕਿ ਟੀ.ਪੀ.ਐੱਲ. ਦੇ ਕਰਾਰ ਨੂੰ ਵਧਾਉਣ ਸਬੰਧੀ ਕੋਈ ਵੀ ਫੈਸਲਾ ਨਗਰ ਨਿਗਮ ਲੁਧਿਆਣਾ ਦੀ ਆਲ ਪਾਰਟੀ ਮੀਟਿੰਗ ਤੋਂ ਬਾਅਦ ਵਿੱਚ ਕੀਤਾ ਜਾਵੇਗਾ। ਉਨ੍ਹਾਂ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਨੇੜੇ ਦੀਆਂ ਸਟਰੀਟ ਲਾਈਟਾਂ ਚਾਲੂ ਨਾ ਹੋਣ ਦੀ ਸੂਰਤ ਵਿੱਚ ਆਪਣੀਆਂ ਸ਼ਿਕਾਇਤਾਂ ਦਾਇਰ ਕਰਨ ਲਈ ਮੋਬਾਈਲ ਐਪ “ਸਟਰੀਟ ਲਾਈਟ ਕੰਪਲੇਂਟ“ ਦਾ ਪੂਰਾ ਲਾਭ ਲੈਣ। ਕਮੀਟਿੰਗ ਵਿੱਚ ਟਾਟਾ ਸੰਨਜ਼ ਦੇ ਸੀਨੀਅਰ ਅਧਿਕਾਰੀ ਤਨਮੌਏ ਚੱਕਰਵਰਤੀ, ਟੀਪੀਐੱਲ ਤੋਂ ਰਜਿੰਦਰ ਇਨਾਨੀ ਅਤੇ ਕੰਪਨੀ ਦੇ ਕਈ ਹੋਰ ਅਧਿਕਾਰੀਆਂ ਨੇ ਭਰੋਸਾ ਦਿੱਤਾ ਕਿ ਸਾਰੀਆਂ ਸ਼ਿਕਾਇਤਾਂ ਨੂੰ ਪਹਿਲ ਦੇ ਅਧਾਰ ’ਤੇ ਹੱਲ ਕੀਤਾ ਜਾਵੇਗਾ, ਇਸ ਤੋਂ ਇਲਾਵਾ ਇਹ ਪ੍ਰਾਜੈਕਟ ਵੀ ਜਲਦੀ ਹੀ ਪੂਰਾ ਕਰ ਲਿਆ ਜਾਵੇਗਾ।

Previous articleਨਹਿਰ ਦੇ ਕੰਢਿਓਂ ਖੈਰ ਦੇ 60 ਦਰੱਖ਼ਤਾਂ ਦੀ ਨਾਜਾਇਜ਼ ਕਟਾਈ
Next articleਟਰੰਪ-ਮੋਦੀ ਨੇ ਰਣਨੀਤਕ ਸਬੰਧਾਂ ਬਾਰੇ ਕੀਤੀਆਂ ਵਿਚਾਰਾਂ