ਮੁਜ਼ਾਹਰੇ ਤੋਂ ਪਹਿਲਾਂ ਪੁਲੀਸ ਨੇ ਕੁੰਭੜਾ ਘੇਰਿਆ

ਐਸ.ਏ.ਐਸ. ਨਗਰ (ਮੁਹਾਲੀ)- ਸਰਕਾਰੀ ਅੱਤਿਆਚਾਰ ਤੇ ਭ੍ਰਿਸ਼ਟਾਚਾਰ ਵਿਰੋਧੀ ਫਰੰਟ ਦੇ ਪ੍ਰਧਾਨ ਬਲਵਿੰਦਰ ਸਿੰਘ ਕੁੰਭੜਾ ਵੱਲੋਂ ਪੁਲੀਸ ਵਧੀਕੀਆਂ ਖ਼ਿਲਾਫ਼ ਇੱਥੋਂ ਦੇ ਸੈਂਟਰਲ ਥਾਣਾ ਫੇਜ਼-8 ਦਾ ਘਿਰਾਓ ਕਰਕੇ ਡੀਜੀਪੀ ਦਾ ਪੁਤਲਾ ਸਾੜਨ ਦੇ ਉਲੀਕੇ ਪ੍ਰੋਗਰਾਮ ਕਾਰਨ ਪੁਲੀਸ ਨੂੰ ਭਾਜੜਾਂ ਪੈ ਗਈਆਂ।
ਪ੍ਰਾਪਤ ਜਾਣਕਾਰੀ ਅਨੁਸਾਰ ਸ੍ਰੀ ਕੁੰਭੜਾ ਵੱਲੋਂ ਅੱਜ ਆਪਣੇ ਸਮਰਥਕਾਂ ਨਾਲ ਮਿਲ ਕੇ ਡੀਜੀਪੀ ਦਾ ਪੁਤਲਾ ਸਾੜਿਆ ਜਾਣਾ ਸੀ ਪਰ ਵੱਡੀ ਗਿਣਤੀ ਵਿੱਚ ਪੁਲੀਸ ਨੇ ਤੜਕੇ ਹੀ ਦਲਿਤ ਆਗੂ ਦੇ ਘਰ ਦੀ ਘੇਰਾਬੰਦੀ ਕਰਕੇ ਬਿਨਾਂ ਸਰਚ ਵਰੰਟਾਂ ਤੋਂ ਉਸ ਦੇ ਘਰ ਦੀ ਤਲਾਸ਼ੀ ਲਈ ਗਈ। ਪੁਲੀਸ ਨੇ ਘਰ ਪਿਆ ਡੀਜੀਪੀ ਦਾ ਪੁਤਲਾ ਚੁੱਕ ਕੇ ਆਪਣੇ ਕਬਜ਼ੇ ਵਿੱਚ ਲੈ ਲਿਆ ਅਤੇ ਘਰ ਦਾ ਕੋਨਾ ਕੋਨਾ ਛਾਣ ਮਾਰਿਆ।
ਪੁਲੀਸ ਦੀ ਘੇਰਾਬੰਦੀ ਕਾਰਨ ਪ੍ਰਦਰਸ਼ਨਕਾਰੀ ਥਾਣਾ ਦਾ ਘਿਰਾਓ ਨਹੀਂ ਕਰ ਸਕੇ ਪਰ ਜਿਵੇਂ ਹੀ ਪੀੜਤ ਪਰਿਵਾਰ ਅਤੇ ਸਮਰਥਕਾਂ ਨੇ ਪਿੰਡ ਕੁੰਭੜਾ ਵਿੱਚ ਹੀ ਡੀਜੀਪੀ ਦਾ ਪੁਤਲਾ ਸਾੜਨ ਦਾ ਯਤਨ ਕੀਤਾ ਤਾਂ ਪੁਲੀਸ ਕਰਮਚਾਰੀਆਂ ਨੇ ਫਿਰ ਤੋਂ ਪੁਤਲਾ ਖੋਹ ਲਿਆ ਜਿਸ ਕਾਰਨ ਲੋਕਾਂ ਨੇ ਪੁਲੀਸ ਖ਼ਿਲਾਫ਼ ਨਾਅਰੇਬਾਜ਼ੀ ਕਰਦਿਆਂ ਇਨਸਾਫ਼ ਦੀ ਮੰਗ ਕੀਤੀ। ਇਸ ਮੌਕੇ ਪੰਚਾਇਤ ਯੂਨੀਅਨ ਪੰਜਾਬ ਦੇ ਪ੍ਰਧਾਨ ਹਰਮਿੰਦਰ ਸਿੰਘ ਮਾਵੀ ਅਤੇ ਡੈਮੋਕ੍ਰੈਟਿਕ ਸਵਰਾਜ ਪਾਰਟੀ ਦੇ ਪ੍ਰਧਾਨ ਪ੍ਰੋ. ਮਨਜੀਤ ਸਿੰਘ ਨੇ ਵੀ ਪੁਲੀਸ ਵਧੀਕੀਆਂ ਦੀ ਨਿਖੇਧੀ ਕੀਤੀ। ਉਨ੍ਹਾਂ ਕੁੰਭੜਾ ਦੇ ਘਰ ਦੀ ਤਲਾਸ਼ੀ ਲੈਣ ਸਬੰਧੀ ਪੁਲੀਸ ਨੂੰ ਅਦਾਲਤ ਦੇ ਸਰਚ ਵਰੰਟ ਦਿਖਾਉਣ ਲਈ ਆਖਿਆ ਪਰ ਪੁਲੀਸ ਨੂੰ ਕੋਈ ਗੱਲ ਨਹੀਂ ਔੜੀ। ਉਨ੍ਹਾਂ ਕਿਹਾ ਕਿ ਪੀੜਤ ਪਰਿਵਾਰ ਨੂੰ ਇਨਸਾਫ਼ ਲਈ ਰੋਸ ਮੁਜ਼ਾਹਰਾ ਨਾ ਕਰਨ ਦੇਣਾ ਭਾਰਤੀ ਸੰਵਿਧਾਨ ਅਤੇ ਲੋਕਤੰਤਰ ਖ਼ਿਲਾਫ਼ ਹੈ। ਇਸ ਦਾ ਮਨੁੱਖੀ ਅਧਿਕਾਰ ਅਤੇ ਹਾਈ ਕੋਰਟ ਨੂੰ ਗੰਭੀਰ ਨੋਟਿਸ ਲੈਣਾ ਚਾਹੀਦਾ ਹੈ।
ਜ਼ਿਕਰਯੋਗ ਹੈ ਕਿ ਪਿਛਲੀ ਅਕਾਲੀ ਸਰਕਾਰ ਵੇਲੇ ਬਲਵਿੰਦਰ ਕੁੰਭੜਾ ਦੇ ਪਰਿਵਾਰ ’ਤੇ ਅਣਪਛਾਤੇ ਵਿਅਕਤੀਆਂ ਨੇ ਹਮਲਾ ਕੀਤਾ ਸੀ। ਇਸ ਮਾਮਲੇ ’ਚ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਸੀ ਪਰ ਕੁਝ ਸਮਾਂ ਪਹਿਲਾਂ ਪੁਲੀਸ ਨੇ ਅਦਾਲਤ ਵਿੱਚ ਝੂਠੀ ਰਿਪੋਰਟ ਪੇਸ਼ ਕਰਕੇ ਉਲਟਾ ਉਨ੍ਹਾਂ ਖ਼ਿਲਾਫ਼ ਧਾਰਾ 182 ਦੀ ਕਾਰਵਾਈ ਕਰਨ ਦੇ ਆਰਡਰ ਕਰਵਾ ਲਏ। ਪੀੜਤ ਪਰਿਵਾਰ ਪੀੜਤ ਪਰਿਵਾਰ ਨੇ ਇਨਸਾਫ ਲਈ ਅੱਜ ਡੀਜੀਪੀ ਦਾ ਪੁਤਲਾ ਸਾੜ ਕੇ ਰੋਸ ਮੁਜ਼ਾਹਰਾ ਕਰਨ ਦਾ ਪ੍ਰੋਗਰਾਮ ਉਲੀਕਿਆ ਸੀ।
ਇਸ ਮੌਕੇ ਬਲਵਿੰਦਰ ਸਿੰਘ ਮਾਣਕਪੁਰ ਕੱਲਰ, ਅਵਤਾਰ ਸਿੰਘ, ਲਖਵੀਰ ਸਿੰਘ ਬਡਾਲਾ, ਰੇਸ਼ਮ ਸਿੰਘ ਕਾਹਲੋਂ, ਗੁਰਮੁੱਖ ਸਿੰਘ ਢੋਲਣ ਮਾਜਰਾ, ਲਖਮੀਰ ਸਿੰਘ, ਬਲਜੀਤ ਸਿੰਘ ਖਰੜ, ਕ੍ਰਿਸ਼ਨ ਸਿੰਘ, ਸਾਬਕਾ ਕੌਂਸਲਰ ਮੂਣਕ, ਸਾਬਕਾ ਬਲਾਕ ਸਮਿਤੀ ਮੈਂਬਰ ਗੁਰਨਾਮ ਕੌਰ, ਕੁਲਦੀਪ ਕੌਰ, ਸਲਿੰਦਰਜੀਤ ਸਿੰਘ ਸਰਪੰਚ ਪਿੰਡ ਘੋਗਾ, ਬਿੰਦਰ ਸਰਪੰਚ ਪਿੰਡ ਚੋਲਟਾ, ਮਨਜੀਤ ਸਿੰਘ ਤੇ ਹੋਰ ਵਰਕਰ ਮੌਜੂਦ ਸਨ।

Previous articleਜਫ਼ਰ ਤੇ ਦਾਰਾਪੁਰੀ ਲਖ਼ਨਊ ਜੇਲ੍ਹ ’ਚੋਂ ਰਿਹਾਅ
Next articleਨਹਿਰ ਦੇ ਕੰਢਿਓਂ ਖੈਰ ਦੇ 60 ਦਰੱਖ਼ਤਾਂ ਦੀ ਨਾਜਾਇਜ਼ ਕਟਾਈ