ਨਵੀਂ ਦਿੱਲੀ (ਸਮਾਜ ਵੀਕਲੀ): ਬਜਟ ਇਜਲਾਸ ਦੇ ਪਹਿਲੇ ਦਿਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੰਸਦ ਮੈਂਬਰਾਂ ਨੂੰ ਦੇਸ਼ ਦੇ ਲੋਕਾਂ ਨਾਲ ਜੁੜੇ ਅਹਿਮ ਮੁੱਦਿਆਂ ’ਤੇ ਵਿਚਾਰ ਚਰਚਾ ਦਾ ਸੱਦਾ ਦਿੱਤਾ ਹੈ। ਉਨ੍ਹਾਂ ਆਸ ਜਤਾਈ ਕਿ ਸੰਸਦ ਮੈਂਬਰ ਲੋਕਾਂ ਦੀਆਂ ਇੱਛਾਵਾਂ ਨੂੰ ਪੂਰਾ ਕਰਨ ਲਈ ਆਪਣਾ ਯੋਗਦਾਨ ਪਾਉਣ ਤੋਂ ਸੰਕੋਚ ਨਹੀਂ ਕਰਨਗੇ। ਉਨ੍ਹਾਂ ਕਿਹਾ ਕਿ ਸੰਸਦ ਮੈਂਬਰ ਇਸ ਆਸੇ ਦੀ ਪੂਰਤੀ ਲਈ ਸੰਸਦ ਦੀ ਮੁਕੰਮਲ ਵਰਤੋਂ ਕਰਨ ਤੇ ਇਸ ਦੌਰਾਨ ਜਮਹੂਰੀਅਤ ਦੀ ਮਰਿਯਾਦਾ ਦਾ ਪਾਲਣ ਕੀਤਾ ਜਾਵੇ। ਪ੍ਰਧਾਨ ਮੰਤਰੀ ਨੇ ਭਰੋਸਾ ਜਤਾਇਆ ਕਿ ਆਗਾਮੀ ਬਜਟ ਨੂੰ ਸਾਲ 2020 ’ਚ ਪੇਸ਼ ਕੀਤੇ ਮਿੰਨੀ ਬਜਟਾਂ ਦੀ ਲੜੀ ਵਿੱਚ ਹੀ ਵੇਖਿਆ ਜਾਵੇਗਾ। ਬਜਟ ਇਜਲਾਸ ਦੇ ਹੰਗਾਮੇਦਾਰ ਰਹਿਣ ਦੇ ਪੂਰੇ ਆਸਾਰ ਹਨ, ਹਾਲਾਂਕਿ ਅੱਜ ਪਹਿਲੇ ਦਿਨ 16 ਵਿਰੋਧੀ ਪਾਰਟੀਆਂ ਨੇ ਸੰਸਦ ਵਿੱਚ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਦੇ ਭਾਸ਼ਣ ਦਾ ਬਾਈਕਾਟ ਕੀਤਾ।
ਸੰਸਦ ਦਾ ਬਜਟ ਇਜਲਾਸ ਸ਼ੁਰੂ ਹੋਣ ਤੋਂ ਪਹਿਲਾਂ ਸੰਸਦੀ ਅਹਾਤੇ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਦੇਸ਼ ਨੂੰ ਉਮੀਦ ਹੈ ਕਿ ਇਸ ਸੈਸ਼ਨ ਵਿੱਚ ਹਰ ਕਿਸਮ ਦੇ ਵਿਚਾਰ ਪੇਸ਼ ਕੀਤੇ ਜਾਣ ਅਤੇ ਉੱਤਮ ਮੰਥਨ ਤੋਂ ਉੱਤਮ ਅੰਮ੍ਰਿਤ ਨਿਕਲੇ।
ਉਨ੍ਹਾਂ ਕਿਹਾ ਕਿ ਇਹ ਇਸ ਦਹਾਕੇ ਦਾ ਪਹਿਲਾ ਸੈਸ਼ਨ ਹੈ ਤੇ ਇਹ ਦਹਾਕਾ ਭਾਰਤ ਦੇ ਰੌਸ਼ਨ ਭਵਿੱਖ ਲਈ ਬਹੁਤ ਅਹਿਮ ਹੈ। ਉਨ੍ਹਾਂ ਕਿਹਾ, ‘ਦੇਸ਼ ਕੋਲ ਇਹ ਸੁਨਹਿਰੀ ਮੌਕਾ ਹੈ ਕਿ ਉਹ ਆਜ਼ਾਦੀ ਘੁਲਾਟੀਆਂ ਵੱਲੋਂ ਵੇਖੇ ਸੁਪਨਿਆਂ ਨੂੰ ਤੇਜ਼ੀ ਨਾਲ ਪੂਰਾ ਕਰਨ। ਉਹ ਇਸ ਦਹਾਕੇ ਦੀ ਸੁਚੱਜੇ ਤਰੀਕੇ ਨਾਲ ਵਰਤੋਂ ਕਰਨ, ਲਿਹਾਜ਼ਾ ਇਸ ਪੂਰੇ ਦਹਾਕੇ ਨੂੰ ਜ਼ਹਿਨ ’ਚ ਰੱਖਦਿਆਂ ਅਰਥਪੂਰਨ ਨਤੀਜਿਆਂ ਲਈ ਜ਼ਰੂਰੀ ਹੈ ਕਿ ਇਸ ਸੈਸ਼ਨ ਦੌਰਾਨ ਵੱਖ ਵੱਖ ਵਿਚਾਰਾਂ ਰਾਹੀਂ ਚਰਚਾ ਹੋਵੇ।’ ਉਨ੍ਹਾਂ ਕਿਹਾ, ‘ਮੈਨੂੰ ਪੂਰਾ ਯਕੀਨ ਹੈ ਕਿ ਸਾਰੇ ਸੰਸਦ ਮੈਂਬਰ ਇਸ ਸੈਸ਼ਨ ਨੂੰ ਵਧੇਰੇ ਉਸਾਰੂ ਬਣਾਉਣਗੇ।’
ਸ੍ਰੀ ਮੋਦੀ ਨੇ ਕਿਹਾ, ‘ਭਾਰਤ ਦੇ ਇਤਿਹਾਸ ’ਚ ਸ਼ਾਇਦ ਇਹ ਪਹਿਲੀ ਵਾਰ ਹੈ ਜਦੋਂ ਸਾਡੇ ਵਿੱਤ ਮੰਤਰੀ(ਨਿਰਮਲਾ ਸੀਤਾਰਮਨ) ਨੂੰ 2020 ਵਿੱਚ ਵੱਖੋ-ਵੱਖਰੇ ਪੈਕੇਜਾਂ ਦੇ ਰੂਪ ਵਿੱਚ ਚਾਰ ਤੋਂ ਪੰਜ ਮਿੰਨੀ ਬਜਟ ਪੇਸ਼ ਕਰਨੇ ਪਏ ਹਨ।’ ਉਨ੍ਹਾਂ ਕਿਹਾ ਕਿ 2020 ਵਿੱਚ ਇਕ ਤਰ੍ਹਾਂ ਨਾਲ ਮਿੰਨੀ ਬਜਟਾਂ ਦਾ ਸਿਲਸਿਲਾ ਜਾਰੀ ਰਿਹਾ। ਸ੍ਰੀ ਮੋਦੀ ਨੇ ਕਿਹਾ ਕਿ ਅਗਾਮੀ ਬਜਟ ਨੂੰ ਵੀ ਉਨ੍ਹਾਂ ਤਿੰਨ ਤੋਂ ਚਾਰ ਬਜਟਾਂ ਦੀ ਲੜੀ ਵਿੱਚ ਵੇਖਿਆ ਜਾਵੇ। ਉਨ੍ਹਾਂ ਕਿਹਾ, ‘ਮੈਂ, ਦੋਵਾਂ ਸਦਨਾਂ ਦੇ ਹੋਰਨਾਂ ਸੰਸਦ ਮੈਂਬਰ ਨਾਲ ਰਾਸ਼ਟਰਪਤੀ ਦੇ ਸੁਨੇਹੇ ਨੂੰ ਉਨ੍ਹਾਂ ਦੀ ਅਗਵਾਈ ਵਿੱਚ ਹੋਰ ਅੱਗੇ ਲਿਜਾਣ ਲਈ ਵਚਨਬੱਧ ਹਾਂ।’ ਵਿੱਤ ਮੰਤਰੀ ਸੀਤਾਰਮਨ ਸੋਮਵਾਰ ਨੂੰ ਸੰਸਦ ਵਿੱਚ ਬਜਟ ਪੇਸ਼ ਕਰਨਗੇ।