ਯੂਪੀ: ਮਹਾਪੰਚਾਇਤ ਕਿਸਾਨਾਂ ਦੀ ਪਿੱਠ ’ਤੇ ਆਈ

*ਪੱਛਮੀ ਯੂਪੀ ਦੇ ਸ਼ਹਿਰ ’ਚ ਸੈਂਕੜੇ ਟਰੈਕਟਰਾਂ ਨੇ ਲਾਇਆ ਜਾਮ

ਮੁਜ਼ੱਫਰਨਗਰ (ਸਮਾਜ ਵੀਕਲੀ): ਉੱਤਰ ਪ੍ਰਦੇਸ਼ ਦੇ ਮੁਜ਼ੱਫ਼ਰਨਗਰ ਵਿਚ ਅੱਜ ਭਾਰਤੀ ਕਿਸਾਨ ਯੂਨੀਅਨ (ਬੀਕੇਯੂ) ਦੀ ਅਗਵਾਈ ਵਿਚ ਖੇਤੀ ਕਾਨੂੰਨਾਂ ਖ਼ਿਲਾਫ਼ ਰੋਸ ਪ੍ਰਗਟਾਉਣ ਲਈ ਰੱਖੀ ਗਈ ‘ਮਹਾਪੰਚਾਇਤ’ ਵਿਚ ਹਜ਼ਾਰਾਂ ਕਿਸਾਨ ਇਕੱਠੇ ਹੋ ਗਏ। ਜਥੇਬੰਦੀ ਨੇ ਅੰਦੋਲਨ ਕਰ ਰਹੇ ਕਿਸਾਨਾਂ ਨੂੰ ਹਮਾਇਤ ਦੇਣ ਦਾ ਐਲਾਨ ਕੀਤਾ।

ਜਥੇਬੰਦੀ ਦਾ ਰੋਸ ਧਰਨਾ ਪਹਿਲਾਂ ਹੀ ਦਿੱਲੀ-ਉੱਤਰ ਪ੍ਰਦੇਸ਼ ਸਰਹੱਦ ’ਤੇ ਗਾਜ਼ੀਪੁਰ ਵਿਚ ਚੱਲ ਰਿਹਾ ਹੈ। ਗਾਜ਼ੀਪੁਰ ਵਿਚ ਵੀਰਵਾਰ ਬੀਕੇਯੂ ਆਗੂ ਰਾਕੇਸ਼ ਟਿਕੈਤ ਦੇ ਭਾਵੁਕ ਹੋ ਕੇ ਰੋਣ ਅਤੇ ਸਥਾਨਕ ਪ੍ਰਸ਼ਾਸਨ ਵੱਲੋਂ ਦੋ ਮਹੀਨਿਆਂ ਤੋਂ ਦਿੱਲੀ ਦੀ ਹੱਦ ਉਤੇ ਬੈਠੇ ਕਿਸਾਨਾਂ ਨੂੰ ਜਬਰੀ ਹਟਾਏ ਜਾਣ ਦੀਆਂ ਸੂਚਨਾਵਾਂ ਫੈਲਣ ਤੋਂ ਬਾਅਦ ਅੱਜ ਲੱਗਿਆ ਜਿਵੇਂ ਸਾਰੇ ਮਾਰਗ ਪੱਛਮੀ ਯੂਪੀ ਦੇ ਮੁਜ਼ੱਫਰਨਗਰ ਵੱਲ ਹੀ ਜਾ ਰਹੇ ਹੋਣ। ਮਹਾਵੀਰ ਚੌਕ ਲਾਗੇ ਜੀਆਈਸੀ ਮੈਦਾਨ ਪੂਰਾ ਭਰ ਗਿਆ ਤੇ ਲੋਕਾਂ ਦਾ ਹੜ੍ਹ ਆ ਗਿਆ।

ਵੇਰਵਿਆਂ ਮੁਤਾਬਕ ਸੈਂਕੜੇ ਟਰੈਕਟਰ ਤਿਰੰਗਿਆਂ ਤੇ ਕਿਸਾਨ ਜਥੇਬੰਦੀਆਂ ਦੇ ਝੰਡਿਆਂ ਨਾਲ ਸ਼ਹਿਰ ਦੀਆਂ ਸੜਕਾਂ ਉਤੇ ਜਮ੍ਹਾਂ ਹੋ ਗਏ ਤੇ ਜਾਮ ਲੱਗ ਗਿਆ। ਸਥਾਨਕ ਕਿਸਾਨ ਆਗੂਆਂ ਨੇ ਇਸ ਮੌਕੇ ਮਾਈਕ ਤੋਂ ਯੂਪੀ ਗੇਟ, ਗਾਜ਼ੀਪੁਰ ਉਤੇ ਬੈਠੇ ਮੁਜ਼ਾਹਰਾਕਾਰੀਆਂ ਨੂੰ ਆਪਣਾ ਸਮਰਥਨ ਦਿੱਤਾ। ਪੂਰੇ ਖਿੱਤੇ ਵਿਚੋਂ ਇਕੱਠੇ ਹੋਏ ਕਿਸਾਨਾਂ ਲਈ ਮੁਜ਼ੱਫਰਨਗਰ ਇਕੱਠ ਦਾ ਕੇਂਦਰ ਹੋ ਨਿੱਬੜਿਆ। ਰਾਸ਼ਟਰੀ ਲੋਕ ਦਲ (ਆਰਐਲਡੀ) ਦੇ ਆਗੂ ਅਜੀਤ ਸਿੰਘ ਨੇ ਵੀ ਬੀਕੇਯੂ ਨੂੰ ਸਮਰਥਨ ਦਿੱਤਾ ਤੇ ਉਨ੍ਹਾਂ ਦੇ ਪੁੱਤਰ ਜੈਯੰਤ ਚੌਧਰੀ ਨੇ ਵੀ ‘ਮਹਾਪੰਚਾਇਤ’ ਵਿਚ ਸ਼ਿਰਕਤ ਕੀਤੀ।

ਸਾਬਕਾ ਕੇਂਦਰੀ ਮੰਤਰੀ ਅਜੀਤ ਸਿੰਘ ਨੇ ਬੀਕੇਯੂ ਪ੍ਰਧਾਨ ਨਰੇਸ਼ ਟਿਕੈਤ ਤੇ ਜਥੇਬੰਦੀ ਦੇ ਬੁਲਾਰੇ ਰਾਕੇਸ਼ ਟਿਕੈਤ ਨਾਲ ਵੀ ਗੱਲਬਾਤ ਕੀਤੀ ਹੈ। ਆਰਐਲਡੀ ਦੀ ਸਥਾਪਨਾ ਕਰਨ ਵਾਲੇ ਅਜੀਤ ਸਿੰਘ ਸਾਬਕਾ ਪ੍ਰਧਾਨ ਮੰਤਰੀ ਤੇ ਕਿਸਾਨ ਆਗੂ ਚੌਧਰੀ ਚਰਨ ਸਿੰਘ ਦੇ ਪੁੱਤਰ ਹਨ। ਜੈਯੰਤ ਚੌਧਰੀ ਨੇ ਕਿਹਾ ਕਿ ਅਜੀਤ ਸਿੰਘ ਨੇ ਸੁਨੇਹਾ ਦਿੱਤਾ ਹੈ ਕਿ ‘ਇਹ ਕਿਸਾਨਾਂ ਲਈ ਜ਼ਿੰਦਗੀ-ਮੌਤ ਦਾ ਸੁਆਲ ਹੈ, ਪਰ ਚਿੰਤਾ ਦੀ ਲੋੜ ਨਹੀਂ। ਸਾਰਿਆਂ ਨੂੰ ਇਕੱਠੇ ਰਹਿਣ, ਇਕਜੁੱਟ ਰਹਿਣ ਦੀ ਲੋੜ ਹੈ। ਜ਼ਿਕਰਯੋਗ ਹੈ ਕਿ ਟਿਕੈਤ ਭਰਾ ਉੱਘੇ ਕਿਸਾਨ ਆਗੂ ਮਹੇਂਦਰ ਟਿਕੈਤ ਦੇ ਬੇਟੇ ਹਨ।

Previous articleਨਵਾਂ ਦਹਾਕਾ ਭਾਰਤ ਦੇ ਰੌਸ਼ਨ ਭਵਿੱਖ ਲਈ ਅਹਿਮ: ਮੋਦੀ
Next articleਰਾਕੇਸ਼ ਟਿਕੈਤ ਸੱਚਾ ਦੇਸ਼ ਭਗਤ: ਦਿਗਵਿਜੈ