ਨਵਰੀਤ ਕੇਸ: ਐਕਸਰੇਅ ਰਿਪੋਰਟ ਦੀ ਪੜਤਾਲ ਲਈ ਬੋਰਡ ਬਣਾਉਣ ਦੇ ਨਿਰਦੇਸ਼

ਨਵੀਂ ਦਿੱਲੀ (ਸਮਾਜ ਵੀਕਲੀ) : ਗਣਤੰਤਰ ਦਿਵਸ ਮੌਕੇ ਕਿਸਾਨ ਟਰੈਕਟਰ ਪਰੇਡ ਦੌਰਾਨ ਨਵਰੀਤ ਸਿੰਘ ਦੀ ਮੌਤ ਦੇ ਮਾਮਲੇ ’ਚ ਦਿੱਲੀ ਹਾਈ ਕੋਰਟ ਨੇ ਦਿੱਲੀ ਦੇ ਸਿਹਤ ਸਕੱਤਰ ਨੂੰ ਨਿਰਦੇਸ਼ ਦਿੱਤੇ ਹਨ ਕਿ ਉਹ ਨੌਜਵਾਨ ਕਿਸਾਨ ਦੇ ਐਕਸਰੇਅ ਰਿਪੋਰਟ ਦੀ ਪੜਤਾਲ ਲਈ ਮਾਹਿਰਾਂ ਦਾ ਬੋਰਡ ਬਣਾਉਣ। ਜਸਟਿਸ ਯੋਗੇਸ਼ ਖੰਨਾ ਨੇ ਮੌਲਾਨਾ ਆਜ਼ਾਦ ਮੈਡੀਕਲ ਕਾਲਜ ਦੇ ਡਾਕਟਰਾਂ ਨੂੰ ਵੀ ਕਿਹਾ ਹੈ ਕਿ ਉਹ ਅਸਲ ਐਕਸਰੇਅ ਪਲੇਟ ਤੋਂ ਐਕਸਰੇਅ ਰਿਪੋਰਟ ਤਿਆਰ ਕਰਨ ਜੋ ਦਿੱਲੀ ਪੁਲੀਸ ਨੂੰ ਉੱਤਰ ਪ੍ਰਦੇਸ਼ ਪੁਲੀਸ ਤੋਂ ਮਿਲੀ ਹੈ। ਹਾਈ ਕੋਰਟ ਨੇ ਕਿਹਾ ਹੈ ਕਿ ਰਿਪੋਰਟ ਦੀ ਪੜਤਾਲ ਮੈਡੀਕਲ ਅਤੇ ਫੋਰੈਂਸਿਕ ਮਾਹਿਰਾਂ ’ਤੇ ਆਧਾਰਿਤ ਬੋਰਡ ਵੱਲੋਂ ਕੀਤੀ ਜਾਵੇ। ਅਦਾਲਤ ਨੇ ਕੇਸ ਦੀ ਸੁਣਵਾਈ 14 ਅਪਰੈਲ ’ਤੇ ਪਾ ਦਿੱਤੀ ਹੈ।

ਇਸ ਤੋਂ ਪਹਿਲਾਂ ਦਿੱਲੀ ਪੁਲੀਸ ਨੇ ਅਦਾਲਤ ਨੂੰ ਦੱਸਿਆ ਸੀ ਕਿ ਉਨ੍ਹਾਂ ਯੂਪੀ ਪੁਲੀਸ ਨੂੰ ਐਕਸਰੇਅ ਦੀ ਅਸਲ ਪਲੇਟ ਅਤੇ ਪੋਸਟਮਾਰਟਮ ਦਾ ਵੀਡੀਓ ਦੇਣ ਦੀ ਬੇਨਤੀ ਕੀਤੀ ਸੀ ਪਰ ਰਾਮਪੁਰ ਪੁਲੀਸ ਦੇ ਅਧਿਕਾਰੀਆਂ ਅਤੇ ਹਸਪਤਾਲ ਨੇ ਇਨਕਾਰ ਕਰਦਿਆਂ ਕਿਹਾ ਸੀ ਕਿ ਜਦੋਂ ਤੱਕ ਅਦਾਲਤ ਇਸ ਬਾਰੇ ਹੁਕਮ ਨਹੀਂ ਦਿੰਦੀ, ਉਹ ਕੋਈ ਵੀ ਰਿਪੋਰਟ ਨਹੀਂ ਦੇਣਗੇ। ਯੂਪੀ ਪੁਲੀਸ ਦੇ ਵਕੀਲ ਅਤੇ ਹਸਪਤਾਲ ਦੇ ਸੀਐੱਮਓ ਨੇ ਕਿਹਾ ਸੀ ਕਿ ਉਨ੍ਹਾਂ ਕੋਲ ਐਕਸਰੇਅ ਰਿਪੋਰਟ ਨਹੀਂ ਹੈ ਅਤੇ ਅਦਾਲਤ ਵੱਲੋਂ ਤੈਅ ਕੀਤੇ ਗਏ ਸਮੇਂ ਤੇ ਤਰੀਕ ’ਤੇ ਉਹ ਦਿੱਲੀ ਪੁਲੀਸ ਨੂੰ ਐਕਸਰੇਅ ਪਲੇਟ ਤੇ ਪੋਸਟਮਾਰਟਮ ਦੀ ਰਿਪੋਰਟ ਸੌਂਪ ਦੇਣਗੇ।

ਪਟੀਸ਼ਨਰ ਵੱਲੋਂ ਪੇਸ਼ ਹੋਈ ਵਕੀਲ ਵਰਿੰਦਾ ਗਰੋਵਰ ਨੇ ਐਕਸਰੇਅ ਅਤੇ ਪੋਸਟਮਾਰਟਮ ਰਿਪੋਰਟ ਦੀ ਕਾਪੀ ਮੰਗੀ ਸੀ। ਵਕੀਲ ਸੌਤਿਕ ਬੈਨਰਜੀ ਰਾਹੀਂ ਦਾਖ਼ਲ ਕੀਤੀ ਗਈ ਅਰਜ਼ੀ ’ਚ ਮੰਗ ਕੀਤੀ ਸੀ ਕਿ ਅਦਾਲਤ ਦੀ ਨਿਗਰਾਨੀ ਹੇਠ ਵਿਸ਼ੇਸ਼ ਜਾਂਚ ਟੀਮ ਬਣਾ ਕੇ ਨੌਜਵਾਨ ਕਿਸਾਨ ਦੀ ਮੌਤ ਦੀ ਜਾਂਚ ਕੀਤੀ ਜਾਵੇ। ਦਿੱਲੀ ਪੁਲੀਸ ਨੇ ਦੀਨ ਦਿਆਲ ਉਪਾਧਿਆਏ ਮਾਰਗ ’ਤੇ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਦੇ ਆਧਾਰ ’ਤੇ ਕਿਹਾ ਹੈ ਕਿ ਨਵਰੀਤ ਤੇਜ਼ ਰਫ਼ਤਾਰ ਨਾਲ ਟਰੈਕਟਰ ਚਲਾ ਰਿਹਾ ਸੀ ਅਤੇ ਬੈਰੀਕੇਡਾਂ ਨਾਲ ਟਕਰਾਉਣ ਮਗਰੋਂ ਟਰੈਕਟਰ ਪਲਟ ਗਿਆ ਸੀ।

Previous articleਐਂਟੀਲੀਆ ਕੇਸ: ਪਰਮਬੀਰ ਸਿੰਘ ਦੀ ਪੁਲੀਸ ਕਮਿਸ਼ਨਰ ਵਜੋਂ ਛੁੱਟੀ
Next articleਰਾਜਪਾਲ ਨਾ ਵੀ ਰਿਹਾ ਤਾਂ ਵੀ ਕਿਸਾਨਾਂ ਦੇ ਹੱਕ ’ਚ ਬੋਲਾਂਗਾ: ਮਲਿਕ