ਰਾਜਪਾਲ ਨਾ ਵੀ ਰਿਹਾ ਤਾਂ ਵੀ ਕਿਸਾਨਾਂ ਦੇ ਹੱਕ ’ਚ ਬੋਲਾਂਗਾ: ਮਲਿਕ

ਨਵੀਂ ਦਿੱਲੀ (ਸਮਾਜ ਵੀਕਲੀ) : ਤਿੰਨ ਖੇਤੀ ਕਾਨੂੰਨਾਂ ਖ਼ਿਲਾਫ਼ ਸੰਘਰਸ਼ ਦੇ ਰਾਹ ਪਏ ਕਿਸਾਨਾਂ ਦੀ ਹਮਾਇਤ ਵਿੱਚ ਨਿੱਤਰਦਿਆਂ ਮੇਘਾਲਿਆ ਦੇ ਰਾਜਪਾਲ ਸੱਤਿਆ ਪਾਲ ਮਲਿਕ ਨੇ ਅੱਜ ਕਿਹਾ ਕਿ ਸਰਕਾਰ ਵੱਲੋਂ ‘ਅਹੁਦੇ ਤੋਂ ਲਾਂਭੇ ਕਰਨ ਦੇ ਬਾਵਜੂਦ ਉਹ ਕਿਸਾਨਾਂ ਦੇ ਹੱਕ ਵਿੱਚ ਆਵਾਜ਼ ਬੁਲੰਦ ਕਰਦੇ ਰਹਿਣਗੇ।’ ਮਲਿਕ ਨੇ ਦਾਅਵਾ ਕੀਤਾ ਕਿ ਦਿੱਲੀ ਦੀਆਂ ਸਰਹੱਦਾਂ ’ਤੇ ਪਿਛਲੇ ਚਾਰ ਮਹੀਨਿਆਂ ਤੋਂ ਚੱਲ ਰਹੇ ਅੰਦੋਲਨ ਕਰਕੇ ਯੂਪੀ, ਰਾਜਸਥਾਨ ਤੇ ਹਰਿਆਣਾ ਵਿੱਚ ਭਾਜਪਾ ਦੀ ਹਮਾਇਤ ਨੂੰ ਖੋਰਾ ਲੱਗੇਗਾ।

ਇਕ ਟੀਵੀ ਚੈਨਲ ਨੂੰ ਦਿੱਤੀ ਇੰਟਰਵਿਊ ਦੌਰਾਨ ਰਾਜਪਾਲ ਮਲਿਕ ਨੇ ਕਿਹਾ, ‘ਜਦੋਂ ਇਕ ਕੁੱਤੇ ਦੀ ਮੌਤ ਹੁੰਦੀ ਹੈ ਤਾਂ ਅਫ਼ਸੋਸ ਕੀਤਾ ਜਾਂਦਾ ਹੈ, ਪਰ ਕਿਸਾਨ ਅੰਦੋਲਨ ਦੌਰਾਨ ਹੁਣ ਤੱਕ 250 ਕਿਸਾਨਾਂ ਦੀ ਜਾਨ ਜਾਂਦੀ ਰਹੀ ਹੈ, ਪਰ ਅਜੇ ਤੱਕ ਕਿਸੇ ਨੇ ਹਮਦਰਦੀ ਦਾ ਇਕ ਬੋਲ ਨਹੀਂ ਬੋਲਿਆ।’ ਉਨ੍ਹਾਂ ਕਿਹਾ, ‘ਜੇ ਕਿਸਾਨਾਂ ਦਾ ਸੰਘਰਸ਼ ਇਸੇ ਤਰ੍ਹਾਂ ਜਾਰੀ ਰਿਹਾ ਤਾਂ ਉਹ ਦਿਨ ਦੂਰ ਨਹੀਂ ਜਦੋਂ ਪੱਛਮੀ ਯੂਪੀ, ਰਾਜਸਥਾਨ ਤੇ ਹਰਿਆਣਾ ਵਿੱਚ ਭਾਜਪਾ ਆਪਣਾ ਆਧਾਰ ਗੁਆ ਬੈਠੇਗੀ।’ ਰਾਜਪਾਲ ਨੇ ਦਾਅਵਾ ਕੀਤਾ ਕਿ ਉਨ੍ਹਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਕਿਸਾਨਾਂ ਦੇ ਪ੍ਰਦਰਸ਼ਨ ਬਾਰੇ ਗੱਲਬਾਤ ਕੀਤੀ ਸੀ।

ਉਨ੍ਹਾਂ ਕਿਹਾ, ‘ਕਿਸਾਨਾਂ ਨੂੰ ਖਾਲੀ ਹੱਥ ਨਾ ਮੋੜਿਆ ਜਾਵੇ। ਸਰਕਾਰ ਨੂੰ ਜਲਦੀ ਹੀ ਉਨ੍ਹਾਂ ਨਾਲ ਗੱਲਬਾਤ ਦਾ ਰਾਹ ਖੋਲ੍ਹਣਾ ਚਾਹੀਦਾ ਹੈ।’ ਆਪਣੇ ਵਿਵਾਦਿਤ ਬਿਆਨ ਬਾਰੇ ਕੋਈ ਫ਼ਿਕਰ ਹੋਣ ਬਾਰੇ ਪੁੱਛੇ ਜਾਣ ’ਤੇ ਮਲਿਕ ਨੇ ਕਿਹਾ, ‘ਜੇ ਸਰਕਾਰ ਨੂੰ ਲੱਗਦਾ ਹੈ ਕਿ ਮੈਂ ਉਨ੍ਹਾਂ ਨੂੰ ਨੁਕਸਾਨ ਪਹੁੰਚਾ ਰਿਹਾਂ ਤਾਂ ਫਿਰ ਮੈਂ (ਅਹੁਦੇ ਤੋਂ) ਲਾਂਭੇ ਹੋ ਜਾਵਾਂਗਾ। ਪਰ ਇਸ ਦੇ ਬਾਵਜੂਦ ਵੀ ਮੈਂ ਬੋਲਾਂਗਾ।’ ਰਾਜਪਾਲ ਨੇ ਕਿਹਾ, ‘ਮੈਂ ਕਿਸਾਨਾਂ ਦੀ ਇਹ ਹਾਲਤ ਨਹੀਂ ਵੇਖ ਸਕਦਾ। ਲੋਕਾਂ ਵੱਲੋਂ ਵਿਧਾਇਕਾਂ ਦੀ ਕੁੱਟਮਾਰ ਕਰਕੇ ਭਾਜਪਾ ਆਗੂ ਆਪਣੇ ਪਿੰਡਾਂ ’ਚ ਤੜਨ ਲਈ ਮਜਬੂਰ ਹਨ। ਸਰਕਾਰ ਨੂੰ ਨੁਕਸਾਨ ਪਹੁੰਚਾਉਣ ਵਾਲੇ ਉਹ ਲੋਕ ਹਨ, ਜੋ ਨਹੀਂ ਚਾਹੁੰਦੇ ਕਿ ਇਸ ਮਸਲੇ ਦਾ ਕੋਈ ਹੱਲ ਨਿਕਲੇ। ਮੇਰੇ ਇਸ ਬਿਆਨ ਨਾਲ ਪਾਰਟੀ ਨੂੰ ਕੋਈ ਨੁਕਸਾਨ ਨਹੀਂ ਹੋਣਾ, ਬਲਕਿ ਕਿਸਾਨਾਂ ਨੂੰ ਲੱਗੇਗਾ ਕਿ ਕੋਈ ਤਾਂ ਹੈ ਜੋ ਉਨ੍ਹਾਂ ਲਈ ਬੋਲ ਰਿਹਾ ਹੈ।’

Previous articleਨਵਰੀਤ ਕੇਸ: ਐਕਸਰੇਅ ਰਿਪੋਰਟ ਦੀ ਪੜਤਾਲ ਲਈ ਬੋਰਡ ਬਣਾਉਣ ਦੇ ਨਿਰਦੇਸ਼
Next articleBirmingham leaders call for Covid inquiry