(ਸਮਾਜ ਵੀਕਲੀ)
ਗਵਾਂਢ ਸ਼ਬਦ ਵਿਚਲੀਆਂ ਗ ਤੇ ਵ ਧੁਨੀਆਂ ਦੇ ਅਰਥਾਂ ਦੀ ਪੜਤਾਲ ਕਰਨ ਲਈ ਜੇਕਰ ਅਸੀਂ ਇਹਨਾਂ ਨੂੰ ਅੱਗੇ-ਪਿੱਛੇ ਕਰਕੇ ਅਰਥਾਤ ਗਵ (ਗਵ+ਆਂਢ ਵਿਚਲਾ) ਦੀ ਥਾਂ ‘ਵਗ’ ਸ਼ਬਦ ਬਣਾ ਕੇ ਵੀ ਦੇਖ ਲਈਏ ਤਾਂ ਵੀ ਇਹਨਾਂ ਦੇ ਅਰਥ ਇਹੋ ਹੀ ਨਿਕਲ਼ਦੇ ਹਨ, ਜਿਵੇਂ: ਵਗ ਜਾਂ ਵਗਣਾ ਅਰਥਾਤ ਅੱਗੇ ਜਾਂ ਦੂਜੇ ਪਾਸੇ ਵੱਲ ਜਾਣਾ। ਇਸੇ ਤਰ੍ਹਾਂ ਵੇਗ (ਵ ਅਤੇ ਗ ਧੁਨੀਆਂ ਤੋਂ ਹੀ ਬਣਿਆ ਹੋਇਆ) ਸ਼ਬਦ ਦੇ ਕੋਸ਼ਗਤ ਅਰਥ ਹਨ- ਪ੍ਰਵਾਹ, ਵਹਾਅ, ਤੇਜ਼ ਚਾਲ ਜਾਂ ਜ਼ੋਰ ਆਦਿ।
ਜ਼ਾਹਰ ਹੈ ਕਿ ਇਸ ਸ਼ਬਦ ਦੇ ਅਰਥ ਵੀ ਇਸ ਵਿਚਲੀਆਂ ਧੁਨੀਆਂ ਵ ਅਤੇ ਗ ਕਾਰਨ ਹੀ ਬਣੇ ਹਨ (ਵ ਧੁਨੀ ਦੇ ਅਰਥਾਂ ਬਾਰੇ ਵਿਸਤ੍ਰਿਤ ਵੇਰਵਾ ਕਿਸੇ ਵੱਖਰੇ ਲੇਖ ਵਿੱਚ) ਅਤੇ ਗੰਵਾਚ (ਹਿੰਦੀ) ਜਾਂ ਗੁਆਚ (ਪੰਜਾਬੀ) ਵਿੱਚ ਗ ਅਤੇ ਵ ਧੁਨੀਆਂ ਦੇ ਅਰਥ ਵੀ ਕਿਸੇ ਚੀਜ਼ ਦਾ ਇੱਕ ਥਾਂ ਤੋਂ ਚੁੱਕੇ ਜਾਣ ਜਾਂ ਚੁਰਾਏ ਜਾਣ ਕਰਕੇ ਕਿਸੇ ਹੋਰ ਥਾਂ/ ਦੂਜੀ ਥਾਂ ‘ਤੇ ਚਲੇ ਜਾਣਾ ਜਾਂ ਕਿਸੇ ਵੀ ਕਾਰਨ ਉਸ ਜਗ੍ਹਾ ਤੋਂ ਲੁਪਤ ਹੋ ਜਾਣਾ ਹੀ ਹਨ। ਗਵਨਾ, ਗੌਣਾ ਜਾਂ ਮੁਕਲਾਵਾ ਸ਼ਬਦਾਂ ਵਿੱਚ ਵੀ ਪਹਿਲੇ ਦੋ ਅੱਖਰਾਂ ਗ ਤੇ ਵ ਦੇ ਅਰਥ ਵਿਆਹ ਤੋਂ ਬਾਅਦ ਲੜਕੀ ਦਾ ਦੂਜੀ ਵਾਰ ਸਹੁਰੇ ਘਰ ਜਾਣਾ ਹੀ ਹਨ।
ਘੋੜੀ ਦੀ ‘ਵਾਗ’ ਸ਼ਬਦ ਭਾਵੇਂ ਸੰਸਕ੍ਰਿਤ ਦੇ ‘ਵਲਗਾ’ ਸ਼ਬਦ ਤੋਂ ਬਣਿਆ ਦੱਸਿਆ ਜਾਂਦਾ ਹੈ ਪਰ ਧੁਨੀਆਂ ਦੇ ਅਰਥਾਂ ਅਨੁਸਾਰ ਇਹਨਾਂ ਸ਼ਬਦਾਂ ਦੇ ਅਰਥ ਲਗ-ਪਗ ਇੱਕ ਹੀ ਹਨ- ਘੋੜੇ ਜਾਂ ਘੋੜੀ ਨੂੰ ਕਾਬੂ ਵਿੱਚ ਰੱਖ ਕੇ ਦੂਜੀ ਥਾਂ ਲਿਜਾਣ ਵਾਲੀ ਅਰਥਾਤ ‘ਲਗਾਮ’। ‘ਵਗਲ਼’ ਜਾਂ ‘ਵਲਗਣ’ ਦੇ ਕੋਸ਼ਗਤ ਅਰਥ ਹਨ- ਘੇਰਾ; ਕਿਸੇ ਖ਼ਾਸ ਹੱਦ ਅੰਦਰ ਵਲ਼ੀ ਜਾਂ ਰੋਕੀ ਹੋਈ ਥਾਂ, ਕੰਧ ਜਾਂ ਵਾੜ ਨਾਲ਼ ਘਿਰੀ ਹੋਈ ਜ਼ਮੀਨ। ਇਸ ਦੇ ਧੁਨੀਗਤ ਅਰਥ ਹਨ- ਇੱਕ ਥਾਂ ਤੋਂ ਲਿਜਾਈ ਗਈ ਰੇਖਾ ਜਾਂ ਹੱਦਬੰਦੀ ਜੋ ਉੱਥੇ ਹੀ ਆ ਕੇ ਖ਼ਤਮ ਹੋਵੇ, ਜਿੱਥੋਂ ਸ਼ੁਰੂ ਕੀਤੀ ਗਈ ਸੀ।
ਸੋ, ਇਹਨਾਂ ਸ਼ਬਦਾਂ ਵਿੱਚ ਵੀ ਵ ਅਤੇ ਗ ਧੁਨੀਆਂ ਦੇ ਅਰਥ ਉਪਰੋਕਤ ਅਰਥਾਂ ਅਨੁਸਾਰ ਹੀ “ਇੱਕ ਥਾਂ ਤੋਂ ਦੂਜੀ ਥਾਂ ਤੱਕ ਜਾਣਾ” ਹੀ ਹਨ। ਇਸੇ ਤਰ੍ਹਾਂ “ਵਗਾਹ ਕੇ ਮਾਰਨਾ ਜਾਂ ਸੁੱਟਣਾ” ਸ਼ਬਦਾਂ ਵਿੱਚ ‘ਵਗਾਹ’ ਸ਼ਬਦ ਵਿਚਲੀਆਂ ਧੁਨੀਆਂ ਵ ਅਤੇ ਗ ਦੇ ਅਰਥ- (ਜ਼ੋਰ ਨਾਲ਼) ਦੂਜੀ ਥਾਂ ਸੁੱਟਣਾ ਹੀ ਹਨ। ਕਹਿਣ ਦਾ ਭਾਵ ਇਹ ਹੈ ਕਿ ਕਿਸੇ ਧੁਨੀ ਜਾਂ ਅੱਖਰ ਦੇ ਅਰਥਾਂ ਨੂੰ ਪਰਖਣ ਦਾ ਸਹੀ ਤੇ ਸਟੀਕ ਢੰਗ ਇਹੋ ਹੀ ਹੈ ਕਿ ਜੇਕਰ ਸੰਬੰਧਿਤ ਧੁਨੀ ਦੇ ਅਰਥ ਹਰ ਇੱਕ ਸ਼ਬਦ ਵਿੱਚ ਉਹੋ ਹੀ ਰਹਿੰਦੇ ਹਨ ਜੋਕਿ ਕਿਸੇ ਇੱਕ ਸ਼ਬਦ ਵਿੱਚ ਹਨ ਤਾਂ ਉਸ ਧੁਨੀ ਦੇ ਉਹ ਅਰਥ ਬਿਲਕੁਲ ਸਹੀ ਹਨ ਤੇ ਜੇਕਰ ਅਜਿਹਾ ਨਹੀਂ ਹੈ ਤਾਂ ਉਸ ਦੇ ਉਹ ਅਰਥ ਬਿਲਕੁਲ ਗ਼ਲਤ ਹਨ ਅਤੇ ਫਿਰ ਇਹ ਵਿਧਾ ਜਾਂ ਪੱਧਤੀ ਵੀ ਗ਼ਲਤ ਹੈ।
ਗੁਰਬਾਣੀ ਅਨੁਸਾਰ ਵੀ ‘ਬੂਡਤ’ ਅਤੇ ‘ਡੂਬਤ’ ਸ਼ਬਦਾਂ ਦੇ ਅਰਥ ਪਹਿਲੀਆਂ ਦੋ ਧੁਨੀਆਂ ਦੇ ਅੱਗੜ-ਪਿੱਛੜ ਹੋ ਜਾਣ ਦੇ ਬਾਵਜੂਦ ਇੱਕ ਹੀ ਹਨ। ਉਪਰੋਕਤ ਗੱਲ ਨੂੰ ਪਾਠਕ ਆਪ ਵੀ ਅਜ਼ਮਾ ਕੇ ਦੇਖ ਸਕਦੇ ਹਨ ਪਰ ਇਸ ਸੰਬੰਧ ਵਿੱਚ ਜਿਹੜੀ ਇੱਕ ਗੱਲ ਯਾਦ ਰੱਖਣ ਵਾਲ਼ੀ ਹੈ, ਉਹ ਇਹ ਹੈ ਕਿ ਗ ਧੁਨੀ ਦੇ ਕੁਝ ਅਰਥ ਹੋਰ ਵੀ ਹਨ ਜਿਨ੍ਹਾਂ ਦਾ ਜ਼ਿਕਰ ਅਗਲੇ ਕਿਸੇ ਲੇਖ ਵਿੱਚ ਕੀਤਾ ਜਾਵੇਗਾ।
ਇਸ ਪ੍ਰਕਾਰ ਅਸੀਂ ਦੇਖਦੇ ਹਾਂ ਕਿ ਸ਼ਬਦਾਂ ਵਿੱਚ ਜਿਵੇਂ-ਜਿਵੇਂ ਧੁਨੀਆਂ ਬਦਲਦੀਆਂ ਹਨ, ਸ਼ਬਦਾਂ ਦੇ ਅਰਥ ਵੀ ਉਹਨਾਂ ਧੁਨੀਆਂ ਦੇ ਅਨੁਸਾਰ ਹੀ ਬਦਲਦੇ ਜਾਂਦੇ ਹਨ। ਸ਼ਬਦ-ਬਣਤਰ ਦਾ ਵਿਗਿਆਨਿਕ ਅਤੇ ਭਾਸ਼ਾ-ਵਿਗਿਆਨਿਕ ਅਾਧਾਰ ਵੀ ਇਹੋ ਹੀ ਹੈ। ਸ਼ੁਰੂ-ਸ਼ੁਰੂ ਵਿੱਚ ਪਹਿਲਾਂ ਧੁਨੀਆਂ ਹੀ ਬਣੀਆਂ ਸਨ, ਫਿਰ ਉਹਨਾਂ ਦੇ ਅਰਥ ਨਿਰਧਾਰਿਤ ਕੀਤੇ ਗਏ ਅਤੇ ਫਿਰ ਧੁਨੀਆਂ ਦੇ ਅਰਥਾਂ ਦੇ ਆਧਾਰ ‘ਤੇ ਹੀ ਸ਼ਬਦ ਹੋਂਦ ਵਿੱਚ ਆਏ ਸਨ।
ਧੁਨੀਆਂ ਦੇ ਅਰਥਾਂ ਨੂੰ ਵਿਸਾਰ ਕੇ ਸ਼ਬਦ-ਵਿਉਤਪਤੀ ਦੀਆਂ ਪੈੜਾਂ ਕੱਢਣੀਆਂ ਨਿਰਾ ਪਾਣੀ ‘ਚ ਮਧਾਣੀ ਫੇਰਨ ਅਤੇ ਹਵਾ ਵਿੱਚ ਤਲਵਾਰਾਂ ਚਲਾਉਣ ਦੇ ਬਰਾਬਰ ਹੈ। ਸੋ, ਉਪਰੋਕਤ ਚਰਚਾ ਅਨੁਸਾਰ ਗ ਅਤੇ ਵ ਧੁਨੀਆਂ ਦੇ ਉੱਪਰ ਦੱਸੇ ਅਰਥ ਬਿਲਕੁਲ ਸਹੀ ਹਨ ਅਤੇ ਇਹਨਾਂ ਧੁਨੀਆਂ ਦਾ ਗਵਾਂਢ ਸ਼ਬਦ ਬਣਾਉਣ ਵਿੱਚ ਬਹੁਤ ਮਹੱਤਵਪੂਰਨ ਯੋਗਦਾਨ ਹੈ।
ਜਸਵੀਰ ਸਿੰਘ ਲੰਗੜੋਆ
ਸੰਪਰਕ ਨੰਬਰ-9888403052
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly