ਇੱਕ ਨਜ਼ਮ

ਸੁਖਦੇਵ ਸਿੱਧੂ

…….ਸ਼ਬਦਾਂ ਦੀ ਆਤਮਾਂ ਵੱਲੋਂ ਤਾਨਾਸ਼ਾਹੀ ਕੁਸ਼ਬਦਾਂ ਨੂੰ ਲਲਕਾਰ !

 

(ਸਮਾਜ ਵੀਕਲੀ)

ਸ਼ਬਦ ਸ਼ਬਦਾਂ ਦੀ ਪਵਿੱਤਰ ਕੁੱਖ ਵਿੱਚੋਂ ਜਨਮਦੇ ਆਏ ,
ਸ਼ਬਦ ਬ੍ਰਹਿਮੰਡ ਵਿੱਚ ਪਲਰਦੇ,
ਸ਼ਬਦ ਸਾਰੀ ਕਾਇਨਾਤ ਨੂੰ ਪਛਾਣਦੇ,
ਗੂੜੀ ਜਗਿਆਸਾ ਰੱਖਦੇ ਨੇ ,
ਸ਼ਬਦ ਕੁਸ਼ਬਦਾਂ ਦੀਆਂ,
ਬੋਈਮਾਨ ਬੇਈਮਾਨ ਜੁਗਤਾਂ ਘੜਤਾਂ ਨੂੰ,
ਅਲਫੑ ਨੰਗਿਆਂ ਕਰ ਜਾਂਦੇ !
ਸ਼ਬਦ ਮਹਿਕਦੇ,
ਸ਼ਬਦ ਟਹਿਕਦੇ,
ਸ਼ਬਦਾਂ ਨੂੰ ਸ਼ਬਦਾਂ ਦੀ ਭੁੱਖ ਲਗਦੀ,
ਤਾਂ ਸ਼ਬਦ ਚੌਵੀ ਘੰਟੇ ਇਸ ਭੁੱਖ ਦਾ,
ਇੱਕ ਵਰਣਮਾਲਾ ਵਿੱਚ,
ਇੱਕ ਨਵੀਂ ਜਾਗੋ ਨੂੰ ਹਲੂਣਾ ਦੇਣ ਲਈ,
ਭੁੱਖ ਦੀ ਗੁਲਾਮੀ ਦੀਆਂ ਜ਼ੰਜੀਰਾਂ ਤੋੜਨ ਲਈ,
ਕੁੱਝ ਸ਼ਬਦ ਹੋਰ ਪੁੰਗਰ ਜਾਂਦੇ ।
ਸ਼ਬਦ ਸਚਾਈ ਫਰੋਲਣ ਲਈ,
ਸਿਸਕੀਆਂ ਭਰਦੇ,
ਤਾਂ ਹੀ ਸ਼ਬਦ,
ਗਤੀਸ਼ੀਲ ਹਿਲਜੁਲ ਕਰਦੇ,
ਪਰ ਸ਼ਬਦਾਂ ਵਾਲਿਆਂ ਦੀ ਵਿਆਕਰਣ,
ਧੱਕੜਸ਼ਾਹ ਕੁਸ਼ਬਦਾਂ ਵਾਲਿਆਂ ਨੂੰ ਸਹਿਣ ਨਹੀਂ ਹੁੰਦੀ !
ਗੂੰਗੀ ਬੋਲੀ,
ਕੁਸ਼ਬਦੀ ਹਕੂਮਤ ਦੀਆਂ ਅੱਖਾ ਵਿੱਚ ਰੜਕਦੇ,
ਸ਼ਬਦਾਂ ਨੂੰ ,
ਬੇੜੀਆਂ ਵਿੱਚ ਨਰੜ ਦਿੱਤਾ ਜਾਂਦੈ,
ਜਾਲਮ ਹਕੂਮਤ ਦੇ ਜ਼ਬਰ ਅੰਦਰ,
ਸ਼ਬਦਾਂ ਨੂੰ ਸਾਥੀ ਸ਼ਬਦਾਂ ਤੋਂ ,
ਥਰਡ ਡਿਗਰੀ ਤਸ਼ੱਦਦ ਕਰਦਿਆਂ,
ਸਦਾ ਸਦਾ ਲਈ ‘ ਲੁਕੋ ‘ ਦਿੱਤਾ ਜਾਂਦੈ !
ਕਦੇ ਸ਼ਬਦਾਂ ਨੂੰ,
ਮੁਨਸਫ ਵੱਲੋਂ,
ਜਮਾਨਤ ਦੇਣ ਤੋਂ ਰੁਕਵਾ ਲਿਆ ਜਾਂਦੈ,
ਸ਼ਬਦਾਂ ਦੇ ਜਮਹੂਰੀ ਹੱਕਾਂ ਨੂੰ ਉਧਾਲਿਆ ਜਾਂਦੈ,
ਸ਼ਬਦਾਂ ਨੂੰ ਕੁਦਰਤੀ ਨਿਆਂ ਤੋਂ ਵੀ ਮਰਹੂਮ ਰੱਖਿਆ ਜਾਂਦੈ !
ਸ਼ਬਦਾਂ ਨੂੰ ਸ਼ਬਦ ਹੋਣ ਦਾ ‘ ਸਬਕ ‘ ਸਿਖਾਇਆ ਜਾਂਦੈ !
ਪਰ ਇਹ ਪਰਚੰਡ ਲੋਕ ਲਹਿਰ ਦੇ ਸ਼ਬਦ,
ਜੇਲ੍ਹਾਂ ਤੋਂ ਨਹੀਂ ਡਰਦੇ,
ਇਨਾਂ ਸ਼ਬਦਾਂ ਦੇ ਜਲ ਦੀ ਹੋਂਦ ਵਰਗੇ ਪਵਿੱਤਰ ਵਿਸ਼ਵਾਸ,
ਰਾਜਕੀ ਲਾਲਚਾਂ ਵਿੱਚ ਨਹੀਂ ਵਿਚਰਦੇ,
ਸ਼ਬਦ ਤਮਗਿਆਂ ਨੂੰ ਨਿਖੇੜਦੇ ਮਿੱਧਦੇ ,
ਸ਼ਬਦ ਜਾਗੀਰਾਂ ਦੀ ਮੁੱਠ ਨੂੰ ,
ਥੂਹ ਕਹਿੰਦੇ,ਥੂਹ ਕਰਦੇ !
ਸ਼ਬਦ ਕੌੜੇ ਵੀ ਹੁੰਦੇ ਨੇ,
ਸ਼ਬਦ ਕੰਡੇ ਵੀ ਹੁੰਦੇ ਨੇ,
ਸ਼ਬਦ ਮਿੱਠੇ ਵੀ ਹੁੰਦੇ ਨੇ ,
ਸ਼ਬਦ ਠੰਡੇ ਵੀ ਹੁੰਦੇ ਨੇ
ਸ਼ਬਦ ਕੁਸ਼ਬਦਾਂ ਲਈ ਭਿਆਨਕ ਖਾਰੇ ਵੀ ਹੁੰਦੇ ਨੇ,
ਸ਼ਬਦ ਆਪਣੀ ਹੋਂਦ ਸਥਿਰਤਾ ਵਿੱਚ ਭਾਰੇ ਵੀ ਹੁੰਦੇ ਨੇ!
ਸ਼ਬਦਾਂ ਦੇ ਜੂਝਵੇਂ ਇਮਤਿਹਾਨ ਹੁੰਦੇ ਨੇ,
ਸ਼ਬਦਾਂ ਨੂੰ ਸ਼ਬਦ ਸਨਮਾਨ ਦਿੰਦੇ ਨੇ !
ਸ਼ਬਦ ਰੋਹੀਲੀ, ਗਰਜਵੀਂ ਰੌਂਅ ਵਿੱਚੋਂ ਲਾਵਾ ਵੀ ਉਗਲਦੇ ਨੇ,
ਪਰ ਕੁਸ਼ਬਦ ਸਦਾ ਛਲਾਵੇ ਵਿੱਚ ਨਿੱਘਰਦੇ ਨੇ!
ਸ਼ਬਦ ਸੰਜੀਦਗੀ ਰੱਖਦੇ,
ਸ਼ਬਦ ਸ਼ਬਦਾਂ ਲਈ,
ਸਹਿਣਸ਼ੀਲਤਾ ਵਾਲਾ ਰਾਗ ਲਿਖਦੇ ,
ਸ਼ਬਦ ਧੀਰਜਤਾ ਦੇ ਸੋਮੇ ਬਣਦੇ,
ਪਰ ਕੋਈ ਸ਼ਬਦ ਕਦੇ ਨਾ ਕਦੇ ,
ਘੋਰ ਉਦਾਸੀ ਦੀ ਬੁੱਕਲ ਵਿੱਚ ਲੁਕ ਜਾਂਦੈ,
ਜਾਂ ਕੋਈ ਸ਼ਬਦ,
ਆਤਮਾ ਨੂੰ ਹਾਜ਼ਰ ਨਾਜ਼ਰ ਰੱਖਣ ਲਈ,
ਸੋਚਾਂ ਦੀ ਡੂੰਘੀ ਸਮਾਧੀ ਨੂੰ ਅਖਤਿਆਰਦੈ ਝੁਕ ਜਾਂਦੈ।
ਉਹ ਸਾਰੇ ਵੰਨਗੀ ਦੇ ਸ਼ਬਦ,
ਫਿਰ ਲੋਕ ਲਾਮਬੰਦੀ ਦੇ ਅਗਲੇ ਸ਼ਬਦਾਂ ਦੇ ਹਮਸਾਏ ਬਣ ਜਾਂਦੇ ।
ਸ਼ਬਦ ਕ੍ਰਾਂਤੀ ਨੂੰ ਤਲੀ ਤੇ ਟਿਕਾਉਂਦੇ,
ਫਿਰ ਸ਼ਬਦਾਂ ਚੋਂ ਹਥਿਆਰ ਬਾਹਰ ਆਉਂਦੇ,
ਸ਼ਬਦ ਬਾਰੂਦ ਨੂੰ ਆਸਥਾ ਨੇਹਚਾ ਸੰਗ ਸੁੰਘ ਸੁੰਘ ਭਾਲਦੇ,
ਸ਼ਬਦ ਲੋਹਾ ਉੱਬਲਦੀ ਭੱਠੀ ਨੂੰ ਦੇਖਦੇ ਨਿਹਾਰਦੇ ,
ਦਹਿਕਦੇ ਅੰਗਿਆਰ ਬਣਨ ਦੇ ਪੜਾਅ ਵੱਲ ਨੂੰ ਵਧਦੇ,
ਇੱਕ ਨਵੇਂ ਉਸਾਰੂ ਬਦਲ ਲਈ ਹੋਕੇ ਮਾਰਦੇ !
ਹਾਂ ਸੱਚਮੁੱਚ ਸ਼ਬਦਾਂ ਨੂੰ ,
ਜਦ ਉਹ ਲਹੂ ਦੀ ਜੂਨ ਹੰਢਾਉਂਦੇ ਹਨ,
ਤਾਂ ਮਿਹਨਤਕਸ਼ ਲੋਕਾਂ ਨੂੰ ਗਲ਼ ਨਾਲ ਲਾ ਕੇ,
ਬੇਤਹਾਸ਼ਾ ਮੁਸਕਰਾਉਂਦੇ ਹਨ !
ਸ਼ਬਦ ਵਿਛੜੇ ਸ਼ਬਦਾਂ ਲਈ,
ਜਖਮੀਆਂ ਲਈ,
ਨਕਾਰਾ ਕਰ ਦਿੱਤਿਆਂ ਲਈ,
ਲੋਕ ਦੋਖੀ ਕੁਸ਼ਬਦਾਂ ਵਾਲਿਆਂ ਦੀਆਂ ਖਾਕੀ ਰਫਲਾਂ ਦੇ,
ਝੂਠੇ ਮੁਕਾਬਲਿਆਂ ਬਾਰੇ ਪਿੱਟਦੇ ਵਾਰਸਾਂ ਲਈ,
ਲਾਲ ਸੁਰਖ ਐਕਸ਼ਨ ਦਾ ਐਲਾਨ ਕਰ ਦਿੰਦੇ !
ਸ਼ਬਦ,ਗੁਰੀਲਾ ਟਾਕਰਾ ਵੀ ਪਹਿਨ ਸਕਦੇ ।
ਸ਼ਬਦ ਕੁਸ਼ਬਦਾਂ ਵੱਲੋਂ ਰਜਾ ਜਾਂ ਭਾਣਾ ਮੰਨਣ ਤੇ,
ਕੁਸ਼ਬਦਾਂ ਨੂੰ’ ਭਾਣਾ ਮੰਨਣ ‘ ਦਾ ਸਬਕ ਪੜ੍ਹਾ ਦਿੰਦੇ !
ਇਸ ਲਈ ਸ਼ਬਦ ,
ਕੁਸ਼ਬਦਾਂ ਨੂੰ ਲਲਕਾਰੇ ਮਾਰਦੇ ਕਿ ,
ਜਾਂ ਤਾਂ ਉਹ ਸ਼ਬਦਾਂ ਦੀ ਜੂਨ ਵਿੱਚ ਆ ਜਾਣ,
ਜਾਂ ਆਪਣੀਆਂ ਜਾਲਮ ਗੁਫਾਵਾਂ ਅੰਦਰ ਦੜ ਜਾਣ,
ਤੇ ਸ਼ਬਦਾਂ ਵਿੱਚ ਵੜਨ ਦਾ ਹੌਂਸਲਾ ਤੋੜ ਲੈਣ,
ਸ਼ਬਦ ਕਿਤੇ ਬੁਰੇ ਕੁਸ਼ਬਦਾਂ ਦੀ ਸੰਘੀ ਨਾ ਫੜ ਲੈਣ।
ਸ਼ਬਦਾਂ ਦੇ ਚਿਹਰਿਆਂ ਤੇ ,
ਕਿੰਨਾ ਸਥਾਈ ਜਲੌਅ ਹੁੰਦੈ,
ਜਦ ਕੋਈ ਨਵਾਂ ਸ਼ਬਦ ਉਸ ਪਾਲ਼ ਵਿੱਚ ਦਸਤਕ ਦਿੰਦੈ !
ਸ਼ਬਦ ਜਾਗਦੇ ਰਹਿੰਦੇ ਨੇ,
ਸ਼ਬਦ ਇਨਕਲਾਬੀ ਸੱਥਾਂ ਵਿੱਚ,
ਸ਼ਬਦ ਸ਼ਬਦਾਂ ਦੇ ਸ਼ਹਾਦਤੀ ਕਾਨਫਰੰਸਾਂ ਦੀਆਂ ਹਾਜਰੀਆਂ ਵਿੱਚ,
ਆਪਣਾ ਮੁਲੰਕਣ ਕਰਦੇ ਹਨ,
ਜਿੱਥੇ ਸ਼ਹਾਦਤ ਪੁਗਾ ਗਏ ਸ਼ਬਦ ਵੀ,
ਆਪਣੀ ਸਾਖ਼ਸ਼ਾਤ ਹਾਜਰੀ ਲਵਾਉਂਦੇ ਰਹਿੰਦੇ ਹਨ !
ਸ਼ਾਲਾ ਦੁਨੀਆਂ ਦੀ ਧਰਤੀ,
ਸ਼ਬਦ ਸ਼ਬਦਾਂ ਨੂੰ ਸਵੀਕਾਰਦੀ ਰਹੇ,
ਦੁਨੀਆਂ ਦੀ ਧਰਤੀ ,
ਕੁਸ਼ਬਦਾਂ ਨੂੰ ਲਿਤਾੜਦੀ ਰਹੇ ।
ਹਨੇਰਿਆਂ ਦਾ ਫਸਤਾ ਵੱਢਦੀ ਰਹੇ,
ਚਾਨਣਾ ਨੂੰ ਸਦਾ ਵੰਡਦੀ ਰਹੇ !
ਤਾਨਾਸ਼ਾਹੀ ਹਕੂਮਤ ਨੂੰ ਰੱਦਦੀ ਰਹੇ !

ਸੁਖਦੇਵ ਸਿੱਧੂ

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਧੁਨੀਆਂ ਦੇ ਅਰਥਾਂ ਨੂੰ ਪਰਖਣ ਦੀ ਕਸੌਟੀ ਕੀ ਹੈ?
Next article“ਹੁੰਦਿਆਂ ਸੁੰਦਿਆਂ”