ਧਨੇਰ ਦੇ ਹਰ ਦਿਲ ’ਚ ਧੜਕਦਾ ਹੈ ਮਨਜੀਤ

ਜ਼ਿਲ੍ਹਾ ਬਰਨਾਲਾ ਦਾ ਪਿੰਡ ਧਨੇਰ ਅੱਜ-ਕੱਲ੍ਹ ਰਾਤਾਂ ਜਾਗ ਕੇ ਕੱਟ ਰਿਹਾ ਹੈ। ਜਦੋਂ ਮਾਮਲਾ ਧੀਆਂ ਭੈਣਾਂ ਦੀ ਇੱਜ਼ਤ ਦੇ ਰਾਖੇ ਦਾ ਹੋਵੇ, ਉਦੋਂ ਜੂਹਾਂ ਨੂੰ ਜਾਗਣਾ ਹੀ ਪੈਂਦਾ ਹੈ। ਪਿੰਡ ਧਨੇਰ ਦੇ ਦਿਲ ’ਚ ਮਨਜੀਤ ਧੜਕ ਰਿਹਾ ਹੈ। ਕੋਈ ਘਰ ਦੁਆ ਕਰ ਰਿਹਾ ਹੈ ਤੇ ਕੋਈ ਗਲੀ ਜੋਸ਼ ’ਚ ਦੂਹਰੀ ਹੋ ਰਹੀ ਹੈ। ਛੋਟਾ ਜਿਹਾ ਪਿੰਡ ਧਨੇਰ, ਹਕੂਮਤਾਂ ਦੀ ਨਜ਼ਰ ਤੋਂ ਦੂਰ ਹੈ, ਲੋਕ ਸੰਘਰਸ਼ਾਂ ਦੇ ਨੇੜੇ ਹੈ। ਹੁਣ ਪਿੰਡ ਧਨੇਰ ਦੇ ਸਮੁੱਚੇ ਲੋਕਾਂ ਨੇ ਪ੍ਰਣ ਲਿਆ ਹੈ ਕਿ ਮਨਜੀਤ ਦੇ ਚੁੱਲ੍ਹੇ ਵਿੱਚ ਘਾਹ ਨਹੀਂ ਉਗਣ ਦਿਆਂਗੇ। ਜਦੋਂ ਮਹਿਲ ਕਲਾਂ ਦੀ ਸਕੂਲੀ ਬੱਚੀ ਕਿਰਨਜੀਤ ਨਾਲ ਕਰੀਬ 22 ਵਰ੍ਹੇ ਪਹਿਲਾਂ ਅਨਰਥ ਹੋਇਆ ਸੀ, ਉਦੋਂ ਹੀ ਪਿੰਡ ਧਨੇਰ ਸੁਰਖੀਆਂ ਵਿੱਚ ਆਇਆ ਸੀ। ਭਾਰਤੀ ਕਿਸਾਨ ਯੂਨੀਅਨ (ਡਕੌਂਦਾ) ਦੇ ਕਿਸਾਨ ਆਗੂ ਮਨਜੀਤ ਸਿੰਘ ਧਨੇਰ ਨੇ ਕਿਰਨਜੀਤ ਕੌਰ ਨੂੰ ਇਨਸਾਫ਼ ਦਿਵਾਉਣ ਲਈ ਪਿੰਡੋਂ ਪੈਰ ਪੁੱਟਿਆ। ਉਹ ਉਦੋਂ ਤਕ ਬੇਚੈਨ ਰਿਹਾ ਜਦੋਂ ਤਕ ਦੋਸ਼ੀ ਸਲਾਖਾਂ ਪਿਛੇ ਨਾ ਚਲੇ ਗਏ। ਹੁਣ 42 ਧਿਰਾਂ ’ਤੇ ਆਧਾਰਤ ਸੰਘਰਸ਼ ਕਮੇਟੀ ਨੇ ਮਨਜੀਤ ਧਨੇਰ ਦੀ ਸਜ਼ਾ ਰੱਦ ਕਰਾਉਣ ਲਈ ਬਰਨਾਲਾ ਜੇਲ੍ਹ ਅੱਗੇ ਮੋਰਚਾ ਲਾਇਆ ਹੈ। ਗੂੰਜ ਦੇਸ਼-ਵਿਦੇਸ਼ ਤੱਕ ਜਾ ਪੁੱਜੀ ਹੈ। ਸੰਘਰਸ਼ ਕਮੇਟੀ ਦਾ ਮੈਂਬਰ ਨਰਾਇਣ ਦੱਤ ਆਖਦਾ ਹੈ ਕਿ ਦਿੱਲੀ ਹੁਣ ਦੂਰ ਨਹੀਂ। ਇਕੱਲਾ ਪਿੰਡ ਧਨੇਰ ਨਹੀਂ, ਪੂਰੇ ਖ਼ਿੱਤੇ ’ਚ ਮਨਜੀਤ ਧਨੇਰ ਨੂੰ ਧੀਆਂ ਦੇ ਰਾਖੇ ਵਜੋਂ ਦੇਖਿਆ ਜਾਂਦਾ ਹੈ। ਜਦੋਂ ਮਨਜੀਤ ਜੇਲ੍ਹ ਜਾਣ ਲੱਗਾ ਤਾਂ ਉਹ ਉਸ ਤੋਂ ਪਹਿਲਾਂ ਪਿੰਡ ਦੀਆਂ ਦਰਜਨਾਂ ਸਕੂਲੀ ਬੱਚੀਆਂ ਨੂੰ ਮਿਲਿਆ। ਬਾਰਵੀਂ ਕਲਾਸ ਦੀ ਬੱਚੀ ਦਾ ਪ੍ਰਤੀਕਰਮ ਇੰਝ ਸੀ ਕਿ ‘ਮਨਜੀਤ ਅੰਕਲ’ ਦੀ ਬਦੌਲਤ ਹੀ ਸਕੂਲੀ ਬੱਚੀਆਂ ਲਈ ਘਰਾਂ ’ਚੋਂ ਬਾਹਰ ਪੈਰ ਪੁੱਟਣ ਦਾ ਮਾਹੌਲ ਬਣਿਆ ਹੈ। ਗਿਆਰਵੀਂ ਕਲਾਸ ਦੀ ਇੱਕ ਹੋਰ ਲੜਕੀ ਦਾ ਪ੍ਰਤੀਕਰਮ ਸੀ ਕਿ ‘ਅੰਕਲ’ ਨੇ ਮਾਪਿਆਂ ਨੂੰ ਸਹਿਮ ਦੇ ਮਾਹੌਲ ’ਚੋਂ ਕੱਢਿਆ। ਜਦੋਂ ਮਨਜੀਤ ਜੇਲ੍ਹ ਲਈ ਪਿੰਡੋਂ ਰਵਾਨਾ ਹੋਇਆ ਤਾਂ ਉਸ ਵੇਲੇ ਇਨ੍ਹਾਂ ਬੱਚੀਆਂ ਵੱਲੋਂ ਕੀਤੇ ਸੁਆਲ ਛੋਟੇ ਨਹੀਂ ਸਨ, ਜਿਵੇਂ ‘ਦੋਸ਼ੀ ਧਨਾਢਾਂ ਨਾਲ ਮੱਥਾ ਲਾਉਣ ਵੇਲੇ ਥੋਨੂੰ ਡਰ ਨਹੀਂ ਲੱਗਿਆ’?, ‘ਪਰਿਵਾਰ ਛੱਡ ਕੇ ਜੇਲ੍ਹ ਜਾ ਰਹੇ ਹੋ, ਕੋਈ ਮਲਾਲ ਤਾਂ ਨਹੀਂ’ ?, ਤੁਸੀਂ ਬਚਪਨ ਤੋਂ ਹੀ ਏਦਾਂ ਦੇ ਸੀ ? ਜੁਆਬ ’ਚ ਮਨਜੀਤ ਧਨੇਰ ਨੇ ਬਾਬੇ ਨਾਨਕ ਤੇ ਸ਼ਹੀਦ ਭਗਤ ਸਿੰਘ ਦਾ ਫਲਸਫ਼ਾ ਸਮਝਾਇਆ। ਮਨਜੀਤ ਧਨੇਰ ਨੇ ਵਿਦਾ ਹੋਣ ਤੋਂ ਪਹਿਲਾਂ ਵਾਅਦਾ ਕੀਤਾ ਕਿ ਉਹ ਜਲਦੀ ਪਰਤ ਆਏਗਾ। ਪਿੰਡ ਧਨੇਰ ਦੇ ਚੌਕੀਦਾਰ ਮਹਿੰਦਰ ਸਿੰਘ ਦਾ ਕਹਿਣਾ ਸੀ ਕਿ ਮਨਜੀਤ ਨੇ ਪੂਰੀ ਜ਼ਿੰਦਗੀ ਜਬਰ ਖਿਲਾਫ ਲੜਨ ਵਿੱਚ ਲਾ ਦਿੱਤੀ ਤੇ ਕਿਸੇ ਨਾਲ ਕੋਈ ਧੱਕਾ ਨਹੀਂ ਹੋਣ ਦਿੱਤਾ। ਉਨ੍ਹਾਂ ਆਖਿਆ ਕਿ ਪਿੰਡ ਧਨੇਰ ਦਾ ਅਸਲ ਚੌਕੀਦਾਰ ਤਾਂ ਮਨਜੀਤ ਹੀ ਹੈ। ਦੱਸ ਦੇਈਏ ਪਿੰਡ ਧਨੇਰ ਵਿੱਚ 350 ਕੁ ਘਰ ਹਨ ਅਤੇ ਵੱਡੀ ਗਿਣਤੀ ਦਲਿਤ ਪਰਿਵਾਰਾਂ ਦੀ ਹੈ। ਹੁਣ ਜਦੋਂ ਮਨਜੀਤ ਧਨੇਰ ਖਾਤਰ ਮੋਰਚਾ ਲੱਗਾ ਹੈ ਤਾਂ ਸਮੁੱਚਾ ਪਿੰਡ ਇੱਕੋ ਮੋਰੀ ਨਿਕਲ ਰਿਹਾ ਹੈ। ਪਿੰਡ ਦਾ ਕੋਈ ਘਰ ਵਿਰੋਧੀ ਵਿਚਾਰ ਵੀ ਰੱਖਦਾ ਹੈ ਤਾਂ ਉਹ ਹੁਣ ਚੁੱਪ ਹੈ। ਪਿੰਡ ਧਨੇਰ ਚੋਂ ਔਰਤਾਂ ਨਿੱਤ ਮੋਰਚੇ ‘ਚ ਪੁੱਜਦੀਆਂ ਹਨ। ਪਿੰਡ ਦੇ ਸਰਕਾਰੀ ਪ੍ਰਾਇਮਰੀ ਸਕੂਲ ਦੇ ਇੰਚਾਰਜ ਅਧਿਆਪਕ ਪਲਵਿੰਦਰ ਸਿੰਘ ਦਾ ਕਹਿਣਾ ਸੀ ਕਿ ਮਨਜੀਤ ਹਮੇਸ਼ਾ ਹੀ ਸਕੂਲੀ ਬੱਚੀਆਂ ਨੂੰ ਹੱਲਾਸ਼ੇਰੀ ਦੇਣ ਲਈ ਸਕੂਲ ਨਾਲ ਰਾਬਤੇ ਵਿੱਚ ਰਿਹਾ ਹੈ। ਉਹ ਸਕੂਲੀ ਬੱਚੀਆਂ ਲਈ ਆਦਰਸ਼ ਹੈ। ਪਿੰਡ ਧਨੇਰ ਦੀ ਮਹਿਲਾ ਸਰਪੰਚ ਵੀਰਪਾਲ ਕੌਰ ਆਖਦੀ ਹੈ ਕਿ ਪੂਰਾ ਪਿੰਡ ਮਨਜੀਤ ਖਾਤਰ ਇਕਜੁੱਟ ਹੈ ਅਤੇ ਪੰਚਾਇਤ ਦਾ ਪੂਰਾ ਸਹਿਯੋਗ ਹੈ। ਦੱਸਣਯੋਗ ਹੈ ਪਿੰਡ ਭਾਵੇਂ ਪਿੰਡ ਛੋਟਾ ਹੈ ਪ੍ਰੰਤੂ ਇਥੇ ਕਿਸਾਨ ਧਿਰਾਂ ਦਾ ਦਬਦਬਾ ਹੈ। ਛੋਟੇ ਬੱਚਿਆਂ ਨੂੰ ਸੰਘਰਸ਼ ਦੀ ਗੁੜ੍ਹਤੀ ਮਿਲ ਰਹੀ ਹੈ। ਇਸ ਪਿੰਡ ਦੇ ਨਿਆਣੇ ਵੀ ਸੰਘਰਸ਼ੀ ਨਾਅਰਿਆਂ ਤੋਂ ਵਾਕਿਫ਼ ਹਨ। ਸਕੂਲੀ ਬੱਚੇ ਵੀ ਸਵੈ ਭਰੋਸੇ ਨਾਲ ਭਰੇ ਹੋਏ ਹਨ। ਪਿੰਡ ਦੀਆਂ ਬਿਰਧ ਔਰਤਾਂ ਜੋ ਮੋਰਚੇ ਵਿੱਚ ਨਹੀਂ ਜਾ ਸਕੀਆਂ, ਉਹ ਵੀ ਮਨਜੀਤ ਲਈ ਸੁੱਖ ਮੰਗ ਰਹੀਆਂ ਹਨ। ਮਨਜੀਤ ਧਨੇਰ ਦੀ ਨੂੰਹ ਦਵਿੰਦਰ ਕੌਰ ਨੂੰ ਪਿੰਡ ਦੀ ਕੋਈ ਔਰਤ ਜੁਆਬ ਨਹੀਂ ਦਿੰਦੀ ਜੋ ਹੁਣ ਬਰਨਾਲਾ ਸੰਘਰਸ਼ ਵਿੱਚ ਅੱਗੇ ਹੋ ਕੇ ਚੱਲੀ ਹੈ। ਭਾਰਤੀ ਕਿਸਾਨ ਯੂਨੀਅਨ (ਡਕੌਂਦਾ) ਦੇ ਪ੍ਰਧਾਨ ਬੂਟਾ ਸਿੰਘ ਬੁਰਜ ਗਿੱਲ ਦਾ ਕਹਿਣਾ ਸੀ ਕਿ ਬਿਨਾਂ ਨਤੀਜੇ ਤੋਂ ਹੁਣ ਗੱਲ ਮੁੱਕੇਗੀ ਨਹੀਂ। ਪਿੰਡ ਧਨੇਰ ਦੇ ਬਜ਼ੁਰਗ ਕਾਹਨ ਸਿੰਘ ਦਾ ਕਹਿਣਾ ਸੀ ਕਿ ਪਿੰਡ ਦੀਆਂ ਧੀਆਂ ਭੈਣਾਂ ਦੇ ਪਰਿਵਾਰਕ ਮਾਮਲੇ ਮਨਜੀਤ ਨੇ ਕਦੇ ਪਿੰਡ ਦੀ ਜੂਹ ਨਹੀਂ ਟੱਪਣ ਦਿੱਤੇ। ਪਿੰਡ ਵਿੱਚ ਹੀ ਬਹੁਤੇ ਮਸਲੇ ਸੁਲਝਦੇ ਰਹੇ ਹਨ। ਕਿਸੇ ਨੇ ਕਦੇ ਵੀ ਮਨਜੀਤ ਨੂੰ ਆਵਾਜ਼ ਮਾਰੀ ਤਾਂ ਉਹ ਤੁਰੰਤ ਬਹੁੜਿਆ। ਮਨਜੀਤ ਕਰੀਬ 42 ਸਾਲ ਤੋਂ ਸੰਘਰਸ਼ੀ ਰਾਹ ‘ਤੇ ਚੱਲਿਆ ਹੋਇਆ ਹੈ। ਬੀ.ਕੇ.ਯੂ (ਉਗਰਾਹਾਂ) ਦੇ ਜ਼ਿਲ੍ਹਾ ਪ੍ਰਧਾਨ ਸ਼ਿੰਗਾਰਾ ਸਿੰਘ ਮਾਨ ਦਾ ਪ੍ਰਤੀਕਰਮ ਸੀ ਕਿ ਸੰਘਰਸ਼ੀ ਧਿਰਾਂ ਦੀ ਤਾਕਤ ਜੇ ਹਾਕਮਾਂ ਨੇ ਨਾ ਪਛਾਣੀ ਤਾਂ ਇਹ ਉਨ੍ਹਾਂ ਦੀ ਵੱਡੀ ਭੁੱਲ ਹੋਵੇਗੀ।

Previous articleਸਰਕਾਰੀ ਖਜ਼ਾਨੇ ’ਤੇ ਭਾਰੀ ਪੈ ਰਹੀ ਹੈ ਸੁਰੱਖਿਆ ਛਤਰੀ
Next article‘ਮੋਸਟ ਵਾਂਟੇਡ’ ਗੈਂਗਸਟਰ ਝੁੰਨਾ ਪੰਡਿਤ ਕਾਬੂ