ਅੰਮ੍ਰਿਤਸਰ- ਦੱਖਣੀ ਕੋਰੀਆ ਦੇ ਰਾਜਦੂਤ ਸ਼ਿਨ ਬਾਂਗਕਿਲ ਨੇ ਆਪਣੀ ਪਤਨੀ ਸਮੇਤ ਅੱਜ ਸ੍ਰੀ ਦਰਬਾਰ ਸਾਹਿਬ ਮੱਥਾ ਟੇਕਿਆ ਅਤੇ ਗੁਰੂ ਘਰ ਪ੍ਰਤੀ ਸ਼ਰਧਾ ਦਾ ਪ੍ਰਗਟਾਵਾ ਕੀਤਾ ਹੈ। ਸ਼੍ਰੋਮਣੀ ਕਮੇਟੀ ਵੱਲੋਂ ਉਨ੍ਹਾਂ ਨੂੰ ਜੀ ਆਇਆਂ ਆਖਿਆ ਗਿਆ ਅਤੇ ਸਨਮਾਨਿਤ ਵੀ ਕੀਤਾ ਗਿਆ।
ਦੱਖਣੀ ਕੋਰੀਆ ਦੇ ਸਫੀਰ ਨੇ ਇਥੇ ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਣ ਮਗਰੋਂ ਯਾਤਰੂ ਕਿਤਾਬ ਵਿਚ ਆਪਣੀਆਂ ਭਾਵਨਾਵਾਂ ਦਰਜ ਕਰਦਿਆਂ ਲਿਖਿਆ ਕਿ ਉਸ ਨੂੰ ਇਸ ਧਰਮ ਅਸਥਾਨ ’ਤੇ ਨਤਮਸਤਕ ਹੋ ਕੇ ਖੁਸ਼ੀ ਪ੍ਰਾਪਤ ਹੋਈ ਹੈ। ਉਹ ਇਥੇ ਆ ਕੇ ਰੂਹਾਨੀ ਆਨੰਦ ਮਹਿਸੂਸ ਕੀਤਾ ਹੈ। ਉਸ ਨੇ ਆਖਿਆ ਕਿ ਅਜਿਹੇ ਧਰਮ ਅਸਥਾਨ ’ਤੇ ਕੋਰੀਆ ਦੇ ਹੋਰ ਵਸਨੀਕਾਂ ਨੂੰ ਵੀ ਆਉਣਾ ਚਾਹੀਦਾ ਹੈ। ਇਥੋਂ ਮਿਲੇ ਮਾਨ ਸਨਮਾਨ ਵਾਸਤੇ ਵੀ ਉਸ ਨੇ ਧੰਨਵਾਦ ਕੀਤਾ ਹੈ।
ਇਸ ਦੌਰਾਨ ਸੂਚਨਾ ਅਧਿਕਾਰੀ ਜਸਵਿੰਦਰ ਸਿੰਘ ਜੱਸੀ ਨੇ ਸਫੀਰ ਅਤੇ ਉਨ੍ਹਾਂ ਦੀ ਪਤਨੀ ਦੋਵਾਂ ਨੂੰ ਸਿੱਖ ਧਰਮ ਦੇ ਇਤਿਹਾਸ ਅਤੇ ਸਿਧਾਂਤਾਂ ਤੋਂ ਜਾਣੂ ਕਰਾਇਆ। ਸ੍ਰੀ ਹਰਿਮੰਦਰ ਸਾਹਿਬ ਦੇ ਇਤਿਹਾਸ ਬਾਰੇ ਵੀ ਜਾਣਕਾਰੀ ਦਿੱਤੀ। ਇਥੇ ਚਲ ਰਹੇ ਲੰਗਰ ਘਰ ਬਾਰੇ ਵੀ ਦੱਸਿਆ ਗਿਆ। ਲੰਗਰ ਪ੍ਰਥਾ ਦੀ ਜਾਣਕਾਰੀ ਲੈਣ ਮਗਰੋਂ ਉਨ੍ਹਾਂ ਹੈਰਾਨੀ ਵੀ ਪ੍ਰਗਟਾਈ।
ਮੱਥਾ ਟੇਕਣ ਮਗਰੋਂ ਉਨ੍ਹਾਂ ਗੁਰਬਾਣੀ ਦੇ ਕੀਰਤਨ ਨੂੰ ਵੀ ਸਮਝਣ ਦਾ ਯਤਨ ਕੀਤਾ। ਉਪਰੰਤ ਸੂਚਨਾ ਕੇਂਦਰ ਵਿਚ ਉਨ੍ਹਾਂ ਨੂੰ ਸ਼੍ਰੋਮਣੀ ਕਮੇਟੀ ਵਲੋਂ ਸਿਰੋਪਾਓ, ਧਾਰਮਿਕ ਪੁਸਤਕਾਂ ਅਤੇ ਹਰਿਮੰਦਰ ਸਾਹਿਬ ਦੀ ਤਸਵੀਰ ਦੇ ਕੇ ਸਨਮਾਨਿਤ ਕੀਤਾ ਗਿਆ।
INDIA ਦੱਖਣੀ ਕੋਰੀਆ ਦੇ ਸਫ਼ੀਰ ਨੇ ਦਰਬਾਰ ਸਾਹਿਬ ਮੱਥਾ ਟੇਕਿਆ