ਕਬਰਵਾਲਾ ਪੁਲੀਸ ਨੇ ਅਪਾਹਜ ਪਰਿਵਾਰ ਲਈ ਖੋਦ ਦਿੱਤੀ ਕਬਰ

ਮਲੋਟ– ਨੇੜਲੇ ਪਿੰਡ ਸਰਾਵਾਂ ਬੋਦਲਾਂ ਦੀ ਢਾਣੀ ਮੁਕਾਮਾਂ ਵਾਲੀ ਵਿੱਚ ਖਾਲ ‘ਚੋਂ ਪਾਣੀ ਲੰਘਾਉਣ ਕਾਰਨ ਹੋਏ ਝਗੜੇ ਵਿੱਚ ਕਬਰਵਾਲਾ ਪੁਲੀਸ ਨੇ ਕਿਸਾਨ ਪਰਿਵਾਰ ਨੂੰ ਅਜਿਹਾ ਵਾਹਨੀ ਪਾਇਆ ਹੋਇਆ ਕਿ ਪਰਿਵਾਰ ਮਹੀਨੇ ਤੋਂ ਬੇਘਰ ਹੈ। ਗੁਰਭੇਜ ਸਿੰਘ ਨੇ ਦੱਸਿਆ ਕਿ ਉਹ ਛੋਟਾ ਕਿਸਾਨ ਹੈ ਤੇ ਠੇਕੇ ‘ਤੇ ਜ਼ਮੀਨ ਲੈ ਕੇ ਗੁਜ਼ਾਰਾ ਕਰਦਾ ਹੈ। ਉਨ੍ਹਾਂ ਦੇ ਨਜ਼ਦੀਕ ਹੀ ਢਾਣੀ ਦੇ ਸਰਮਾਏਦਾਰ ਉਸ ਨਾਲ ਅਕਸਰ ਖਹਿੰਦੇ ਰਹਿੰਦੇ ਹਨ। ਉਹ ਉਸ ਖਾਲ ‘ਚੋਂ ਜਬਰਦਸਤੀ ਪਾਣੀ ਲੰਘਾਉਂਦੇ ਸਨ, ਜਿਸ ਸਬੰਧੀ ਕੇਸ ਉਨ੍ਹਾਂ ਨੇ ਅਦਾਲਤ ਵਿੱਚੋਂ ਜਿੱਤਿਆ ਹੈ। ਉਨ੍ਹਾਂ ਕਿਹਾ ਕਿ ਇਹ ਖਾਲ ਢਾਣੀ ਦੇ ਦਰਵਾਜ਼ੇ ਦੇ ਨਾਲ ਹੀ ਹੈ ਅਤੇ 24 ਜਨਵਰੀ ਨੂੰ ਪਾਣੀ ਲੰਘਾਉਣ ਤੋਂ ਰੋਕਣ ਸਮੇਂ ਹੋਏ ਝਗੜੇ ’ਚ ਉਸ ਦੇ ਬਜ਼ੁਰਗ ਪਿਤਾ ਅਮਰ ਸਿੰਘ, ਜਿਨ੍ਹਾਂ ਨੂੰ ਦਿਖਾਈ ਨਹੀਂ ਦਿੰਦਾਂ, ਨੂੰ ਜ਼ਖ਼ਮੀ ਕਰ ਦਿੱਤਾ। ਪਿਤਾ ਨੂੰ ਆਲਮਵਾਲਾ ਦੇ ਹਸਪਤਾਲ ‘ਚ ਦਾਖਲ ਕਰਵਾਇਆ ਗਿਆ, ਜਦ ਦੂਜੀ ਧਿਰ ਨੂੰ ਅਮਰ ਸਿੰਘ ਦੇ ਹਸਪਤਾਲ ਵਿੱਚ ਦਾਖਲ ਹੋਣ ਦਾ ਪਤਾ ਲੱਗਿਆ ਤਾਂ ਉਹ ਵੀ ਹਸਪਤਾਲ ‘ਚ ਦਾਖਲ ਹੋ ਗਏ। ਕਬਰਵਾਲਾ ਪੁਲੀਸ ਵੱਲੋਂ ਦੋਨਾਂ ਧਿਰਾਂ ’ਤੇ 323 ਅਤੇ 324 ਦਾ ਕੇਸ ਬਣਾ ਦਿੱਤਾ ਗਿਆ। ਕੁੱਝ ਦਿਨਾਂ ਬਾਅਦ ਉਸ ਨੂੰ ਪਤਾ ਲੱਗਿਆ ਕਿ ਪੁਲੀਸ ਨੇ ਜੁਰਮ ਵਾਧਾ ਕਰਦਿਆਂ ਉਸ ’ਤੇ, ਉਸ ਦੇ ਫੌਹੜੀਆਂ ’ਤੇ ਚਲਦੇ ਭਰਾ ਗੁਰਦੇਵ ਸਿੰਘ, ਮਾਂ ਬਲਵਿੰਦਰ ਕੌਰ ਅਤੇ ਪਿਤਾ ’ਤੇ ਧਾਰਾ 326 ਲਗਾ ਦਿੱਤੀ, ਜਦ ਕਿ ਜਿਸ ਵਿਅਕਤੀ ਕਰਕੇ ਧਾਰਾ 326 ਲਗਾਈ ਗਈ ਉਹ ਅਗਲੇ ਦਿਨ ਆਪਣੇ ਖੇਤ ਵਿੱਚ ਕਥਿਤ ਕੰਮ ਕਰ ਰਿਹਾ ਸੀ। ਉਨ੍ਹਾਂ ਜ਼ਿਲ੍ਹਾ ਪੁਲੀਸ ਕਪਤਾਨ ਰਾਜਬਚਨ ਸਿੰਘ ਸੰਧੂ ਦੇ ਧਿਆਨ ਵਿੱਚ ਸਾਰਾ ਮਸਲਾ ਲਿਆਂਦਾ ਤਾਂ ਉਨ੍ਹਾਂ ਡੀਐੱਸਪੀ ਮਲੋਟ ਨੂੰ ਜਾਂਚ ਕਰਨ ਲਈ ਕਿਹਾ। ਜਾਂਚ ਰਿਪੋਰਟ ਦਾ ਹਾਲੇ ਤੱਕ ਪਤਾ ਹੀ ਨਹੀਂ ਲੱਗਿਆ। ਗੁਰਭੇਜ ਅਨੁਸਾਰ ਉਹ ਪਰਿਵਾਰ ਸਮੇਤ ਮਹੀਨੇ ਤੋਂ ਬੇਘਰ ਹਨ ਅਤੇ ਫਸਲ ਦਾ ਨੁਕਸਾਨ ਵੀ ਹੋ ਰਿਹਾ ਹੈ। ਇਨਸਾਫ ਲੈਣ ਲਈ ਡੀਜੀਪੀ ਪੰਜਾਬ, ਡੀਆਈਜੀ ਰੇਂਜ ਬਠਿੰਡਾ, ਮੁੱਖ ਮੰਤਰੀ ਪੰਜਾਬ ਅਤੇ ਪ੍ਰਧਾਨ ਮੰਤਰੀ ਨੂੰ ਪੱਤਰ ਲਿਖਿਆ ਹੈ।

Previous articleਪਰਮ ਬੀਰ ਸਿੰਘ ਬਣੇ ਮੁੰਬਈ ਪੁਲੀਸ ਦੇ ਨਵੇਂ ਕਮਿਸ਼ਨਰ
Next articleਦੱਖਣੀ ਕੋਰੀਆ ਦੇ ਸਫ਼ੀਰ ਨੇ ਦਰਬਾਰ ਸਾਹਿਬ ਮੱਥਾ ਟੇਕਿਆ