ਦੇਸ਼ ਭਗਤੀ ਦੀ ਨਵੀਂ ਵਿਆਖਿਆ ਦਿੱਤੀ ਜਾ ਰਹੀ ਹੈ: ਸੋਨੀਆ

ਕਾਂਗਰਸ ਦੀ ਸੀਨੀਅਰ ਆਗੂ ਸੋਨੀਆ ਗਾਂਧੀ ਨੇ ਮੋਦੀ ਸਰਕਾਰ ’ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਲੋਕਾਂ ਨੂੰ ਦੇਸ਼ ਭਗਤੀ ਦੀ ਇਕ ਨਵੀਂ ਵਿਆਖਿਆ ਦਿੱਤੀ ਜਾ ਰਹੀ ਹੈ ਤੇ ਵਖ਼ਰੇਵਿਆਂ ਨੂੰ ਸਵੀਕਾਰ ਨਾ ਕਰਨ ਵਾਲਿਆਂ ਨੂੰ ਦੇਸ਼ ਭਗਤ ਕਿਹਾ ਜਾ ਰਿਹਾ ਹੈ। ਸ੍ਰੀਮਤੀ ਗਾਂਧੀ ਨੇ ਇੱਥੇ ਇਕ ਸਮਾਗਮ ਵਿਚ ਕਿਹਾ ਕਿ ਵਰਤਮਾਨ ਸਰਕਾਰ ਅਸਹਿਮਤੀ ਨੂੰ ਪ੍ਰਵਾਨ ਕਰਨ ਲਈ ਤਿਆਰ ਨਹੀਂ। ਉਨ੍ਹਾਂ ਕਿਹਾ ਕਿ ਜਦ ਆਪਣੇ ਅਸੂਲਾਂ ’ਤੇ ਕਾਇਮ ਰਹਿਣ ਵਾਲਿਆਂ ’ਤੇ ਹਮਲੇ ਹੁੰਦੇ ਹਨ ਤਾਂ ਇਹ ਸਰਕਾਰ ਮੂੰਹ ਮੋੜ ਲੈਂਦੀ ਹੈ। ਉਨ੍ਹਾਂ ਕਿਹਾ ਕਿ ਦੇਸ਼ ਦੀ ਆਤਮਾ ਨੂੰ ਗਿਣੀ-ਮਿੱਥੀ ਸਾਜ਼ਿਸ਼ ਜ਼ਰੀਏ ਕੁਚਲਿਆ ਜਾ ਰਿਹਾ ਹੈ ਜੋ ਕਿ ਫ਼ਿਕਰ ਦੀ ਗੱਲ ਹੈ। ਉਨ੍ਹਾਂ ਇਹ ਵੀ ਦੋਸ਼ ਲਾਇਆ ਕਿ ਭਾਜਪਾ ਸਰਕਾਰ ਦੇਸ਼ ਵਿਚ ਕਾਨੂੰਨ ਦਾ ਸ਼ਾਸਨ ਕਾਇਮ ਕਰਨ ਲਈ ਆਪਣੇ ਫ਼ਰਜ਼ਾਂ ਦੇ ਪਾਲਣ ਲਈ ਵੀ ਤਿਆਰ ਨਹੀਂ। ਉਨ੍ਹਾਂ ਕਾਂਗਰਸ ਦੇ ਚੋਣ ਵਾਅਦੇ ’ਤੇ ਕਿਹਾ ਕਿ ਜੇ ਪਾਰਟੀ ਸੱਤਾ ਵਿਚ ਆਉਂਦੀ ਹੈ ਤਾਂ ਚੰਗਾ ਪ੍ਰਸ਼ਾਸਨ ਦੇਣ ਲਈ ਸੱਜਰੀ ਵਿਵਸਥਾ ਵਿਕਸਿਤ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਕਾਂਗਰਸ ਨੇ ਜੋ ਵਾਅਦੇ ਕੀਤੇ ਹਨ, ਉਨ੍ਹਾਂ ਬਾਰੇ ਕੋਈ ਖ਼ਦਸ਼ਾ ਨਹੀਂ ਹੈ।

Previous articleਸ਼ਾਂਤਾ ਕੁਮਾਰ ਨੂੰ ਭਾਜਪਾ ਵੱਲੋਂ ਚੋਣਾਂ ਲਈ ਰੱਖੀ ਉਮਰ ਹੱਦ ’ਤੇ ਇਤਰਾਜ਼
Next articleਅਕਾਲ ਤਖ਼ਤ ਵਲੋਂ ‘ਸਿੱਖ ਹੈਰੀਟੇਜ ਕਮਿਸ਼ਨ’ ਬਣਾਉਣ ਦਾ ਫ਼ੈਸਲਾ