ਦੂਰਦਰਸ਼ਨ ਪੰਜਾਬੀ ਤੇ ਸਕੂਲੀ ਸਿੱਖਿਆ ਵਰਦਾਨ ਕੇ ਸਰਾਪ ?

ਰਮੇਸ਼ਵਰ ਸਿੰਘ ਪਟਿਆਲਾ

(ਸਮਾਜ ਵੀਕਲੀ)

ਪਿਛਲੇ ਸਾਲ ਪੂਰੀ ਦੁਨੀਆਂ ਤੇ ਕੋਰੋਨਾ ਮਹਾਂਮਾਰੀ ਦਾ ਸੰਤਾਪ ਚਾਲੂ ਹੋਇਆ,ਲਾਗ ਦੀ ਬਿਮਾਰੀ ਕਾਰਨ ਪੰਜਾਬ ਸਰਕਾਰ ਨੂੰ ਸਕੂਲ ਬੰਦ ਕਰਨੇ ਪਏ।ਆਨਲਾਈਨ ਪੜ੍ਹਾਈ ਦੇ ਨਾਲ ਦੂਰਦਰਸ਼ਨ ਤੇ ਆਕਾਸ਼ਬਾਣੀ ਤੋਂ ਸਕੂਲੀ ਬੱਚਿਆਂ ਦੀ ਪਡ਼੍ਹਾਈ ਦਾ ਉਪਰਾਲਾ ਕੀਤਾ ਗਿਆ।ਦੂਰਦਰਸ਼ਨ ਪੰਜਾਬੀ ਜਿਸ ਦਾ ਕੇਂਦਰ ਜਲੰਧਰ ਵਿਚ ਸਥਾਪਤ ਹੈ ਉਸ ਤੋਂ ਪ੍ਰਸਾਰਣ ਸਵੇਰੇ ਨੌਂ ਵਜੇ ਤੋਂ ਸ਼ਾਮ ਚਾਰ ਵਜੇ ਤਕ ਚਾਲੂ ਕੀਤਾ ਗਿਆ।ਇਹ ਕੇਂਦਰ ਖੇਤਰੀ ਚੈਨਲ ਹੈ ਆਪਣੇ ਖੇਤਰ ਦੀ ਭਾਸ਼ਾ ਵਿਰਸੇ ਦਾ ਪ੍ਰਚਾਰ ਤੇ ਪ੍ਰਸਾਰ ਖ਼ਬਰਾਂ ਤੇ ਮਨੋਰੰਜਨ ਦੇ ਪ੍ਰੋਗਰਾਮ ਪੇਸ਼ ਕਰਨਾ,ਜਿਸ ਕਰਕੇ ਇਸ ਦਾ ਨਾਮ ਲੋਕ ਪ੍ਰਸਾਰਨ ਸੇਵਾ ਹੈ ਸਕੂਲੀ ਪ੍ਰਸਾਰਨ ਕਰ ਕੇ ਉਪਰੋਕਤ ਸਾਰੀ ਸੇਵਾ ਬੰਦ ਕਰ ਦਿੱਤੀ ਗਈ ਜਿਸ ਨਾਲ ਪੰਜਾਬ ਪੰਜਾਬੀ ਤੇ ਪੰਜਾਬੀਅਤ ਦੀ ਸੇਵਾ ਤੇ ਰੋਕ ਲੱਗ ਗਈ।ਫਿਰ ਸਕੂਲੀ ਬੱਚਿਆਂ ਦੀ ਪੜ੍ਹਾਈ ਦਾ ਇੰਤਜ਼ਾਮ ਯੋਗ ਨਾ ਹੋਣ ਕਾਰਨ ਅਨੇਕਾਂ ਘਰਾਂ ਵਿੱਚ ਟੀ ਵੀ ਸੈੱਟ ਮੌਜੂਦ ਨਹੀਂ ਹਨ ਤੇ ਬਾਕੀ ਘਰਾਂ ਵਿੱਚ ਬੱਚੇ ਕਿੰਨਾ ਕੁ ਆਪਣੀ ਪੜ੍ਹਾਈ ਦਾ ਪ੍ਰਸਾਰਨ ਵੇਖ ਲੈਣਗੇ ਇਸ ਦਾ ਨਤੀਜਾ ਕੋਈ ਬਹੁਤ ਅਗਾਂਹਵਧੂ ਨਹੀਂ ਨਿਕਲਿਆ।

ਪਹਿਲੀ ਗੱਲ ਤਾਂ ਦੂਰਦਰਸ਼ਨ ਪੰਜਾਬੀ ਸਾਡੇ ਪੰਜਾਬੀ ਸਰੋਤਿਆਂ ਲਈ ਇੱਕੋ ਇੱਕ ਚੈਨਲ ਹੈ ਉਸ ਦੇ ਪ੍ਰਸਾਰਨ ਬੰਦ ਹੋਣ ਕਰ ਕੇ ਲਾਕ ਡਾਊਨ ਕਰਕੇ ਘਰ ਬੈਠੇ ਸਰੋਤਿਆਂ ਨੂੰ ਮੁਸ਼ਕਿਲ ਦਾ ਸਾਹਮਣਾ ਕਰਨਾ ਪਿਆ।ਲੋਕ ਪ੍ਰਸਾਰਨ ਸੇਵਾ ਨੂੰ ਬੇਹੱਦ ਧੱਕਾ ਲੱਗਾ ਤੇ ਸਕੂਲੀ ਬੱਚਿਆਂ ਦੀ ਪੜ੍ਹਾਈ ਦਾ ਵੀ ਕੋਈ ਸਾਰਥਿਕ ਹੱਲ ਨਾ ਨਿਕਲਿਆ।ਸਾਲ ਕੁ ਇਹ ਪ੍ਰੋਗਰਾਮ ਚਾਲੂ ਰਿਹਾ ਪਰ ਸਿੱਟਾ ਜ਼ੀਰੋ ਦੇ ਬਰਾਬਰ ਹੀ ਸੀ। ਹੁਣ ਵਾਪਸ ਫੇਰ ਦੂਰਦਰਸ਼ਨ ਪੰਜਾਬੀ ਤੋਂ ਸਕੂਲੀ ਪ੍ਰਸਾਰਨ ਚਾਲੂ ਕਰ ਦਿੱਤਾ ਗਿਆ ਹੈ,ਇਸ ਵਿਸ਼ੇ ਨੂੰ ਲੈ ਕੇ ਮੈਂ ਸਕੂਲੀ ਅਧਿਆਪਕਾਂ ਤੇ ਬੱਚਿਆਂ ਨਾਲ ਜੋ ਵਾਰਤਾਲਾਪ ਕੀਤੀ।ਸਿੱਖਿਆ ਮਹਿਕਮੇ ਨਾਲ ਦੂਰਦਰਸ਼ਨ ਦੀ ਆਪਾ ਮਾਰੂ ਨੀਤੀ ਵੇਖ ਕੇ ਬੜੀ ਹੈਰਾਨੀ ਹੁੰਦੀ ਹੈ। ਇਸ ਤਰ੍ਹਾਂ ਦੀਆਂ ਕਾਰਗੁਜ਼ਾਰੀਆਂ ਕਰਕੇ ਹੀ ਦੂਰਦਰਸ਼ਨ ਪੰਜਾਬੀ ਦੇ ਅਧਿਕਾਰੀ ਆਪਣੀ ਪੁਜੀਸ਼ਨ ਖੇਤਰੀ ਚੈਨਲਾਂ ਵਿੱਚ ਅੱਗੇ ਦਾ ਢੋਲ ਵਜਾਇਆ ਜਾਂਦਾ ਹੈ ਅਤੇ ਨਿੱਜੀ ਪੰਜਾਬੀ ਚੈਨਲਾਂ ਦੇ ਸਾਹਮਣੇ ਕੀ ਹਾਲਤ ਅਤੇ ਹਾਲਾਤ ਹਨ ਉਹਨਾਂ ਬਾਰੇ ਗੱਲ ਕਰਨੋ ਵੀ ਭੱਜ ਜਾਂਦੇ ਹਨ।

ਮੈਂ ਪਹਿਲਾਂ ਵੀ ਇਕ ਲੇਖ ਵਿੱਚ ਜਿਕਰ ਕੀਤਾ ਸੀ ਕਿ ਆਟੇ ਵਿਚ ਲੂਣ ਬਰਾਬਰ ਬੱਚੇ ਵੀ ਸਿੱਖਿਆ ਮਹਿਕਮੇ ਦੇ ਉਹਨਾਂ ਪ੍ਰੋਗਰਾਮਾਂ ਨੂੰ ਨਹੀਂ ਵੇਖਦੇ ਜਿਨ੍ਹਾਂ ਕਰਕੇ ਦੂਰਦਰਸ਼ਨ ਆਪਣੇ ਮੁੱਖ ਪ੍ਰੋਗਰਾਮਾਂ ਨੂੰ ਖੂੰਜੇ ਲਗਾ ਰਿਹਾ ਹੈ। ਅਧਿਆਪਕਾਂ ਨਾਲ ਗੱਲਬਾਤ ਹੁੰਦੀ ਰਹਿੰਦੀ ਹੈ। ਵਿਦਿਆਰਥੀਆਂ ਨਾਲ ਰਾਬਤਾ ਰੱਖਣ ਦਾ ਮੈਨੂੰ ਸ਼ੌਕ ਹੈ ਤਾਂ ਕਿ ਉਨ੍ਹਾਂ ਦੀਆਂ ਸਮੱਸਿਆਵਾਂ ਨੂੰ ਜਾਣ ਸਕਾਂ ਅਤੇ ਉਨ੍ਹਾਂ ਨੂੰ ਹੱਲ ਕਰਨ ਵਿੱਚ ਆਪਣਾ ਯੋਗਦਾਨ ਪਾ ਸਕਾਂ।ਇਕ ਅਧਿਆਪਕ ਨੇ ਦੱਸਿਆ ਕਿ ਉਹ ਰੋਜ਼ਾਨਾ ਟਾਈਮ ਟੇਬਲ ਅਨੁਸਾਰ ਬੱਚਿਆਂ ਨੂੰ ਸੰਬੰਧਤ ਪ੍ਰੋਗਰਾਮ ਦੇਖਣ ਲਈ ਆਖਦੇ ਹਨ। ਬੱਚੇ ਹਾਂ ਵੀ ਕਰ ਦਿੰਦੇ ਹਨ ਪਰ ਜਦੋਂ ਫੀਡਬੈਕ ਲਈ ਜਾਂਦੀ ਹੈ ਤਾਂ ਬੱਚਿਆਂ ਨੇ ਪ੍ਰੋਗਰਾਮ ਨਹੀਂ ਵੇਖਿਆ ਹੁੰਦਾ ਅਤੇ ਉਹ ਬਹਾਨੇ ਬਣਾਉਣ ਲੱਗਦੇ ਹਨ।

ਕੁਝ ਬੱਚਿਆਂ ਨਾਲ ਗੱਲ ਹੋਈ ਤਾਂ ਇੱਕ ਨੇ ਦੱਸਿਆ ਕਿ ਉਸ ਦਾ ਵੱਡਾ ਭਰਾ ਉਸਨੂੰ ਟੀ. ਵੀ. ਦਾ ਰਿਮੋਟ ਹੀ ਨਹੀਂ ਦਿੰਦਾ। ਇੱਕ ਹੋਰ ਬੱਚੇ ਨੇ ਦੱਸਿਆ ਕਿ ਮੈਡਮ ਨੇ ਕਿਹਾ ਸੀ ਕਿ ਟੀ. ਵੀ. ਵੇਖਦੇ ਫੋਟੋ ਭੇਜਣੀ ਹੈ ਉਹ ਮੈਂ ਭੇਜ ਦਿੰਦਾ ਹਾਂ ਪ੍ਰੋਗਰਾਮ ਨਹੀਂ ਸੁਣਦਾ। ਅਜਿਹਾ ਬਹੁਤ ਬੱਚੇ ਕਰਦੇ ਹੋਣਗੇ। ਅਧਿਆਪਕ ਅਤੇ ਸਿੱਖਿਆ ਵਿਭਾਗ ਦੱਸਦੇ ਹਨ ਕਿ ਇਹ ਪ੍ਰੋਗਰਾਮ ਬਹੁਤ ਰੌਚਕ ਅਤੇ ਵਧੀਆ ਬਣਾਏ ਗਏ ਹਨ। ਬੱਚੇ ਲਾਭ ਲੈ ਰਹੇ ਹਨ ਪਰ ਬੱਚੇ ਤਾਂ ਫੋਟੋ ਭੇਜਣ ਤੱਕ ਸੀਮਤ ਹਨ। ਇਹ ਫੋਟੋ ਭੇਜਣ ਵਾਲਾ ਮਸਲਾ ਕਿਸੇ ਦੇ ਸਮਝ ਆਵੇ ਤਾਂ ਦੱਸਿਓ ਮੈਨੂੰ ਤਾਂ ਇਹ ਸਿਰਫ ਅੰਕੜਿਆਂ ਦੀ ਖੇਡ ਦਾ ਕੋਈ ਹਿੱਸਾ ਲਗਦਾ ਹੈ। ਅਧਿਆਪਕਾਂ ਤੇ ਬੱਚਿਆਂ ਦਾ ਕਹਿਣਾ ਹੈ ਕਿ ਸਿੱਖਿਆ ਵਿਭਾਗ ਵੱਲੋਂ ਪ੍ਰਸਾਰਨ ਲਈ ਠੀਕ ਪੀਰੀਅਡ ਸਥਾਪਤ ਨਹੀਂ ਕੀਤੇ ਜਾਂਦੇ,ਕੁਝ ਸਮਾਂ ਇਕ ਸ਼੍ਰੇਣੀ ਲਈ ਕੁਝ ਦੂਸਰੀ ਤੀਸਰੀ ਇਸ ਤਰ੍ਹਾਂ ਚਲਦਾ ਹੈ ਥੋੜ੍ਹੇ ਥੋੜ੍ਹੇ ਸਮੇਂ ਲਈ ਕੌਣ ਆ ਕੇ ਟੀ ਵੀ ਵੇਖਣ ਲਈ ਬੈਠੇਗਾ ਸੋਚਣਾ ਬਣਦਾ ਹੈ।

ਜੇਕਰ ਪੰਜਾਬ ਸਕੂਲ ਸਿੱਖਿਆ ਵਿਭਾਗ ਇਹ ਪ੍ਰੋਗਰਾਮ ਚਾਲੂ ਰੱਖਣਾ ਚਾਹੁੰਦਾ ਹੈ ਤਾਂ ਦੂਰਦਰਸ਼ਨ ਤੇ ਆਕਾਸ਼ਵਾਣੀ ਤੋਂ ਸਵੇਰੇ ਸੱਤ ਵਜੇ ਤੋਂ ਸਕੂਲੀ ਪ੍ਰਸਾਰਨ ਚਾਲੂ ਹੋਣਾ ਚਾਹੀਦਾ ਹੈ।ਸਭ ਤੋਂ ਪਹਿਲਾਂ ਉੱਚੀਆਂ ਸ਼੍ਰੇਣੀਆਂ ਬਾਰਵੀਂ, ਗਿਆਰ੍ਹਵੀਂ ਤੇ ਦਸਵੀਂ ਦੀਆਂ ਸ਼੍ਰੇਣੀਆਂ ਲਈ ਇੱਕ ਇੱਕ ਘੰਟੇ ਦਾ ਇੱਕ ਵਿਸ਼ੇ ਨੂੰ ਲੈ ਕੇ ਪੀਰੀਅਡ ਹਰ ਰੋਜ਼ ਲੱਗਣਾ ਚਾਹੀਦਾ ਹੈ।ਫੇਰ ਵਾਰੀ ਅਨੁਸਾਰ ਸਾਰੀਆਂ ਜਮਾਤਾਂ ਦਾ ਇੱਕ ਇੱਕ ਘੰਟੇ ਦਾ ਪੀਰੀਅਡ ਹੋਣਾ ਚਾਹੀਦਾ ਹੈ।ਵੱਡੀਆਂ ਸ਼੍ਰੇਣੀਆਂ ਵਾਲੇ ਵਿਦਿਆਰਥੀ ਕਿਤੇ ਨਾ ਕਿਤੇ ਕੋਰੋਨਾ ਮਹਾਂਮਾਰੀ ਕਾਰਨ ਆਰਥਿਕ ਸਥਿਤੀ ਕਮਜ਼ੋਰ ਹੋਣ ਕਰ ਕੇ ਦੁਕਾਨਾਂ ਖੇਤਾਂ ਜਾਂ ਫੈਕਟਰੀਆਂ ਵਿਚ ਕੰਮ ਕਰਦੇ ਹਨ ਸਵੇਰੇ ਉਹ ਆਪਣੀ ਪੜ੍ਹਾਈ ਦਾ ਕੰਮ ਨਿਬੇੜ ਕੇ ਆਪਣੇ ਕੰਮਕਾਰ ਤੇ ਜਾ ਸਕਦੇ ਹਨ।ਹਰ ਰੋਜ਼ ਇਕ ਸ਼੍ਰੇਣੀ ਦਾ ਇਕ ਵਿਸ਼ੇ ਤੇ ਪੂਰਨ ਸਿੱਖਿਆ ਰੂਪੀ ਪਾਠ ਹੋਣਾ ਚਾਹੀਦਾ ਹੈ।

ਪੂਰਨ ਰੂਪ ਵਿੱਚ ਵੇਖਿਆ ਜਾਵੇ ਸਕੂਲੀ ਪ੍ਰਸਾਰਨ ਆਕਾਸ਼ਵਾਣੀ ਜਾਂ ਦੂਰਦਰਸ਼ਨ ਤੇ ਜਿੰਨੀਆਂ ਕਲਾਸਾਂ ਹਨ ਓਨੇ ਹੀ ਘੰਟੇ ਦਾ ਪ੍ਰਸਾਰਨ ਹੋਣਾ ਚਾਹੀਦਾ ਹੈ।ਹਰ ਰੋਜ਼ ਵਿਦਿਆਰਥੀਆਂ ਨੂੰ ਸਮਾਂ ਸਾਰਣੀ ਦੱਸਣ ਦੀ ਜ਼ਰੂਰਤ ਹੀ ਨਹੀਂ ਜਦਕਿ ਉਨ੍ਹਾਂ ਦੀ ਸ਼੍ਰੇਣੀ ਲਈ ਸਮਾਂ ਨਿਸ਼ਚਿਤ ਕਰ ਦਿੱਤਾ ਜਾਵੇ। ਪਿਛਲੀ ਵਾਰ ਤੋਂ ਸਿੱਖਿਆ ਵਿਭਾਗ ਵੱਲੋਂ ਖਾਸ ਹਦਾਇਤ ਚੱਲੀ ਆ ਰਹੀ ਹੈ ਕਿ ਬੱਚੇ ਟੀ ਵੀ ਵੇਖਦੇ ਹੋਏ ਆਪਣੀ ਫੋਟੋ ਖਿੱਚ ਕੇ ਭੇਜਣ,ਜਦੋਂ ਕੇ ਸੁਣਨ ਤੇ ਵੇਖਣ ਵਿੱਚ ਆਇਆ ਹੈ ਅਧਿਆਪਕ ਵਿਦਿਆਰਥੀਆਂ ਨੂੰ ਇਹ ਕਹਿ ਦਿੰਦੇ ਹਨ ਤੁਸੀਂ ਫੋਟੋ ਖਿੱਚ ਕੇ ਭੇਜੋ,ਬਾਕੀ ਕੁਝ ਵੇਖਣਾ ਹੈ ਤਾਂ ਤੁਹਾਡੀ ਮਰਜ਼ੀ ਹੈ ਕੀ ਸੱਚੀਂ ਮੁੱਚੀਂ ਵਿਦਿਆਰਥੀ ਟੀ ਵੀ ਤੇ ਆਪਣਾ ਪ੍ਰਸਾਰਨ ਵੇਖਣਗੇ ਸੋਚਣ ਵਾਲੀ ਗੱਲ ਹੈ।

ਅਧਿਆਪਕਾਂ ਵੱਲੋਂ ਬੱਚਿਆਂ ਦੇ ਸਿੱਖਿਆ ਪ੍ਰਾਪਤੀ ਲਈ ਗਰੁੱਪ ਬਣਾਏ ਹੋਏ ਹਨ,ਸਾਰਿਆਂ ਨੂੰ ਸੈੱਲਫੋਨ ਦੀ ਵ੍ਹੱਟਸਐਪ ਤੇ ਸੁਨੇਹੇ ਭੇਜੇ ਤੇ ਪ੍ਰਾਪਤ ਕੀਤੇ ਜਾਂਦੇ ਹਨ।ਸਭ ਤੋਂ ਪਹਿਲਾਂ ਅਧਿਆਪਕ ਹਰ ਇਕ ਬੱਚੇ ਦੇ ਮਾਂ ਬਾਪ ਹੁੰਦੇ ਹਨ ਉਨ੍ਹਾਂ ਨੂੰ ਵ੍ਹੱਟਸਐਪ ਰਾਹੀਂ ਹਰ ਰੋਜ਼ ਸਨੇਹਾ ਭੇਜਣਾ ਚਾਹੀਦਾ ਹੈ ਕਿ ਦੂਰਦਰਸ਼ਨ ਤੇ ਸਾਡੇ ਬੱਚੇ ਲਈ ਇਹ ਪਾਠ ਪੜ੍ਹਾਇਆ ਗਿਆ ਤੇ ਉਸ ਦੇ ਚੰਗੀ ਤਰ੍ਹਾਂ ਵੇਖਿਆ ਫੋਟੋਆਂ ਦੀ ਕੀ ਜ਼ਰੂਰਤ ਹੈ।ਆਕਾਸ਼ਵਾਣੀ ਜਾਂ ਦੂਰਦਰਸ਼ਨ ਤੇ ਇੱਕ ਮਹੀਨੇ ਵਿੱਚ ਜੋ ਕੁਝ ਬੱਚਿਆਂ ਨੂੰ ਪਡ਼੍ਹਾਇਆ ਜਾਂਦਾ ਹੈ ਆਨਲਾਈਨ ਉਸ ਦੀ ਪ੍ਰੀਖਿਆ ਵੀ ਲੈਣੀ ਚਾਹੀਦੀ ਹੈ।ਜਿਸ ਨਾਲ ਸਕੂਲੀ ਬੱਚਿਆਂ ਦਾ ਰੁਝਾਨ ਰੇਡੀਓ ਤੇ ਦੂਰਦਰਸ਼ਨ ਵੱਲ ਜ਼ਰੂਰ ਵਧੇਗਾ।

ਇਸ ਵਾਰ ਕਿਸੇ ਵੀ ਸ਼੍ਰੇਣੀ ਦੀ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਪ੍ਰੀਖਿਆ ਨਹੀਂ ਲਈ ਗਈ ਪਰ ਫੀਸਾਂ ਵਸੂਲ ਕੀਤੀਆਂ ਗਈਆਂ ਹਨ।ਪ੍ਰਸਾਰ ਭਾਰਤੀ ਦੇ ਕੋਲ ਵਾਧੂ ਚੈਨਲਾਂ ਦਾ ਇਕ ਢੇਰ ਹੈ।ਪੰਜਾਬ ਸਕੂਲ ਸਿੱਖਿਆ ਵਿਭਾਗ ਨੂੰ ਅਲੱਗ ਇਕ ਚੈਨਲ ਪੂਰੇ ਸਮੇਂ ਲਈ ਖਰੀਦ ਲੈਣਾ ਚਾਹੀਦਾ ਹੈ ਜਿਸ ਵਿੱਚ ਹਰ ਸਮੇਂ ਸਕੂਲ ਪ੍ਰਸਾਰਨ ਚਲਦਾ ਰਹੇ,ਜਿਸ ਬੱਚੇ ਨੂੰ ਜਦੋਂ ਵੀ ਸਮਾਂ ਮਿਲੇ ਉਹ ਲੋੜ ਮੁਤਾਬਕ ਸਿੱਖਿਆ ਪ੍ਰਾਪਤ ਕਰ ਸਕਦਾ ਹੈ।ਦੂਰਦਰਸ਼ਨ ਪੰਜਾਬੀ ਜੋ ਕੇ ਪੰਜਾਬੀ ਮਾਂ ਬੋਲੀ ਦੀ ਸੇਵਾ ਲਈ ਸਥਾਪਤ ਕੀਤਾ ਗਿਆ ਹੈ ਉਸ ਨੂੰ ਪੂਰਨ ਰੂਪ ਵਿੱਚ ਆਪਣੇ ਸਾਰੇ ਪ੍ਰੋਗਰਾਮ ਪੇਸ਼ ਕਰਨੇ ਚਾਹੀਦੇ ਹਨ ਦੂਰਦਰਸ਼ਨ ਪੰਜਾਬੀ ਤੇ ਪੰਜਾਬ ਸਕੂਲ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਦਰਮਿਆਨ ਠੋਸ ਮੀਟਿੰਗ ਹੋਣੀ ਚਾਹੀਦੀ ਹੈ।

ਪੰਜਾਬ ਸਕੂਲ ਸਿੱਖਿਆ ਵਿਭਾਗ ਨੇ ਜੋ ਪ੍ਰੀਖਿਆਵਾਂ ਦੀਆਂ ਫੀਸਾਂ ਲਈਆਂ ਉਸ ਦੀ ਯੋਗ ਵਰਤੋਂ ਕਰਕੇ ਸਹੀ ਤਰੀਕੇ ਨਾਲ ਆਕਾਸ਼ਵਾਣੀ ਤੇ ਦੂਰਦਰਸ਼ਨ ਰਾਹੀਂ ਬੱਚਿਆਂ ਨੂੰ ਪੜ੍ਹਾਉਣਾ ਚਾਹੀਦਾ ਹੈ।ਦੂਰਦਰਸ਼ਨ ਦੇ ਅਧਿਕਾਰੀ ਜਿਸ ਕੰਮ ਲਈ ਸਥਾਪਤ ਕੀਤੇ ਗਏ ਹਨ ਉਨ੍ਹਾਂ ਨੂੰ ਉਹ ਸੇਵਾ ਸਹੀ ਰੂਪ ਵਿੱਚ ਕਰਨੀ ਚਾਹੀਦੀ ਹੈ।ਹੁਣ ਜੋ ਨੀਤੀ ਚੱਲ ਰਹੀ ਹੈ ਇਸ ਨਾਲ ਸਰੋਤਿਆਂ ਤੇ ਸਕੂਲੀ ਬੱਚਿਆਂ ਨੂੰ ਕੁਝ ਨਹੀਂ ਮਿਲ ਰਿਹਾ ਬੱਸ ਦੂਰਦਰਸ਼ਨ ਦੇ ਅਧਿਕਾਰੀ ਮੁਫ਼ਤ ਦੀਆਂ ਰੋਟੀਆਂ ਤੋੜ ਰਹੇ ਹਨ।ਪੰਜਾਬ ਸਕੂਲ ਸਿੱਖਿਆ ਵਿਭਾਗ ਵਾਲੇ ਆਪਣੀ ਹਉਮੈ ਨੂੰ ਪੱਠੇ ਪਾ ਰਹੇ ਹਨ ਕਿ ਜੇ ਸਕੂਲ ਬੰਦ ਹਨ ਤਾਂ ਅਸੀਂ ਬੱਚਿਆਂ ਨੂੰ ਬਿਜਲਈ ਮੀਡੀਅਮ ਰਾਹੀਂ ਪੜ੍ਹਾ ਰਹੇ ਹਾਂ।ਪੰਜਾਬ ਸਰਕਾਰ ਵੱਲੋਂ ਹੁਣ ਤਕ ਬੱਚਿਆਂ ਨੂੰ ਮੁਫ਼ਤ ਸੈੱਲਫੋਨ ਦੇਣੇ ਸਨ ਉਹ ਮਾਮਲਾ ਵਿੱਚ ਹੀ ਅਟਕਿਆ ਹੋਇਆ ਹੈ।

ਹੁਣ ਸਕੂਲੀ ਪੜ੍ਹਾਈ ਦੇ ਬਹਾਨੇ ਸਮੂਹ ਦੁਨੀਆਂ ਵਿੱਚ ਵਸਦੇ ਪੰਜਾਬੀਆਂ ਦਾ ਮਨੋਰੰਜਨ ਖੋਹਿਆ ਹੋਇਆ ਹੈ,ਸਕੂਲੀ ਬੱਚਿਆਂ ਨੂੰ ਗੁੜ੍ਹਤੀ ਨੁਮਾ ਪੜ੍ਹਾਈ ਕਰਾਈ ਜਾ ਰਹੀ ਹੈ।ਪ੍ਰਸਾਰ ਭਾਰਤੀ ਪੰਜਾਬ ਸਰਕਾਰ ਸਾਡੀਆਂ ਰਾਜਨੀਤਕ ਪਾਰਟੀਆਂ ਤੇ ਸਮਾਜਕ ਜਥੇਬੰਦੀਆਂ ਨੂੰ ਲੋਕ ਪ੍ਰਸਾਰਣ ਸੇਵਾ ਤੇ ਪੰਜਾਬ ਸਕੂਲ ਸਿੱਖਿਆ ਦੀ ਨੀਤੀ ਸਹੀ ਰੂਪ ਵਿਚ ਕਰਨ ਲਈ ਪੂਰਨ ਵਿੱਚ ਯੋਗਦਾਨ ਪਾਉਣਾ ਚਾਹੀਦਾ ਹੈ ਨਹੀਂ ਤਾਂ ਸਾਡੀ ਮਾਂ ਬੋਲੀ ਦਾ ਪ੍ਰਚਾਰ ਤੇ ਪ੍ਰਸਾਰ ਰੁਕਿਆ ਰਹੇਗਾ ਤੇ ਸਾਡੇ ਆਉਣ ਵਾਲੇ ਭਵਿੱਖ ਬੱਚਿਆਂ ਦੀ ਪਡ਼੍ਹਾਈ ਦਾ ਘਾਣ ਹੁੰਦਾ ਰਹੇਗਾ।

ਰਮੇਸ਼ਵਰ ਸਿੰਘ

ਸੰਪਰਕ ਨੰਬਰ-9914880392

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਵਿਧਾਇਕ ਚੀਮਾ ਵਲੋਂ ਸੁਲਤਾਨਪੁਰ ਲੋਧੀ ਵਿਖੇ ‘ਸਮਾਰਟ ਸਿਟੀ’ ਯੋਜਨਾ ਤਹਿਤ 2 ਪਾਰਕਾਂ ਦਾ ਨੀਂਹ ਪੱਥਰ
Next articleਸੇਵਾ ਦਾ ਪ੍ਰਭਾਵ