ਸੇਵਾ ਦਾ ਪ੍ਰਭਾਵ

ਗੁਰਮਾਨ ਸੈਣੀ

(ਸਮਾਜ ਵੀਕਲੀ)

ਸ਼ਹਿਰ ਕਟਕ ਵਿੱਚ ਹੈਜੇ ਦਾ ਪ੍ਰਕੋਪ ਫੈਲਦਾ ਜਾ ਰਿਹਾ ਸੀ। ਉੜੀਆ ਬਜ਼ਾਰ ਮੁਹੱਲੇ ਵਿੱਚ ਉਸਦਾ ਪ੍ਰਕੋਪ ਕੁਝ ਜ਼ਿਆਦਾ ਹੀ ਸੀ ਕਿਉਂਕਿ ਇੱਥੇ ਲੋਕ ਸਫਾਈ ਵੱਲ ਧਿਆਨ ਨਹੀਂ ਸੀ ਦਿੰਦੇ। ਉਨ੍ਹਾਂ ਲੋਕਾਂ ਦੀ ਤਰਸਯੋਗ ਹਾਲਤ ਦੇਖ ਕੇ ਕੁਝ ਸੇਵਾ ਭਾਵ ਵਾਲੇ ਮੁੰਡਿਆਂ ਨੂੰ ਬਹੁਤ ਦੁੱਖ ਪੁੱਜਾ। ਆਖ਼ਰ ਨੂੰ ਉਨ੍ਹਾਂ ਨੇ ਇੱਕ ਸਭਾ ਬਣਾ ਕੇ ਮੁਹੱਲੇ ਦੀ ਸਫਾਈ ਤੇ ਬਿਮਾਰਾਂ ਦੀ ਸੇਵਾ ਸ਼ੁਰੂ ਕਰ ਦਿੱਤੀ। ਇਸ ਦਲ ਦੀ ਅਗਵਾਈ ਸੁਭਾਸ਼ ਬਾਬੂ ਕਰ ਰਹੇ ਸਨ ਜਿਨ੍ਹਾਂ ਦੀ ਉਮਰ ਉਦੋਂ ਬਾਰਾਂ ਤੇਰਾਂ ਸਾਲ ਦੀ ਸੀ। ਇਸ ਸੇਵਾ ਕਰਕੇ ਆਮ ਲੋਕਾਂ ਦੇ ਪ੍ਰਾਣਾਂ ਦੀ ਰੱਖਿਆ ਹੋਣ ਲੱਗੀ। ਪਰ ਉੱਥੇ ਰਹਿਣ ਵਾਲੇ ਇੱਕ ਗੁੰਡੇ ਹੈਦਰ ਖਾਂ ਨੂੰ ਇਹ ਸਭ ਚੰਗਾ ਨਾ ਲੱਗਾ। ਉਨ੍ਹਾਂ ਦੇਖਿਆ ਕਿ ਬਹੁਤੇ ਲੜਕੇ ਬਾਬੂਪਾੜਾ ਮੁਹੱਲੇ ‌ਦੇ ਹਨ, ਜਿੱਥੇ ਜ਼ਿਆਦਾਤਰ ਵਕੀਲ ਰਹਿੰਦੇ ਹਨ।‌

ਇਨ੍ਹਾਂ ਵਕੀਲਾਂ ਕਾਰਨ ਹੀ ਮੈਂਨੂੰ ਜੇਲ ਜਾਣਾ ਪੈਂਦਾ ਹੈ ਇਹ ਸੋਚ ਕੇ ਉਹ ਬਾਬੂਪਾੜਾ ਮੁਹੱਲੇ ਦੇ ਲੋਕਾਂ ਨਾਲ ਵੈਰ ਭਾਵ ਰੱਖਦਾ ਸੀ। ਉਹ ਹਮੇਸਾ ਆਪਣੇ ਮੁਹੱਲੇ ‌ਵਾਲਿਆਂ ਨੂੰ ਉਨ੍ਹਾਂ ਦੀਆਂ ਸੇਵਾਵਾਂ ਨਾ ਲੈਣ ਵਾਸਤੇ ਵਰਜਦਾ। ਉਸਦੇ ਗੁੰਡਾ ਹੋਣ ਕਾਰਨ ਜਿਹੜੇ ਲੋਕ ਸੇਵਾ ਲੈਣ ਤੋਂ ਇਨਕਾਰ ਕਰਦੇ ਲੜਕੇ ਸਗੋਂ ਹੋਰ ਵੱਧ ਸੇਵਾ ਭਾਵ ਤੇ ਨਿੱਮਰਤਾ ਨਾਲ ਸੇਵਾ ਨੂੰ ਅੰਜਾਮ ਦੇਣ ਲੱਗਦੇ।

ਸੰਜੋਗ ਵੱਸ ਤਿੰਨ ਚਾਰ ਦਿਨਾਂ ਬਾਅਦ ਹੀ ਹੈਦਰ ਖਾਂ ਦੇ ਮੁੰਡੇ ਨੂੰ ਵੀ ਹੈਜੇ ਨੇ ਘੇਰ ਲਿਆ। ਮੁੰਡਿਆਂ ਦੀ ਪੂਰੀ ਟੋਲੀ ਹੈਦਰ ਖਾਂ ਦੇ ਘਰ ਜਾ ਕੇ ਸਫਾਈ ਤੇ ਸੇਵਾ ਵਿੱਚ ਜੁਟ ਗਈ। ਇਹ ਦ੍ਰਿਸ਼ ਦੇਖ ਕੇ ਹੈਦਰ ਖਾਂ ਹੈਰਾਨ ਰਹਿ ਗਿਆ। ਉਸਦੇ ਮਨ ਵਿੱਚ ਮੁੰਡਿਆਂ ਤੇ ਬਾਬੂਪਾੜਾ ਮੁਹੱਲੇ ਦੇ ਲੋਕਾਂ ਲਈ ਵੈਰ ਭਾਵ ਜਾਂਦਾ ਰਿਹਾ। ਜਦੋਂ ਉਸਨੇ ਆਖਿਆ ਕਿ ਮੁੰਡਿਓ ਮੈਂ ਹੈਦਰ ਖਾਂ ਹਾਂ, ਤੁਹਾਡਾ ਦੁਸ਼ਮਣ, ਤਾਂ ਸੁਭਾਸ਼ ਨੇ ਕਿਹਾ ਕਿ ਹਰ ਰੋਗੀ ਸਾਡਾ ਭਰਾ ਹੈ। ਭਰਾ ਦਾ ਬਾਪ ਕਦੇ ਵੀ ਦੁਸ਼ਮਣ ਨਹੀਂ ਹੋ ਸਕਦਾ। ਹੈਦਰ ਨੇ ਭਰੇ ਹੋਏ ਗਲ਼ੇ ਨਾਲ ਸਭ ਮੁੰਡਿਆਂ ਤੋਂ ਮੁਆਫੀ ਮੰਗੀ। ਉਸਦਾ ਦਿਲ ਹੁਣ ਬਦਲ ਗਿਆ ਸੀ। ਹੁਣ ਉਹ ਵੀ ਉਨ੍ਹਾਂ ਮੁੰਡਿਆਂ ਦੀ ਟੋਲੀ ਵਿੱਚ ਸ਼ਾਮਲ ਹੋ ਕੇ ਜਨ ਸੇਵਾ ਵਿੱਚ ਜੁਟ ਗਿਆ।

( ਸੀਰੀਜ਼ : ਗੰਗਾ ਸਾਗਰ ਵਿਚੋਂ )

ਪੇਸ਼ਕਸ਼ : ਗੁਰਮਾਨ ਸੈਣੀ
ਰਾਬਤਾ : 9256346906
8360487488

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਦੂਰਦਰਸ਼ਨ ਪੰਜਾਬੀ ਤੇ ਸਕੂਲੀ ਸਿੱਖਿਆ ਵਰਦਾਨ ਕੇ ਸਰਾਪ ?
Next articleਰੋਟੀ ਕੱਪੜਾ ਅਤੇ ਮਕਾਨ