ਦੀਦੀ ਨੇ ਤੀਜੀ ਵਾਰ ਲਿਆ ਮੁੱਖ ਮੰਤਰੀ ਵਜੋਂ ਹਲਫ਼

ਕੋਲਕਾਤਾ (ਸਮਾਜ ਵੀਕਲੀ) : ਟੀਐੱਮਸੀ ਸੁਪਰੀਮੋ ਮਮਤਾ ਬੈਨਰਜੀ ਨੇ ਅੱਜ ਲਗਾਤਾਰ ਤੀਜੀ ਵਾਰ ਪੱਛਮੀ ਬੰਗਾਲ ਦੇ ਮੁੱਖ ਮੰਤਰੀ ਵਜੋਂ ਹਲਫ਼ ਲਿਆ। ਉਨ੍ਹਾਂ ਸੂਬੇ ’ਚ ਚੋਣ ਨਤੀਜਿਆਂ ਤੋਂ ਬਾਅਦ ਹੋ ਰਹੀ ਸਿਆਸੀ ਹਿੰਸਾ ਦੇ ਦੋਸ਼ੀਆਂ ਨੂੰ ਨਾ ਬਖ਼ਸ਼ਣ ਦਾ ਅਹਿਦ ਵੀ ਲਿਆ। ਕੋਵਿਡ ਮਹਾਮਾਰੀ ਕਾਰਨ ਹੋੲੇ ਸਾਦੇ ਸਮਾਗਮ ਦੌਰਾਨ ਰਾਜ ਭਵਨ ’ਚ ਰਾਜਪਾਲ ਜਗਦੀਪ ਧਨਖੜ ਨੇ ਮਮਤਾ ਨੂੰ ਅਹੁਦੇ ਦੇ ਭੇਤ ਗੁਪਤ ਰੱਖਣ ਦੀ ਸਹੁੰ ਚੁਕਾਈ।

ਬਾਂਗਲਾ ’ਚ ਹਲਫ਼ ਲੈਣ ਵਾਲੀ ਮਮਤਾ ਬੈਨਰਜੀ ਸੂਬੇ ਦੀ 21ਵੀਂ ਮੁੱਖ ਮੰਤਰੀ ਹੈ। ਉਂਜ ਮੁੱਖ ਮੰਤਰੀ ਬਣਨ ਵਾਲੀ ਉਹ ਪੱਛਮੀ ਬੰਗਾਲ ਦੀ 8ਵੀਂ ਆਗੂ ਹੈ। ਮਮਤਾ ਬੈਨਰਜੀ ਨੇ ਅੱਜ ਇਕੱਲਿਆਂ ਹੀ ਸਹੁੰ ਚੁੱਕੀ ਅਤੇ ਪਾਰਟੀ ਸੂਤਰਾਂ ਮੁਤਾਬਕ ਕੈਬਨਿਟ ਦਾ ਵਿਸਥਾਰ 9 ਮਈ ਨੂੰ ਨੋਬੇਲ ਪੁਰਸਕਾਰ ਜੇਤੂ ਰਾਬਿੰਦਰਨਾਥ ਟੈਗੋਰ ਦੀ ਜੈਅੰਤੀ ਮੌਕੇ ਕੀਤਾ ਜਾਵੇਗਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਟਵੀਟ ਕਰਕੇ ਮਮਤਾ ਬੈਨਰਜੀ ਨੂੰ ਮੁੱਖ ਮੰਤਰੀ ਬਣਨ ਦੀ ਵਧਾਈ ਦਿੱਤੀ ਹੈ।

ਹਲਫ਼ਦਾਰੀ ਸਮਾਗਮ ’ਚ ਭਾਜਪਾ, ਖੱਬੇ ਪੱਖੀ ਪਾਰਟੀਆਂ ਅਤੇ ਕਾਂਗਰਸ ਨੇ ਹਿੱਸਾ ਨਹੀਂ ਲਿਆ। ਇਸ ਮੌਕੇ ਚੋਣ ਰਣਨੀਤੀਕਾਰ ਪ੍ਰਸ਼ਾਂਤ ਕਿਸ਼ੋਰ, ਮਮਤਾ ਦਾ ਭਤੀਜਾ ਸੰਸਦ ਮੈਂਬਰ ਅਭਿਸ਼ੇਕ ਬੈਨਰਜੀ ਅਤੇ ਤ੍ਰਿਣਮੂਲ ਕਾਂਗਰਸ ਦੇ ਹੋਰ ਆਗੂ ਹਾਜ਼ਰ ਸਨ। ਹਲਫ਼ ਲੈਣ ਤੋਂ ਬਾਅਦ ਮਮਤਾ ਬੈਨਰਜੀ ਨੇ ਕਿਹਾ,‘‘ਸਰਕਾਰ ਦੀ ਪ੍ਰਾਥਮਿਕਤਾ ਬੇਕਾਬੂ ਹੋ ਰਹੇ ਕੋਵਿਡ ਹਾਲਾਤ ਨੂੰ ਕੰਟਰੋਲ ’ਚ ਕਰਨਾ ਹੈ।’’ ਸੂਬੇ ’ਚ ਚੋਣਾਂ ਤੋਂ ਬਾਅਦ ਹੋਈ ਹਿੰਸਾ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ,‘‘ਅੱਜ ਤੋਂ ਮੈਂ ਅਮਨ-ਕਾਨੂੰਨ ਦੀ ਹਾਲਤ ਨਾਲ ਪੂਰੀ ਸਖ਼ਤੀ ਨਾਲ ਨਜਿੱਠਾਂਗੀ। ਇਹ ਮੇਰੀ ਦੂਜੀ ਪ੍ਰਾਥਮਿਕਤਾ ਹੋਵੇਗੀ। ਅਸੀਂ ਕਿਸੇ ਨੂੰ ਵੀ ਬਖ਼ਸ਼ਾਂਗੇ ਨਹੀਂ ਅਤੇ ਅਮਨੋ-ਅਮਾਨ ਬਹਾਲ ਕਰਨ ਲਈ ਹਰ ਹਰਬਾ ਵਰਤਾਂਗੇ।’’

ਉਨ੍ਹਾਂ ਸਾਰੀਆਂ ਪਾਰਟੀਆਂ ਨੂੰ ਬੇਨਤੀ ਕੀਤੀ ਕਿ ਉਹ ਸ਼ਾਂਤੀ ਬਹਾਲ ਕਰਨ ’ਚ ਸਹਾਇਤਾ ਕਰਨ। ਮੁੱਖ ਮੰਤਰੀ ਦਾ ਅਹੁਦਾ ਤੀਜੀ ਵਾਰ ਸੰਭਾਲਣ ’ਤੇ ਮਮਤਾ ਬੈਨਰਜੀ ਨੂੰ ਵਧਾਈ ਦਿੰਦਿਆਂ ਰਾਜਪਾਲ ਧਨਖੜ ਨੇ ਆਸ ਜਤਾਈ ਕਿ ਉਹ ਸੰਵਿਧਾਨ ਅਤੇ ਕਾਨੂੰਨ ਮੁਤਾਬਕ ਸਰਕਾਰ ਚਲਾਏਗੀ। ਚੋਣਾਂ ਤੋਂ ਬਾਅਦ ਸ਼ੁਰੂ ਹੋਈ ਹਿੰਸਾ ਦਾ ਜ਼ਿਕਰ ਕਰਦਿਆਂ ਸ੍ਰੀ ਧਨਖੜ ਨੇ ਕਿਹਾ ਕਿ ਇਹ ਮੁੱਦਾ ਉਨ੍ਹਾਂ ਮੁੱਖ ਮੰਤਰੀ ਦੇ ਨੋਟਿਸ ’ਚ ਲਿਆਂਦਾ ਹੈ। ‘ਸਾਡੀ ਪ੍ਰਾਥਮਿਕਤਾ ਖ਼ਤਰਨਾਕ ਹਿੰਸਾ ਨੂੰ ਖ਼ਤਮ ਕਰਨ ਦੀ ਹੈ ਜਿਸ ਨੇ ਪੂਰੇ ਸਮਾਜ ਨੂੰ ਪ੍ਰਭਾਵਿਤ ਕੀਤਾ ਹੈ। ਚੋਣਾਂ ਤੋਂ ਬਾਅਦ ਦੀ ਹਿੰਸਾ ਜੇਕਰ ਬਦਲਾ ਲੈਣ ਦੇ ਇਰਾਦੇ ਨਾਲ ਕੀਤੀ ਗਈ ਹੈ ਤਾਂ ਇਹ ਜਮਹੂਰੀਅਤ ਦੇ ਵੀ ਉਲਟ ਹੈ।’

ਸ੍ਰੀ ਧਨਖੜ ਹਿੰਸਾ ਨੂੰ ਲੈ ਕੇ ਸੂਬਾ ਸਰਕਾਰ ਦੀ ਵਾਰ ਵਾਰ ਖਿਚਾਈ ਕਰਦੇ ਆ ਰਹੇ ਹਨ ਅਤੇ ਕਈ ਮੁੱਦਿਆਂ ਨੂੰ ਲੈ ਕੇ ਉਨ੍ਹਾਂ ਦੀ ਮਮਤਾ ਬੈਨਰਜੀ ਨਾਲ ਤਕਰਾਰ ਹੁੰਦੀ ਰਹੀ ਹੈ। ਰਾਜਪਾਲ ਨੇ ਆਸ ਜਤਾਈ ਕਿ ਮੁੱਖ ਮੰਤਰੀ ਫੌਰੀ ਆਧਾਰ ’ਤੇ ਅਮਨ-ਕਾਨੂੰਨ ਬਹਾਲ ਕਰਨ ਲਈ ਕਦਮ ਉਠਾਏਗੀ ਅਤੇ ਪ੍ਰਭਾਵਿਤਾਂ ਖਾਸ ਕਰਕੇ ਔਰਤਾਂ ਤੇ ਬੱਚਿਆਂ ਲਈ ਰਾਹਤ ਯਕੀਨੀ ਬਣਾਏਗੀ। ਹਲਫ਼ਦਾਰੀ ਸਮਾਗਮ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਨਵੀਂ ਸਰਕਾਰ ਤੋਂ ਆਸ ਜਤਾਈ ਕਿ ਉਹ ਸਹਿਕਾਰੀ ਸੰਘਵਾਦ ਦੀ ਨਵੀਂ ਪਹੁੰਚ ਪ੍ਰਤੀ ਵਚਨਬੱਧਤਾ ਦਿਖਾਏਗੀ।

ਮਮਤਾ ਬੈਨਰਜੀ ਨੂੰ ਆਪਣੀ ਛੋਟੀ ਭੈਣ ਆਖਦਿਆਂ ਉਨ੍ਹਾਂ ਕਿਹਾ ਕਿ ਜਦੋਂ ਸੂਬੇ ਲਈ ਕੋਈ ਸੰਕਟ ਖੜ੍ਹਾ ਹੁੰਦਾ ਹੈ ਤਾਂ ਸਾਰਿਆਂ ਨੂੰ ਆਪਣੇ ਹਿੱਤਾਂ ਤੋਂ ਉਪਰ ਉੱਠਣਾ ਹੁੰਦਾ ਹੈ। ਜਿਵੇਂ ਹੀ ਰਾਜਪਾਲ ਨੇ ਆਪਣਾ ਸੰਬੋਧਨ ਖ਼ਤਮ ਕੀਤਾ ਤਾਂ ਮਮਤਾ ਬੈਨਰਜੀ ਨੇ ਕਿਹਾ ਕਿ ਉਸ ਨੇ ਹੁਣੇ ਹੀ ਅਹੁਦਾ ਸੰਭਾਲਿਆ ਹੈ ਅਤੇ ਤਿੰਨ ਮਹੀਨਿਆਂ ਤੱਕ ਪੁਲੀਸ ਪ੍ਰਸ਼ਾਸਨ ਚੋਣ ਕਮਿਸ਼ਨ ਵੱਲੋਂ ਚਲਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਕੁਝ ਸਿਆਸੀ ਪਾਰਟੀਆਂ ਵੱਲੋਂ ਉਥੇ ਵਧੀਕੀਆਂ ਕੀਤੀਆਂ ਜਾ ਰਹੀਆਂ ਹਨ ਜਿਥੋਂ ਉਹ ਜੇਤੂ ਰਹੀਆਂ ਹਨ।

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleReady to promote Israeli-Palestinian dialogue: Russian FM
Next articleਆਰਬੀਆਈ ਵੱਲੋਂ ਸਿਹਤ ਢਾਂਚੇ ਲਈ 50 ਹਜ਼ਾਰ ਕਰੋੜ ਦਾ ਵਿਸ਼ੇਸ਼ ਪ੍ਰਬੰਧ