ਦਲ ਖਾਲਸਾ ਵੱਲੋਂ ਭਾਸ਼ਾ, ਕਿਸਾਨੀ ਤੇ ਨੌਜਵਾਨੀ ਦੇ ਹੱਕ ਵਿੱਚ ਰੈਲੀ

ਅੰਮ੍ਰਿਤਸਰ (ਸਮਾਜ ਵੀਕਲੀ) ਦਲ ਖਾਲਸਾ ਨੇ ਅੱਜ ‘ਪੰਜਾਬ ਦਿਵਸ’ ਮੌਕੇ ਪੰਜਾਬ ਦੇ ਲੁੱਟੇ ਜਾ ਰਹੇ ਪਾਣੀਆਂ, ਪੰਜਾਬੀ ਭਾਸ਼ਾ ਨੂੰ ਦਰਕਿਨਾਰ ਕਰਨ, ਨਸਲਕੁਸ਼ੀ ਦੀ ਸ਼ਿਕਾਰ ਨੌਜਵਾਨੀ ਅਤੇ ਉਜਾੜੀ ਜਾ ਰਹੀ ਕਿਸਾਨੀ ਵਿਰੁੱਧ ਰੈਲੀ ਕੀਤੀ। ਰੈਲੀ ਮਗਰੋਂ ਜਥੇਬੰਦੀ ਦੇ ਪ੍ਰਧਾਨ ਹਰਪਾਲ ਸਿੰਘ ਚੀਮਾ ਦੀ ਅਗਵਾਈ ਹੇਠ ਨੌਜਵਾਨਾਂ ਨੇ ਮਸ਼ਾਲਾਂ ਫੜ ਕੇ ਨਵੰਬਰ 1984 ਦੇ ਸ਼ਹੀਦਾਂ ਦੀ ਯਾਦ ਵਿਚ ਭੰਡਾਰੀ ਪੁਲ ਤੋਂ ਅਕਾਲ ਤਖ਼ਤ ਤੱਕ ਮਾਰਚ ਕੀਤਾ। ਇਸ ਦੌਰਾਨ ਆਗੂਆਂ ਨੇ ਸਖ਼ਤ ਲਹਿਜ਼ੇ ਵਿਚ ਕਿਹਾ ਕਿ ਯੂਐੱਨਓ ਦੀ ਚੁੱਪ ਨੇ ਸਿੱਖ ਕੌਮ ਅਤੇ ਪੀੜਤਾਂ ਨੂੰ ਨਿਰਾਸ਼ ਕੀਤਾ ਹੈ।

ਇਸ ਦੌਰਾਨ ਸ੍ਰੀ ਚੀਮਾ ਨੇ ਕਿਹਾ ਕਿ ਪੰਜਾਬ ਦੇ ਵਸਨੀਕ ਆਪਣੀ ਹੋਂਦ ਅਤੇ ਹੱਕਾਂ ਲਈ ਲੜ ਰਹੇ ਹਨ। ਉਨ੍ਹਾਂ ਯੂਐੱਨਓ, ਅੰਤਰਾਸ਼ਟਰੀ ਭਾਈਚਾਰੇ ਸਮੇਤ ਵਿਸ਼ਵ ਭਰ ਵਿਚ ਕੰਮ ਕਰ ਰਹੇ ਮਨੁੱਖੀ ਅਧਿਕਾਰ ਸੰਗਠਨਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਨੁਮਾਇੰਦੇ ਪੰਜਾਬ ਵਿਚ ਭੇਜਣ ਤਾਂ ਜੋ ਉਹ ਇਹ ਵੇਖ ਸਕਣ ਕਿ ਭਾਰਤ ਸਰਕਾਰ ਦੀਆਂ ਫਾਸ਼ੀਵਾਦੀ ਨੀਤੀਆਂ ਅਤੇ ਮਾਰੂ ਹਮਲਿਆਂ ਕਾਰਨ ਪੰਜਾਬ ਨੂੰ ਬਰਬਾਦ ਕੀਤਾ ਜਾ ਰਿਹਾ ਹੈ।

ਜਥੇਬੰਦੀ ਦੇ ਬੁਲਾਰੇ ਕੰਵਰਪਾਲ ਸਿੰਘ ਨੇ ਕਿਹਾ ਕਿ ਸਮਾਂ ਇਹ ਮੰਗ ਕਰਦਾ ਹੈ ਕਿ ਪੰਜਾਬ ਦੀ ਆਰਥਿਕਤਾ ਨੂੰ ਹੁਲਾਰਾ ਦੇਣ ਲਈ ਨੇਪਾਲ (ਵੀਜ਼ਾ ਫ੍ਰੀ) ਦੀ ਤਰਜ਼ ’ਤੇ ਪੰਜਾਬ ਨਾਲ ਲੱਗਦੀ ਅੰਤਰਰਾਸ਼ਟਰੀ ਸਰਹੱਦ ਨੂੰ ਖੋਲ੍ਹਿਆ ਜਾਵੇ।

ਆਗੂ ਹਰਚਰਨਜੀਤ ਸਿੰਘ ਧਾਮੀ ਨੇ ਕਿਹਾ ਕਿ ਪੰਜਾਬ ਦਾ ਕਿਸਾਨ ਹੁਣ ਆਪਣੇ ਆਪ ਨੂੰ ਅਸੁਰੱਖਿਅਤ ਮਹਿਸੂਸ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਅਟਾਰੀ-ਵਾਹਗਾ ਸਰਹੱਦ ਰਾਹੀਂ ਖੁੱਲ੍ਹਾ ਅੰਤਰਰਾਸ਼ਟਰੀ ਵਪਾਰ ਕਰਨ ਦੀ ਲੋੜ ਪੂਰੀ ਕਰਨ ਵਾਸਤੇ ਕਿਸਾਨ ਕੇਂਦਰ ਸਰਕਾਰ ’ਤੇ ਦਬਾਅ ਬਣਾਉਣ।

Previous articleਮਾਨਸਾ ’ਚ ਕਿਸਾਨ ਸੰਘਰਸ਼ ਦੌਰਾਨ ਮਰੀ ਮਾਤਾ ਤੇਜ ਕੌਰ ਦੇ ਪਰਿਵਾਰ ਨੂੰ ਮਿਲੇ ਪੰਜ ਲੱਖ, ਬਾਕੀ ਪੰਜ ਲੱਖ ਭੋਗ ’ਤੇ ਮਿਲਣਗੇ
Next articleਹਰਿਆਣਾ: ਨਿਕਿਤਾ ਕਾਂਡ ਬਾਰੇ ‘ਮਹਾਪੰਚਾਇਤ’ ਦੌਰਾਨ ਪੁਲੀਸ ’ਤੇ ਪੱਥਰਬਾਜ਼ੀ