ਹਰਿਆਣਾ: ਨਿਕਿਤਾ ਕਾਂਡ ਬਾਰੇ ‘ਮਹਾਪੰਚਾਇਤ’ ਦੌਰਾਨ ਪੁਲੀਸ ’ਤੇ ਪੱਥਰਬਾਜ਼ੀ

ਫਰੀਦਾਬਾਦ (ਸਮਾਜ ਵੀਕਲੀ) : ਹਰਿਆਣਾ ਦੇ ਬੱਲਭਗੜ੍ਹ ਸਥਿਤ ਕਾਲਜ ਸਾਹਮਣੇ 21 ਸਾਲਾ ਵਿਦਿਆਰਥਣ ਨਿਕਿਤਾ ਤੋਮਰ ਨੂੰ ਗੋਲੀ ਮਾਰਨ ਦੇ ਮਾਮਲੇ ਵਿਚ ਇਕ ‘ਮਹਾਪੰਚਾਇਤ’ ਦੌਰਾਨ ਭੜਕੇ ਨੌਜਵਾਨਾਂ ਨੇ ਹੰਗਾਮਾ ਕੀਤਾ ਤੇ ਮਗਰੋਂ ਤੋੜ-ਭੰਨ੍ਹ ਵੀ ਕੀਤੀ। ਪੰਚਾਇਤ ਦਸਹਿਰਾ ਗਰਾਊਂਡ, ਬੱਲਭਗੜ੍ਹ ਵਿਖੇ ਕੀਤੀ ਜਾ ਰਹੀ ਸੀ। ਵੇਰਵਿਆਂ ਮੁਤਾਬਕ ਇਸ ਦੌਰਾਨ ਦੋ ਗਰੁੱਪਾਂ ਵਿਚਾਲੇ ਤਕਰਾਰ ਹੋਈ ਹੈ।

ਕਰੀਬ 500 ਵਿਅਕਤੀਆਂ ਨੇ ਕੌਮੀ ਮਾਰਗ ਉਤੇ ਜਾਮ ਲਾਇਆ ਤੇ ਪੁਲੀਸ ਨੂੰ ਤਾਕਤ ਦੀ ਵਰਤੋਂ ਕਰਨੀ ਪਈ। ਮਹਾਪੰਚਾਇਤ ਵਿਚ ਕੁਝ ਵਿਅਕਤੀਆਂ ਨੇ ਐਨਆਈਟੀ ਹਲਕੇ ਤੋਂ ਕਾਂਗਰਸੀ ਵਿਧਾਇਕ ਨੀਰਜ ਸ਼ਰਮਾ ਵੱਲ ਜੁੱਤੀ ਸੁੱਟਣ ਦਾ ਯਤਨ ਵੀ ਕੀਤਾ। ਇਹ ਪੰਚਾਇਤ ਕਈ ਸਮਾਜਿਕ ਸੰਗਠਨਾਂ ਤੇ ਫ਼ਿਰਕਿਆਂ ਦੀ ਨੁਮਾਇੰਦਗੀ ਕਰਦੀਆਂ ਜਥੇਬੰਦੀਆਂ ਵੱਲੋਂ ਕਰਵਾਈ ਗਈ ਸੀ। ਕੁੱਝ ਨੌਜਵਾਨਾਂ ਨੇ ਕੌਮੀ ਮਾਰਗ ’ਤੇ ਜਾਮ ਲਾ ਦਿੱਤਾ। ਉਨ੍ਹਾਂ ਦੋ ਦੁਕਾਨਾਂ ਨੂੰ ਵੀ ਨਿਸ਼ਾਨਾ ਬਣਾਇਆ।

ਇਸੇ ਦੌਰਾਨ ਜਿਉਂ ਹੀ ਪੁਲੀਸ ਨੇ ਹਲਕਾ ਲਾਠੀਚਾਰਜ ਕੀਤਾ ਤਾਂ ਭੀੜ ਵਿਚੋਂ ਨੌਜਵਾਨਾਂ ਨੇ ਪੁਲੀਸ ਉਤੇ ਵੀ ਪੱਥਰ ਸੁੱਟਣੇ ਸ਼ੁਰੂ ਕਰ ਦਿੱਤੇ। ਇੱਟਾਂ ਨਾਲ ਭਰੀ ਇਕ ਟਰੈਕਟਰ ਟਰਾਲੀ ਨੂੰ ਮੁਜ਼ਾਹਰਾਕਾਰੀਆਂ ਨੇ ਸੜਕ ’ਤੇ ਰੋਕ ਲਿਆ ਤੇ ਉਸ ਵਿੱਚੋਂ ਇੱਟਾਂ-ਰੋੜੇ ਚੁੱਕ ਕੇ ਪੁਲੀਸ ਉਪਰ ਸੁੱਟਣੇ ਸ਼ੁਰੂ ਕਰ ਦਿੱਤੇ। ਜਾਣਕਾਰੀ ਮੁਤਾਬਕ 10 ਪੁਲੀਸ ਕਰਮੀ ਜ਼ਖ਼ਮੀ ਹੋ ਗਏ ਹਨ। ਪੁਲੀਸ ਨੇ ਕੁੱਝ ਨੂੰ ਹਿਰਾਸਤ ਵਿੱਚ ਵੀ ਲਿਆ ਹੈ। ਮੁਜ਼ਾਹਰਾਕਾਰੀਆਂ ਨੇ ਨਿਕਿਤਾ ਦੇ ਕਾਤਲਾਂ ਨੂੰ ਫ਼ਾਹੇ ਲਾਉਣ ਦੀ ਮੰਗ ਕਰਦੇ ਹੋਏ ਨਾਅਰੇਬਾਜ਼ੀ ਕੀਤੀ। ਇਸ ਕਾਰਨ ਬੱਲਭਗੜ੍ਹ-ਫਰੀਦਾਬਾਦ ਵਿਚਾਲੇ ਆਵਾਜਾਈ ਕੁੱਝ ਦੇਰ ਲਈ ਰੋਕਣੀ ਪਈ।

ਭੜਕੇ ਨੌਜਵਾਨਾਂ ਨੇ ਸੜਕ ਉੱਪਰ ਪਰਾਲੀ ਨੂੰ ਅੱਗ ਲਾ ਦਿੱਤੀ ਤੇ ਰਾਹਗੀਰਾਂ ਲਈ ਬਣੇ ਫਲਾਈਓਵਰ ਨੇੜੇ ਸਥਿਤ ਬਿਸਮਿੱਲਾ ਹੋਟਲ ਤੇ ਹੋਰ ਰੇਹੜੀਆਂ ਨੂੰ ਨਿਸ਼ਾਨਾ ਬਣਾਇਆ। ਬੱਲਭਗੜ੍ਹ ਮੈਟਰੋ ਸਟੇਸ਼ਨ ਨੇੜੇ ਪੁਲੀਸ ਨੇ ਪ੍ਰਦਰਸ਼ਨਕਾਰੀਆਂ ਨੂੰ ਖਦੇੜਨ ਲਈ ਲਾਠੀਚਾਰਜ ਕੀਤਾ। ਇਸੇ ਦੌਰਾਨ ਕੁੱਝ ਨੌਜਵਾਨ ਬੱਲਭਗੜ੍ਹ ਦੀ ਅਨਾਜ ਮੰਡੀ ਵਿੱਚ ਵੀ ਜਾ ਵੜੇ ਤੇ ਰਾਹ ਰੋਕ ਦਿੱਤਾ। ਫਰੀਦਾਬਾਦ ਪੁਲੀਸ ਨੇ ਸਥਿਤੀ ਉਤੇ ਕਾਬੂ ਪਾਉਣ ਲਈ ਵਾਧੂ ਸੁਰੱਖਿਆ ਬੰਦੋਬਸਤ ਕੀਤੇ ਹਨ। ਇਸ ਮਾਮਲੇ ਵਿਚ ਹੁਣ ਤੱਕ ਮੁੱਖ ਮੁਲਜ਼ਮ ਤੌਸੀਫ਼ ਸਣੇ ਤਿੰਨ ਜਣਿਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਨਿਕਿਤਾ ਨੇ ਕਥਿਤ ਤੌਰ ’ਤੇ ਤੌਸੀਫ਼ ਨਾਲ ਵਿਆਹ ਕਰਵਾਉਣ ਤੇ ਇਸਲਾਮ ਕਬੂਲ ਕਰਨ ਤੋਂ ਮਨ੍ਹਾਂ ਕਰ ਦਿੱਤਾ ਸੀ।

Previous articleਦਲ ਖਾਲਸਾ ਵੱਲੋਂ ਭਾਸ਼ਾ, ਕਿਸਾਨੀ ਤੇ ਨੌਜਵਾਨੀ ਦੇ ਹੱਕ ਵਿੱਚ ਰੈਲੀ
Next articleਚੀਨ ਵੱਲੋਂ ਪੀਐੱਲਏ ਨੂੰ ਅਮਰੀਕੀ ਫ਼ੌਜ ਦੀ ਤਰਜ਼ ’ਤੇ ਤਿਆਰ ਕਰਨ ਦੀ ਯੋਜਨਾ