ਮਾਨਸਾ ’ਚ ਕਿਸਾਨ ਸੰਘਰਸ਼ ਦੌਰਾਨ ਮਰੀ ਮਾਤਾ ਤੇਜ ਕੌਰ ਦੇ ਪਰਿਵਾਰ ਨੂੰ ਮਿਲੇ ਪੰਜ ਲੱਖ, ਬਾਕੀ ਪੰਜ ਲੱਖ ਭੋਗ ’ਤੇ ਮਿਲਣਗੇ

ਮਾਨਸਾ (ਸਮਾਜ ਵੀਕਲੀ) : ਕਿਸਾਨ ਸੰਘਰਸ਼ ਦੌਰਾਨ ਬੁਢਲਾਡਾ ਰੇਲਵ ਸਟੇਸ਼ਨ ’ਤੇ ਧਰਨੇ ਦੌਰਾਨ ਜਾਨ ਦੇਣ ਵਾਲੀ ਮਾਤਾ ਤੇਜ ਕੌਰ ਦੇ ਪਰਿਵਾਰ ਨੂੰ ਮੁਆਵਜ਼ਾ ਦਿਵਾਉਣ ਲਈ ਮਾਨਸਾ ਦੇ ਡਿਪਟੀ ਕਮਿਸ਼ਨਰ ਦੇ ਦਫ਼ਤਰ ਅਤੇ ਰਿਹਾਇਸ਼ ਦਾ ਘਿਰਾਓ ਕਰਨ ਵਾਲੀ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਨੇ ਮੰਗਾਂ ਮੰਨੇ ਜਾਣ ਬਾਅਦ ਘਿਰਾਓ ਖਤਮ ਕਰ ਦਿੱਤਾ।

ਜ਼ਿਲ੍ਹਾ ਪ੍ਰਸ਼ਾਸਨ ਅਤੇ ਕਿਸਾਨ ਜਥੇਬੰਦੀ ਵਿਚਕਾਰ ਸਮਝੌਤਾ ਹੋ ਗਿਆ ਹੈ। ਇਸ ਸਮਝੌਤੇ ਤਹਿਤ ਮਾਨਸਾ ਦੇ ਨਾਇਬ ਤਹਿਸੀਲਦਾਰ ਨੇ ਕਿਸਾਨਾਂ ਦੇ ਧਰਨੇ ਵਿਚ ਆਕੇ ਤਿੰਨ ਲੱਖ ਰੁਪਏ ਦਾ ਚੈੱਕ ਅਤੇ ਦੋ ਲੱਖ ਰੁਪਏ ਨਗਦ ਪਰਿਵਾਰ ਨੂੰ ਜਥੇਬੰਦਕ ਆਗੂਆਂ ਦੀ ਮੌਜੂਦਗੀ ਵਿੱਚ ਸੌਂਪਿਆ। ਜਥੇਬੰਦੀ ਦੇ ਜ਼ਿਲ੍ਹਾ ਪ੍ਰਧਾਨ ਰਾਮ ਸਿੰਘ ਭੈਣੀ ਬਾਘਾ ਨੇ ਦੱਸਿਆ ਕਿ ਇਸ ਸਮਝੌਤੇ ਤਹਿਤ ਦਸ ਲੱਖ ਰੁਪਏ ਅਤੇ ਇੱਕ ਜੀਅ ਨੂੰ ਨੌਕਰੀ ਅਤੇ ਕਰਜ਼ੇ ਉਪਰ ਲਕੀਰ ਫੇਰਨੀ ਸ਼ਾਮਲ ਹੈ।

ਸਰਕਾਰੀ ‌ਅਧਿਕਾਰੀ ਅਨੁਸਾਰ ਹੁਣ ਪੰਜ ਲੱਖ ਰੁਪਏ ਮਾਤਾ ਤੇਜ ਕੌਰ ਦੇ ਭੋਗ ਦੌਰਾਨ ਦਿੱਤਾ ਜਾਵੇਗਾ ਅਤੇ ਪਰਿਵਾਰ ਦੇ ਇੱਕ ਜੀਅ ਨੂੰ ਸਰਕਾਰੀ ਨੌਕਰੀ ਅਤੇ ਪਰਿਵਾਰ ਦੇ ਸਿਰ ਖੜ੍ਹੇ ਕਰਜ਼ੇ ਨੂੰ ਮੁਆਫ਼ ‌ਕਰਨ ਦੀ ਸਿਫਾਰਸ਼ ਪੰਜਾਬ ਸਰਕਾਰ ਨੂੰ ਭੇਜੀ ਗਈ ਹੈ। ਉਧਰ ਇਹ ਸਮਝੌਤਾ ਹੋਣ ਤੋਂ ਬਾਅਦ ਕਿਸਾਨ ਜਥੇਬੰਦੀ ਨੇ ਜੇਤੂ ਰੈਲੀ ਕਰਦਿਆਂ ਮੰਚ ਤੋਂ ਡਿਪਟੀ ਕਮਿਸ਼ਨਰ ਦੀ ਰਿਹਾਇਸ਼ ਅਤੇ ਦਫਤਰ ਦਾ ਘਿਰਾਓ ਤਿਆਗਣ‌ ਦਾ‌ ਬਕਿਆਦਾ ਐਲਾਨ ਕੀਤਾ ਗਿਆ।

ਇਸ ਮੌਕੇ ਡੀਐੱਸਪੀ ਗਰੁਮੀਤ ਸਿੰਘ ਵੀ ਮੌਜੂਦ ਸਨ।

Previous articleਬਾਰ ਕੌਂਸਲ ਵੱਲੋਂ ਕਾਨੂੰਨ ਯੂਨੀਵਰਸਿਟੀਆਂ ਨੂੰ ਪ੍ਰੀਖਿਆਵਾਂ ਕਰਵਾਉਣ ਦੀ ਮਨਜ਼ੂਰੀ
Next articleਦਲ ਖਾਲਸਾ ਵੱਲੋਂ ਭਾਸ਼ਾ, ਕਿਸਾਨੀ ਤੇ ਨੌਜਵਾਨੀ ਦੇ ਹੱਕ ਵਿੱਚ ਰੈਲੀ