ਬਠਿੰਡਾ ਦੇ ਗੁਰੂ ਨਾਨਕ ਦੇਵ ਥਰਮਲ ਪਲਾਂਟ ਦੇ ਬੰਦ ਹੋਣ ਤੋਂ ਬਾਅਦ ਥਰਮਲ ਦੇ ਸਕੂਲ ਦਾ ਭਵਿੱਖ ਵੀ ਖ਼ਤਰੇ ਵਿੱਚ ਪੈ ਗਿਆ ਹੈ, ਜਿਸ ਕਾਰਨ ਸਕੂਲ ਵਿੱਚ ਪੜ੍ਹਦੇ 330 ਵਿਦਿਆਰਥੀਆਂ ਦਾ ਭਵਿੱਖ ਦਾਅ ’ਤੇ ਲੱਗ ਗਿਆ ਹੈ। ਦੱਸਣਯੋਗ ਹੈ ਕਿ ਬਠਿੰਡਾ ਦੀ ਥਰਮਲ ਕਲੋਨੀ ਅੰਦਰ ਚੱਲ ਰਹੇ ਸਪੈਸ਼ਲ ਸਕੂਲ ਨੂੰ ਪਾਵਰਕੌਮ ਮੈਨੇਜਮੈਂਟ ਬੰਦ ਕਰਨ ’ਤੇ ਵਿਚਾਰ ਕਰਨ ਲੱਗੀ ਹੈ ਕਿਉਂਕਿ ਇਹ ਸਕੂਲ ਘਾਟੇ ਦਾ ਸੌਦਾ ਸਾਬਿਤ ਹੋਣ ਲੱਗਾ ਹੈ।
ਸਕੂਲ ਦੇ ਮਾੜੇ ਦਿਨ ਉਸ ਸਮੇਂ ਸ਼ੁਰੂ ਹੋਏ ਜਦੋਂ ਥਰਮਲ ਬੰਦ ਕਰਕੇ ਇਸ ਵਿੱਚ ਕੰਮ ਕਰਦੇ ਸਟਾਫ਼ ਨੂੰ ਦੂਜੇ ਥਾਂ ਸਿਫ਼ਟ ਕਰ ਦਿੱਤਾ ਗਿਆ ਅਤੇ ਵੱਡੀ ਗਿਣਤੀ ਵਿੱਚ ਵਿਦਿਆਰਥੀ ਸਟਾਫ਼ ਦੇ ਨਾਲ ਦੂਜੇ ਸਕੂਲਾਂ ਵਿੱਚ ਚਲੇ ਗਏ। ਪਾਵਰਕੌਮ ਦੇ ਅਧਿਕਾਰੀ ਕੁਲਦੀਪ ਕੁਮਾਰ ਦਾ ਕਹਿਣਾ ਹੈ ਕਿ ਸਕੂਲ ਅੰਦਰ ਸਿਰਫ਼ 40 ਵਿਦਿਆਰਥੀ ਹੀ ਥਰਮਲ ਕਲੋਨੀ ਦੇ ਹਨ ਜਦਕਿ ਦੂਜੇ ਵਿਦਿਆਰਥੀ ਕਲੋਨੀ ਤੋਂ ਬਾਹਰ ਦੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਭਾਵੇਂ ਸਕੂਲ ਨੂੰ ਪੈਰਾਂ ਸਿਰ ਕਰਨ ਲਈ ਸਕੂਲ ਵਿੱਚ ਬਾਹਰੀ ਵਿਦਿਆਰਥੀਆਂ ਨੰ ਦਾਖਲਾ ਦਿੱਤਾ ਗਿਆ ਸੀ ਪਰ ਪਾਵਰਕੌਮ ਮੈਨੇਜਮੈਂਟ ਦਾ ਮੰਨਣਾ ਹੈ ਕਿ ਸਕੂਲ ਅੰਦਰ ਪੜ੍ਹਾਈ ਕਰਵਾ ਰਹੇ 14 ਅਧਿਆਪਕਾਂ ਦੀ ਤਨਖ਼ਾਹ ਸਮੇਤ ਸਕੂਲ ਦੀ ਸਾਂਭ ਸੰਭਾਲ 2 ਕਰੋੜ ਵਿੱਚ ਪੈਂਦੀ ਹੈ ਜਿਸ ਕਾਰਨ ਇਹ ਸਕੂਲ ਪਾਵਰਕੌਮ ਮੈਨੇਜਮੈਂਟ ਲਈ ਘਾਟੇ ਦਾ ਸੌਦਾ ਸਾਬਤ ਹੋ ਗਿਆ ਹੈ। ਪਾਵਰਕੌਮ ਅਧਿਕਾਰੀਆਂ ਨੇ ਦੱਸਿਆ ਸਕੂਲ ਚਲਾਉਣ ਲਈ ਇੱਕ ਸਾਲ ਦਾ ਸਮਾਂ ਲਿਆ ਗਿਆ ਸੀ ਪਰ ਮੈਨੇਜਮੈਂਟ ਨੇ ਸਕੂਲ ਨੂੰ ਹੋਰ ਚਲਾਉਣ ਲਈ ਅੱਗੇ ਸਮਾਂ ਨਹੀਂ ਦਿੱਤਾ। ਇਸ ਸਕੂਲੀ ਦਾ ਸਟਾਫ਼ ਲਹਿਰਾ ਥਰਮਲ ਜਾਂ ਰੋਪੜ ਥਰਮਲ ਦੇ ਸਕੂਲਾਂ ਵਿੱਚ ਤਬਦੀਲ ਕੀਤਾ ਜਾਵੇਗਾ ਅਤੇ ਸਕੂਲ ਬੰਦ ਕਰ ਦਿੱਤਾ ਜਾਵੇਗਾ।
ਇਸ ਸਬੰਧੀ ਅਧਿਆਪਕ ਵਰਗ ਨੇ ਨਾਮ ਗੁਪਤ ਰੱਖਣ ਦੀ ਸ਼ਰਤ ’ਤੇ ਦੱਸਿਆ ਕਿ ਇਹ ਸਕੂਲ ਬੰਦ ਹੋਣ ਨਾਲ ਜਿਥੇ ਉਨ੍ਹਾਂ ਦੀ ਨੌਕਰੀ ਖ਼ਤਰੇ ਵਿੱਚ ਪੈ ਗਈ ਹੈ ਹੀ ਉਥੇ ਸਕੂਲ ਅੰਦਰ ਪੜ੍ਹਦੇ ਗਰੀਬ ਵਰਗ ਦੇ ਵਿਦਿਆਰਥੀਆਂ ਦਾ ਭਵਿੱਖ ਵੀ ਧੁੰਦਲਾ ਹੋ ਗਿਆ ਹੈ। ਉਨ੍ਹਾਂ ਪੰਜਾਬ ਸਰਕਾਰ ਤੇ ਬਿਜਲੀ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਤੋਂ ਮੰਗ ਕੀਤੀ ਹੈ ਕਿ ਇਸ ਸਕੂਲ ਨੂੰ ਬੰਦ ਨਾ ਕਰਕੇ ਚਲਦਾ ਰੱਖਿਆ ਜਾਵੇ।
INDIA ਥਰਮਲ ਕਲੋਨੀ ਦੇ ਸਪੈਸ਼ਲ ਸਕੂਲ ’ਤੇ ਸੰਕਟ ਦੇ ਬੱਦਲ