ਤੇਰੇ ਲਈ

(ਸਮਾਜ ਵੀਕਲੀ)

ਤੂੰ ਫੁੱਲਾਂ ਵਾਂਗੂ ਹੱਸਿਆ ਕਰ
ਤੇਰੇ ਹਾਸੇ ਬੜੇ ਪਿਆਰੇ ਆ|
ਨੈਣ ਨਕਸ਼ ਜਿਵੇਂ ਕੁਦਰਤ ਨੇ
ਬੜੇ ਰੀਝਾਂ ਨਾਲ ਸ਼ਿੰਗਾਰੇ ਆ|
ਜਦੋ ਦੇਖ ਲਵਾਂ ਤਸਵੀਰ ਤੇਰੀ
ਮੈਨੂੰ ਗੀਤ ਆਹੁੜਦੇ ਰਹਿੰਦੇ ਆ|
ਤੇਰੇ ਖ਼ਿਆਲ ਹਮੇਸ਼ਾ ‘ਹੈਪੀ’ ਨੂੰ
ਤੇਰੇ ਨਾਲ ਜੋੜਦੇ ਰਹਿੰਦੇ ਆ|
ਤੈਨੂੰ ਜਦ ਵੀ ਮੈ ਮਹਿਸੂਸ ਕਰਾਂ
ਮੇਰੇ ਸਾਹਮਣੇ ਆਣ ਤੂੰ ਬਹਿ ਜਾਂਦੀ|
ਮੈ ਦੁਨੀਆਂ ਨਾਲੋਂ ਟੁੱਟ ਜਾਨਾ
ਬੱਸ ਤੂੰਹੀਉਂ ਪੱਲੇ ਰਹਿ ਜਾਂਦੀ|
ਤੂੰ ਪਾਕ ਪਵਿੱਤਰ ਪਾਣੀ ਵਿੱਚ
ਮੈਂ ਹੰਝੂ ਬਣ ਕੇ ਡੁੱਲ ਜਾਵਾਂ |
ਮੈ ਬਣ ਕੇ ਬੂੰਦ ਮਹੁੱਬਤ ਦੀ
ਤੇਰੇ ਧੁਰ ਅੰਦਰ ਤੱਕ ਘੁਲ ਜਾਵਾਂ|
ਤੂੰ ਪੋਹ ਮਾਘ ਦੇ ਪਾਲ਼ੇ ਵਿੱਚ
ਮਸਾਂ ਨਿਕਲੀ ਕੋਸੀ ਧੁੱਪ ਵਰਗੀ
ਤੂੰ ਚੋਹਲ ਮੋਹਲ ਵਿੱਚ ਗੁੱਸੇ ਹੋਏ
ਕਿਸੇ ਰੁੱਸੇ ਹੋਏ ਦੀ ਚੁੱਪ ਵਰਗੀ|
ਤੇਰੇ ਵਿੱਚ ਸੁਚੱਮ ਲੋਹੜਿਆ ਦੀ
ਤੂੰ ਪਿਆਰੀ ਹੈ ਸਚਿਆਰੀ ਹੈ|
ਤੇਰੀ ਸੂਰਤ ਮੇਰੇ ਗੀਤ ਜਿਹੀ
ਤੂੰ ਸੀਰਤ ਤੋਂ ਸੰਸਕਾਰੀ ਹੈ|
ਗੱਲ੍ਹਾ ਵਿੱਚ ਟੋਏ ਪੈਂਦੇ ਨੇ
ਕਿਆ ਬਾਤਾਂ ਹੈ ਜਨਾਬ ਦੀਆਂ|
ਜਿਵੇਂ ਕੱਚੇ ਦੁੱਧ ਦੇ ਕੌਲੇ ਵਿੱਚ
ਪੱਤੀਆਂ ਹੋਣ ਗੁਲਾਬ ਦੀਆਂ|
ਤੂੰ ਜਿਉਣ ਜੋਗੀਏ ਕੌਇਆਂ ਵਿੱਚ
ਦੱਸ ਨਗ ਕਿੱਥੋਂ ਜੜਵਾਏ ਆ?
ਡੰਗੇ ਤੇਰੀਆਂ ਨਜ਼ਰਾਂ ਦੇ
ਹਾਲੇ ਤੱਕ ਨਾ ਤਾਬੇ ਆਏ ਆ |
ਤੂੰ ਪੱਕਾ ਹੀ ਡੇਰਾ ਲਾ ਲਿਆ ਏ
ਮੇਰੇ ਖ਼ਾਬਾਂ ਵਿੱਚ ਤੇ ਯਾਦਾਂ ਵਿੱਚ|
ਤੇਰੀ ਖ਼ੈਰ ਸਲਾਮਤ ਮੰਗਦੇ ਹਾਂ
ਹੁਣ ਤੂੰ ਹੀ ਹੈ ਫਰਿਆਦਾਂ ਵਿੱਚ|
ਸਾਨੂੰ ਲੱਗਿਆ ਰੋਗ ਮਹੁੱਬਤ ਦਾ
ਤੇਰੀ ਰੂਹ ਵਿੱਚ ਤਾਰੀ ਲਾ ਲਈ ਏ |
ਪਹਿਲਾਂ ਰੱਬ ਨਾਲ ਯਾਰੀ ਲਾਈ ਸੀ
ਹੁਣ ਯਾਰੀ ਤੇਰੇ ਨਾਲ ਪਾ ਲਈ ਏ…..|

ਹੈਪੀ ਸ਼ਾਹਕੋਟੀ

Previous articleUK enters mourning before Queen Elizabeth’s funeral as US pays tributes to 9/11 victims
Next articleਮਾਸਟਰ ਜੀ