ਤਾਲਾਬੰਦੀ: ਠੇਕਾ ਬੰਦ ਕਰਵਾਉਣ ਆਈ ਪੁਲੀਸ ਨਾਲ ਠੇਕੇਦਾਰ ਉਲਝੇ

ਸ੍ਰੀ ਗੋਇੰਦਵਾਲ ਸਾਹਿਬ (ਸਮਾਜ ਵੀਕਲੀ) : ਲੌਕਡਾਊਨ ਦੌਰਾਨ ਸ਼ਰਾਬ ਠੇਕੇਦਾਰ ਪੁਲੀਸ ਪ੍ਰਸ਼ਾਸਨ ਨੂੰ ਸ਼ਾਮ ਪੰਜ ਵਜੇ ਤੋਂ ਬਾਅਦ ਟਿੱਚ ਜਾਣਦੇ ਹੋਏ ਦਿਖਾਈ ਦਿੱਤੇ। ਜਾਣਕਾਰੀ ਮੁਤਾਬਕ ਥਾਣਾ ਗੋਇੰਦਵਾਲ ਸਾਹਿਬ ਦੀ ਪੁਲੀਸ ਨੇ ਜਦੋਂ ਸ਼ਾਮ ਪੰਜ ਵਜੇ ਤੋਂ ਬਾਅਦ ਸਬਜ਼ੀ ਵਿਕਰੇਤਾ ਕੁਝ ਦੁਕਾਨਦਾਰਾਂ ਨੂੰ ਨਿਯਮਾਂ ਦੀ ਉਲੰਘਣਾ ਦੇ ਦੋਸ਼ ਹੇਠ ਕਾਬੂ ਕੀਤਾ ਤਾਂ ਉਨ੍ਹਾਂ ਨੂੰ ਪਤਾ ਲੱਗਿਆ ਕਿ ਸਰਕਲ ਗੋਇੰਦਵਾਲ ਸਾਹਿਬ ਦੇ ਸ਼ਰਾਬ ਠੇਕੇਦਾਰਾਂ ਵੱਲੋਂ ਆਪਣੀ ਸਿਆਸੀ ਪਹੁੰਚ ਦੇ ਚੱਲਦਿਆਂ ਠੇਕੇ ’ਤੇ ਸ਼ਰਾਬ ਵੇਚੀ ਜਾ ਰਹੀ ਹੈ।

ਇਸ ਮਗਰੋਂ ਜਦੋਂ ਪੁਲੀਸ ਠੇਕਾ ਬੰਦ ਕਰਵਾਉਣ ਪਹੁੰਚੀ ਤਾਂ ਠੇਕੇਦਾਰ ਠੇਕਾ ਬੰਦ ਕਰਨ ਦੀ ਜਗ੍ਹਾ ਪੁਲੀਸ ਨਾਲ ਉਲਝਣ ਲੱਗ ਪਿਆ ਅਤੇ ਪੁਲੀਸ ਨੂੰ ਸਰਕਾਰ ਦੀਆਂ ਨਵੀਆਂ ਹਦਾਇਤਾਂ ਦਾ ਪਾਠ ਪੜ੍ਹਾਉਂਦਾ ਨਜ਼ਰ ਆਇਆ। ਮੌਕੇ ’ਤੇ ਪਹੁੰਚੇ ਪੱਤਰਕਾਰ ਨੂੰ ਮਾਮਲੇ ਦੀ ਕਵਰੇਜ ਕਰਦਿਆਂ ਵੇਖ ਠੇਕੇਦਾਰ ਨੇ ਠੇਕਾ ਬੰਦ ਕਰਨਾ ਹੀ ਠੀਕ ਸਮਝਿਆ। ਇਸ ਮਗਰੋਂ ਪੁਲੀਸ ਮੁਲਾਜ਼ਮ ਬਿਨਾਂ ਕਿਸੇ ਕਾਰਵਾਈ ਦੇ ਬੇਰੰਗ ਪਰਤ ਗਏ ਅਤੇ ਕਾਬੂ ਕੀਤੇ ਸਬਜ਼ੀ ਵਿਕਰੇਤਾ ਨੂੰ ਵੀ ਚਿਤਾਵਨੀ ਦੇਣ ਤੋਂ ਬਾਅਦ ਛੱਡ ਦਿੱਤਾ।

ਇਸ ਘਟਨਾਕ੍ਰਮ ਤੋਂ ਬਾਅਦ ਐੱਸਐੱਸਪੀ ਧਰੁਮਨ ਐੱਚ ਨਿੰਬਾਲੇ ਨੇ ਫੋਨ ਨਹੀਂ ਚੁੱਕਿਆ ਪਰ ਡੀਐੱਸਪੀ ਰਮਨਦੀਪ ਸਿੰਘ ਭੁੱਲਰ ਨੇ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਨਵੀਆਂ ਕੋਈ ਹਦਾਇਤਾਂ ਨਹੀਂ ਜਾਰੀ ਕੀਤੀਆਂ ਗਈਆਂ। ਉਨ੍ਹਾਂ ਕਿਹਾ ਕਿ ਜੇ ਪੁਲੀਸ ਸ਼ਾਮ ਪੰਜ ਵਜੇ ਤੋਂ ਬਾਅਦ ਸਬਜ਼ੀ ਵਿਕਰੇਤਾ ’ਤੇ ਕਾਰਵਾਈ ਕਰ ਸਕਦਾ ਹੈ ਤਾਂ ਸ਼ਰਾਬ ਠੇਕੇਦਾਰ ਆਪਣੀ ਮਨਮਰਜ਼ੀ ਨਹੀਂ ਕਰ ਸਕਦੇ, ਉਨ੍ਹਾਂ ਖ਼ਿਲਾਫ਼ ਵੀ ਕਾਰਵਾਈ ਹੋਵੇਗੀ।

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਪੰਜਾਬ ਦੇ ਮੁਲਾਜ਼ਮਾਂ ਦੀਆਂ ਤਨਖਾਹਾਂ ’ਚ ਦੁੱਗਣੇ ਤੋਂ ਵੱਧ ਵਾਧੇ ਦੀ ਸਿਫਾਰਸ਼
Next articleਸਰਕਟ ਹਾਊਸ ਮੀਟਿੰਗ ਕਰਨ ਪੁੱਜੇ ਕਿਸਾਨਾਂ ਨੂੰ ਬੰਦ ਮਿਲੇ ਬੂਹੇ