ਕੋਇੰਬਟੂਰ : ਤਾਮਿਲਨਾਡੂ ਦੇ ਕੋਇੰਬਟੂਰ ‘ਚ ਕੰਧ ਡਿੱਗਣ ਕਾਰਨ 15 ਲੋਕਾਂ ਦੀ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਕੋਇੰਬਟੂਰ ‘ਚ ਭਿਆਨਕ ਬਾਰਿਸ਼ ਕਾਰਨ ਤਿੰਨ ਮਕਾਨ ਜ਼ਮੀਂਦੋਜ਼ ਹੋ ਗਏ ਹਨ। ਮੇੱਟੂਪਾਲਯਮ ‘ਚ ਸੋਮਵਾਰ ਸਵੇਰੇ ਹੋਏ ਇਸ ਹਾਦਸੇ ‘ਚ ਹੁਣ ਤਕ 15 ਲਾਸ਼ਾਂ ਬਰਾਮਦ ਕੀਤੀਆਂ ਜਾ ਚੁੱਕੀਆਂ ਹਨ। ਮਲਬੇ ਹੇਠ ਦੱਬੇ ਬਾਕੀ ਲੋਕਾਂ ਨੂੰ ਕੱਢਣ ਲਈ ਬਚਾਅ ਆਪ੍ਰੇਸ਼ਨ ਚਲਾਇਆ ਜਾ ਰਿਹਾ ਹੈ। ਇਸ ਨੂੰ ਸਥਾਨਕ ਲੋਕਾਂ ਦੀ ਮਦਦ ਨਾਲ ਫਾਇਰਬ੍ਰਿਗੇਡ ਵਿਭਾਗ ਚਲਾ ਰਿਹਾ ਹੈ। ਉੱਥੇ ਹੀ ਹੁਣ ਤਾਮਿਲਨਾਡੂ ਸਰਕਾਰ ਇਸ ਹਾਦਸੇ ‘ਚ ਜਾਨ ਗੁਆਉਣ ਵਾਲਿਆਂ ਦੇ ਪਰਿਵਾਰਕ ਮੈਂਬਰਾਂ ਨੂੰ 4 ਲੱਖ ਰੁਪਏ ਦਾ ਮੁਆਵਜ਼ਾ ਦੇਵੇਗੀ।
ਪੁਲਿਸ ਨੇ ਕਿਹਾ ਕਿ ਤਾਮਿਲਨਾਡੂ ਦੇ ਮੇੱਟੂਪਾਲਯਮ ‘ਚ ਭਾਰੀ ਤਬਾਹੀ ਕਾਰਨ ਚਾਰ ਘਰਾਂ ਦੀਆਂ ਕੰਧਾਂ ਡਿੱਗਣ ਕਾਰਨ ਚਾਰ ਔਰਤਾਂ ਸਮੇਤ ਘੱਟੋ-ਘੱਟ 15 ਲੋਕਾਂ ਦੀ ਮੌਤ ਹੋ ਗਈ। ਪੁਲਿਸ ਨੇ ਕਿਹਾ ਕਿ ਘਰਾਂ ‘ਚ ਕਈ ਲੋਕ ਸਨ। ਭਾਰੀ ਬਾਰਿਸ਼ ਕਾਰਨ ਇਕ ਨਿੱਜੀ ਕੰਪਲੈਕਸ ਦੀ ਕੰਧ ਡਿੱਗ ਗਈ ਸੀ। ਪੁਲਿਸ ਨੇ ਦੱਸਿਆ ਕਿ ਰਾਹਤ ਤੇ ਬਚਾਅ ਮੁਲਾਜ਼ਮਾਂ ਨੇ ਹੁਣ ਤਕ ਨੌਂ ਲਾਸ਼ਾਂ ਕੱਢੀਆਂ ਹਨ।
ਨਿਊਜ਼ ਏਜੰਸੀ ਏਐੱਨਆਈ ਤੋਂ ਮਿਲੀ ਜਾਣਕਾਰੀ ਅਨੁਸਾਰ ਤਾਮਿਲਨਾਡੂ ‘ਚ ਹੋ ਰਹੀ ਭਾਰੀ ਬਾਰਿਸ਼ ਕਾਰਨ ਚੇਨਈ ਦੇ ਕੋਰਾਟੂਰ ‘ਚ ਕਈ ਘਰਾਂ ਅੰਦਰ ਪਾਣੀ ਵੜ ਗਿਆ ਹੈ। ਸੜਕਾਂ ‘ਤੇ ਪਾਣੀ ਭਰਨ ਕਾਰਨ ਲੋਕਾਂ ਨੂੰ ਕਾਫ਼ੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਜ਼ਿਕਰਯੋਗ ਹੈ ਕਿ ਤਾਮਿਲਨਾਡੂ ਦੇ ਕਈ ਜ਼ਿਲ੍ਹਿਆਂ ਦੇ ਸਕੂਲਾਂ ‘ਚ ਛੁੱਟੀਕਰ ਦਿੱਤੀ ਗਈ ਹੈ। ਮੌਸਮ ਵਿਭਾਗ ਨੇ ਅਗਲੇ ਦੋ ਦਿਨ ਹੋਰ ਬਾਰਿਸ਼ ਹੋਣ ਦਾ ਅਨੁਮਾਨ ਪ੍ਰਗਟਾਇਆ ਹੈ। ਚੇਨਈ ‘ਚ ਵੀ ਭਾਰੀ ਬਾਰਿਸ਼ ਕਾਰਨ ਇਕ ਵਿਅਕਤੀ ਦੀ ਮੌਤ ਹੋ ਗਈ।