ਤਬਲੀਗ ’ਚ ਸ਼ਾਮਲ ਹੋਏ ਦੋ ਵਿਅਕਤੀਆਂ ਸਣੇ 6 ਨਵੇਂ ਮਾਮਲੇ ਸਾਹਮਣੇ ਆਏ

ਚੰਡੀਗੜ੍ਹ (ਸਮਾਜਵੀਕਲੀ) ਪੰਜਾਬ ਵਿੱਚ ਕਰੋਨਾਵਾਇਰਸ ਤੋਂ ਪ੍ਰਭਾਵਿਤ ਵਿਅਕਤੀਆਂ ਦੀ ਗਿਣਤੀ ਵਧ ਕੇ 53 ਹੋ ਗਈ ਹੈ। ਸਿਹਤ ਵਿਭਾਗ ਵੱਲੋਂ ਜਾਰੀ ਅੰਕੜਿਆਂ ਮੁਤਾਬਕ ਅੱਜ 6 ਨਵੇਂ ਮਰੀਜ਼ ਸਾਹਮਣੇ ਆਏ ਹਨ। ਇਨ੍ਹਾਂ ਵਿੱਚ ਦੋ ਵਿਅਕਤੀ ਤਾਂ ਨਵੀਂ ਦਿੱਲੀ ਦੇ ਨਿਜ਼ਾਮੂਦੀਨ ਖੇਤਰ ’ਚ ਤਬਲੀਗ ’ਚ ਹਿੱਸਾ ਲੈਣ ਵਾਲੇ ਹਨ। ਇਹ ਦੋਵੇਂ ਵਿਅਕਤੀ ਮੁਹਾਲੀ ਨਾਲ ਸਬੰਧਤ ਹਨ।

ਸਿਹਤ ਵਿਭਾਗ ਲਈ ਤਬਲੀਗ ਤੋਂ ਵਾਪਸ ਆਏ ਵਿਅਕਤੀ ਸੰਕਟ ਦਾ ਸਬੱਬ ਬਣੇ ਹੋਏ ਹਨ। ਵਿਭਾਗ ਦੇ ਸੀਨੀਅਰ ਅਧਿਕਾਰੀਆਂ ਨੇ ਇਨ੍ਹਾਂ ਨੂੰ ਲੱਭਣ ਅਤੇ ਸੈਂਪਲ ਲੈਣ ਦੀਆਂ ਹਦਾਇਤਾਂ ਦਿੱਤੀਆਂ ਹਨ। ਅਧਿਕਾਰੀਆਂ ਮੁਤਾਬਕ ਦਿੱਲੀ ਦੇ ਸਮਾਗਮ ਵਿੱਚ ਸ਼ਮੂਲੀਅਤ ਕਰਨ ਵਾਲੇ ਪੰਜਾਬ ਨਾਲ ਸਬੰਧਤ 144 ਵਿਅਕਤੀ ਸਨ। ਇਨ੍ਹਾਂ ਵਿੱਚੋਂ ਅੱਧਿਆਂ ਬਾਰੇ ਹੀ ਵਿਭਾਗ ਨੂੰ ਪਤਾ ਲੱਗ ਸਕਿਆ ਹੈ।

ਪੁਲੀਸ ਤੇ ਸਿਹਤ ਵਿਭਾਗ ਨੂੰ ਸਾਂਝੇ ਤੌਰ ’ਤੇ ਕਾਰਵਾਈ ਕਰਨ ਲਈ ਕਿਹਾ ਗਿਆ ਹੈ। ਵਿਭਾਗ ਲਈ ਚੁਣੌਤੀ ਦਾ ਕਾਰਨ ਕਰੋਨਾਵਾਇਰਸ ਤੋਂ ਪੀੜਤ ਵਿਅਕਤੀਆਂ ਨੂੰ ਲਾਗ ਲੱਗਣ ਦਾ ਸਰੋਤ ਪਤਾ ਨਾ ਲੱਗਣਾ ਵੀ ਬਣਦਾ ਜਾ ਰਿਹਾ ਹੈ। ਲੁਧਿਆਣਾ ’ਚ ਪੂਜਾ ਨਾਮੀ ਜਿਸ ਔਰਤ ਦੀ ਮੌਤ ਹੋਈ ਸੀ, ਨੂੰ ਲਾਗ ਲੱਗਣ ਦਾ ਸਰੋਤ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਹੈ।

ਲੁਧਿਆਣਾ ਵਿੱਚ ਇਸੇ ਤਰ੍ਹਾਂ ਦਾ ਨਵਾਂ ਮਾਮਲਾ ਸਾਹਮਣੇ ਆਇਆ ਹੈ। ਅੰਮ੍ਰਿਤਸਰ ਵਿੱਚ ਵੀ ਜੋ ਤਿੰਨ ਨਵੇਂ ਮਾਮਲੇ ਸਾਹਮਣੇ ਆਏ ਹਨ, ਉਨ੍ਹਾਂ ਵਿੱਚੋ ਦੋ ਮਾਮਲੇ ਤਾਂ ਦਰਬਾਰ ਸਾਹਿਬ ਦੇ ਹਜ਼ੂਰੀ ਰਾਗੀ ਮ੍ਰਿਤਕ ਭਾਈ ਨਿਰਮਲ ਸਿੰਘ ਖਾਲਸਾ ਦੇ ਸੰਪਰਕ ਵਿੱਚ ਆਉਣ ਵਾਲੇ ਹਨ। ਇਸੇ ਤਰ੍ਹਾਂ ਅੰਮ੍ਰਿਤਸਰ ਦੇ ਤੀਜੇ ਮਾਮਲੇ ਵਿੱਚ ਸਰੋਤ ਬਾਰੇ ਵੀ ਜਾਣਕਾਰੀ ਹਾਸਲ ਨਹੀਂ ਹੋਈ ਹੈ। ਸੀਨੀਅਰ ਅਧਿਕਾਰੀਆਂ ਨੇ ਕਿਹਾ ਕਿ ਲਾਗ ਲੱਗਣ ਦਾ ਸਰੋਤ ਪਤਾ ਨਾ ਲੱਗਣਾ ਗੰਭੀਰ ਮਾਮਲਾ ਹੈ ਅਤੇ ਇਹ ਅੱਗੇ ਜ਼ਿਆਦਾ ਵਿਅਕਤੀਆਂ ਤੱਕ ਪਹੁੰਚ ਸਕਦੀ ਹੈ।

Previous articleਕਰਫਿਊ ਦੀ ਮਿਆਦ ਵਧਾਉਣ ਦਾ ਫ਼ੈਸਲਾ ਹਾਲਾਤ ’ਤੇ ਨਿਰਭਰ: ਕੈਪਟਨ
Next articleਪਿੰਡ ਗਿਲਜੀਆਂ ਦੇ 2 ਵਿਅਕਤੀਆਂ ਦੀ ਅਮਰੀਕਾ ’ਚ ਕਰੋਨਾ ਨਾਲ ਮੌਤ