ਡੇਰਾ ਮੁਖੀ ਦੀ ਪੈਰੋਲ ਪ੍ਰਸ਼ਾਸਨ ਦੀ ਰਿਪੋਰਟ ’ਤੇ ਨਿਰਭਰ: ਖੱਟਰ

ਜੇਲ੍ਹ ਸੁਪਰਡੈਂਟ ਨੇ ਡੇਰਾ ਮੁਖੀ ਦੇ ਜੇਲ੍ਹ ’ਚ ਵਿਹਾਰ ਨੂੰ ਚੰਗਾ ਦੱਸਿਆ

ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਕਿਹਾ ਹੈ ਕਿ ਡੇਰਾ ਸਿਰਸਾ ਦੇ ਮੁਖੀ ਤੇ ਹੱਤਿਆ ਅਤੇ ਬਲਾਤਕਾਰ ਦੇ ਦੋਸ਼ੀ ਗੁਰਮੀਤ ਰਾਮ ਰਹੀਮ ਸਿੰਘ ਨੂੰ ਪੈਰੋਲ ਦੇਣ ਦਾ ਫ਼ੈਸਲਾ ਸੂਬੇ ਦੇ ਹਿੱਤਾਂ ਨੂੰ ਧਿਆਨ ਵਿਚ ਰੱਖ ਕੇ ਲਿਆ ਜਾਵੇਗਾ। ਇੱਥੇ ਇਕ ਮੀਡੀਆ ਕਾਨਫ਼ਰੰਸ ਵਿਚ ਖੱਟਰ ਨੇ ਕਿਹਾ ਕਿ ਜਿਸ ਦਾ ਹੱਕ ਬਣਦਾ ਹੈ ਉਹ ਪੈਰੋਲ ਮੰਗ ਸਕਦਾ ਹੈ। ਕਿਸੇ ਨੂੰ ਰੋਕਿਆ ਨਹੀਂ ਜਾ ਸਕਦਾ। ਇਹ ਪੁੱਛੇ ਜਾਣ ’ਤੇ ਕਿ ਜੇ ਡੇਰਾ ਮੁਖੀ ਨੂੰ ਪੈਰੋਲ ਮਿਲਣ ਮਗਰੋਂ ਹਿੰਸਾ ਹੋਈ ਤਾਂ ਕੌਣ ਜ਼ਿੰਮੇਵਾਰ ਹੋਵੇਗਾ, ਖੱਟਰ ਨੇ ਕਿਹਾ ਕਿ ਆਪਣੇ ਵੱਲੋਂ ਸਿੱਟੇ ਕੱਢਣ ਦਾ ਕੋਈ ਫਾਇਦਾ ਨਹੀਂ ਕਿਉਂਕਿ ਕੋਈ ਫ਼ੈਸਲਾ ਅਜੇ ਨਹੀਂ ਲਿਆ ਗਿਆ। ਰਾਮ ਰਹੀਮ ਇਸ ਵੇਲੇ ਰੋਹਤਕ ਦੀ ਸੁਨਾਰੀਆ ਜੇਲ੍ਹ ਵਿਚ ਹੈ। ਉਸ ਨੂੰ ਬਲਾਤਕਾਰ ਦੇ ਦੋ ਕੇਸਾਂ ਤੇ ਇਕ ਪੱਤਰਕਾਰ ਦੀ ਹੱਤਿਆ ਦਾ ਦੋਸ਼ੀ ਠਹਿਰਾਇਆ ਗਿਆ ਸੀ ਤੇ ਸਜ਼ਾ ਸੁਣਾਈ ਗਈ ਸੀ। ਡੇਰਾ ਮੁਖੀ ਨੇ 42 ਦਿਨ ਦੀ ਪੈਰੋਲ ਮੰਗੀ ਹੈ। ਕਈ ਹੋਰ ਕੇਸਾਂ ਵਿਚ ਡੇਰਾ ਮੁਖੀ ਖ਼ਿਲਾਫ਼ ਸੁਣਵਾਈ ਚੱਲ ਰਹੀ ਹੈ। ਜੇਲ੍ਹ ਸੁਪਰਡੈਂਟ ਨੇ ਆਪਣੀ ਰਿਪੋਰਟ ਵਿਚ ਕਿਹਾ ਹੈ ਕਿ ਡੇਰਾ ਮੁਖੀ ਦਾ ਵਿਹਾਰ ਚੰਗਾ ਹੈ ਤੇ ਉਸ ਨੇ ਕੋਈ ਨੇਮ ਨਹੀਂ ਤੋੜਿਆ। ਇਸ ਤੋਂ ਪਹਿਲਾਂ ਸਿਰਸਾ ਦੇ ਡੀਸੀ ਅਸ਼ੋਕ ਕੁਮਾਰ ਗਰਗ ਨੇ ਕਿਹਾ ਕਿ ਪ੍ਰਕਿਰਿਆ ਚੱਲ ਰਹੀ ਹੈ, ਰੈਵੇਨਿਊ ਤੇ ਪੁਲੀਸ ਵਿਭਾਗ ਤੋਂ ਰਿਪੋਰਟ ਮੰਗੀ ਗਈ ਹੈ। ਮੁੱਖ ਮੰਤਰੀ ਨੇ ਕਿਹਾ ਕਿ ਪੈਰੋਲ ਅਰਜ਼ੀ ਨਾਲ ਕਾਨੂੰਨੀ, ਪ੍ਰਸ਼ਾਸਕੀ ਤੇ ਹੋਰ ਪ੍ਰਕਿਰਿਆ ਵੀ ਜੁੜੀ ਹੋਈ ਹੈ। ਅੰਤਿਮ ਪ੍ਰਵਾਨਗੀ ਡਿਵੀਜ਼ਨਲ ਕਮਿਸ਼ਨਰ ਵੱਲੋਂ ਦਿੱਤੀ ਜਾਵੇਗੀ ਤੇ ਸਰਕਾਰ ਲੋੜ ਪੈਣ ’ਤੇ ਸੁਝਾਅ ਦੇਵੇਗੀ। ਇੰਡੀਅਨ ਨੈਸ਼ਨਲ ਲੋਕ ਦਲ ਦੇ ਦੋ ਵਿਧਾਇਕ ਜ਼ਾਕਿਰ ਹੁਸੈਨ ਤੇ ਪਰਮਿੰਦਰ ਢੁੱਲ ਅੱਜ ਮੁੱਖ ਮੰਤਰੀ ਦੀ ਹਾਜ਼ਰੀ ਵਿਚ ਭਾਰਤੀ ਜਨਤਾ ਪਾਰਟੀ ਵਿਚ ਸ਼ਾਮਲ ਹੋ ਗਏ।

Previous articleਐਮਰਜੈਂਸੀ ਦਾ ਦਾਗ਼ ਕਦੇ ਨਹੀਂ ਮਿਟੇਗਾ: ਮੋਦੀ
Next articleਬਿੱਟੂ ਕਤਲ ਕਾਂਡ: ਪੁੱਛ-ਪੜਤਾਲ ਲਈ ਨਾਭਾ ਜੇਲ੍ਹ ਤੋਂ ਲਿਆਂਦਾ ਕੈਦੀ