ਡੇਰਾਬੱਸੀ ਦੇ ਕੈਮੀਕਲ ਪਲਾਂਟ ’ਚ ਧਮਾਕਾ; 2 ਹਲਾਕ

ਮੁਬਾਰਿਕਪੁਰ ਸੜਕ ’ਤੇ ਸਥਿਤ ਪੰਜਾਬ ਕੈਮੀਕਲਜ਼ ਐਂਡ ਕਰੋਪ ਪ੍ਰੋਟੈਕਸ਼ਨ ਲਿਮਟਿਡ (ਪੀਸੀਸੀਪੀਐਲ) ਨਾਂ ਦੀ ਰਸਾਇਣਕ ਕੰਪਨੀ ਦੇ ਪਲਾਂਟ ਵਿੱਚ ਅੱਜ ਸਵੇਰ ਜ਼ੋਰਦਾਰ ਧਮਾਕੇ ਮਗਰੋਂ ਭਿਆਨਕ ਅੱਗ ਲੱਗ ਗਈ। ਅੱਗ ਐਨੀ ਭਿਆਨਕ ਸੀ ਕਿ ਪੂਰੇ ਡੇਰਾਬੱਸੀ ਅਤੇ ਨੇੜਲੇ ਰਿਹਾਇਸ਼ੀ ਖੇਤਰ ਵਿੱਚ ਧੂੰਏਂ ਦਾ ਗੁਬਾਰ ਫੈਲ ਗਿਆ। ਹਾਦਸੇ ਮੌਕੇ ਕੰਮ ਕਰਦੇ ਦੋ ਨੌਜਵਾਨ ਵਰਕਰਾਂ ਦੀ ਮੌਤ ਹੋ ਗਈ ਜਦਕਿ ਇਕ ਵਰਕਰ ਲਾਪਤਾ ਹੋ ਗਿਆ। ਹਾਦਸੇ ਵਿੱਚ ਦਰਜਨ ਦੇ ਕਰੀਬ ਲੋਕ ਜ਼ਖ਼ਮੀ ਹੋ ਗਏ, ਜਿਨ੍ਹਾਂ ਨੂੰ ਨਿੱਜੀ ਹਸਪਤਾਲਾਂ ’ਚ ਦਾਖ਼ਲ ਕਰਵਾਇਆ ਗਿਆ ਹੈ। ਇਨ੍ਹਾਂ ਵਿੱਚੋਂ ਪੰਜ ਦੀ ਹਾਲਤ ਗੰਭੀਰ ਦੱਸੀ ਜਾਂਦੀ ਹੈ। ਮ੍ਰਿਤਕ ਦੀ ਪਛਾਣ ਸੁਖਵਿੰਦਰ ਸਿੰਘ(22) ਉਰਫ਼ ਬੰਟੀ ਵਾਸੀ ਪਿੰਡ ਬਿਜ਼ਨਪੁਰ ਵਜੋਂ ਹੋਈ ਹੈ। ਪੀੜਤ ਨੌਜਵਾਨ ਦਾ ਦੋ ਸਾਲ ਪਹਿਲਾਂ ਵਿਆਹ ਹੋਇਆ ਸੀ। ਪਿੱਛੇ ਪਰਿਵਾਰ ਵਿੱਚ ਪਤਨੀ ਤੇ ਇਕ ਸਾਲ ਦਾ ਲੜਕਾ ਹੈ। ਲਾਪਤਾ ਨੌਜਵਾਨ ਦੀ ਪਛਾਣ ਰਵੀ ਕੁਮਾਰ(20) ਵਾਸੀ ਪਿੰਡ ਬਿਜ਼ਨਪੁਰ ਵਜੋਂ ਦੱਸੀ ਗਈ ਹੈ। ਸੁਖਵਿੰਦਰ ਤੇ ਰਵੀ ਕੁਮਾਰ ਦੋਵੇਂ ਪੱਕੇ ਦੋਸਤ ਸਨ ਅਤੇ 25 ਦਿਨ ਪਹਿਲਾਂ ਹੀ ਕੰਪਨੀ ਵਿੱਚ ਨੌਕਰੀ ’ਤੇ ਲੱਗੇ ਸੀ। ਪੰਦਰਾਂ ਦਿਨਾਂ ਬਾਅਦ ਅੱਜ ਉਹ ਕੰਮ ’ਤੇ ਆਏ ਸਨ ਤੇ ਅੱਜ ਹੀ ਹਾਦਸਾ ਵਾਪਰ ਗਿਆ। ਇਸ ਦੌਰਾਨ ਲਾਪਤਾ ਨੌਜਵਾਨ ਦੇ ਪਰਿਵਾਰ ਤੇ ਪਿੰਡ ਵਾਸੀਆਂ ਵੱਲੋਂ ਕੰਪਨੀ ਦੇ ਬਾਹਰ ਜ਼ਬਰਦਸਤ ਹੰਗਾਮਾ ਕੀਤਾ ਗਿਆ। ਉਧਰ ਹਾਦਸੇ ਮਗਰੋਂ ਆਮ ਲੋਕਾਂ ਨੇ ਅੱਖਾਂ ਵਿੱਚ ਜਲਣ ਤੇ ਸਾਹ ਲੈਣ ਵਿੱਚ ਤਕਲੀਫ਼ ਦੀ ਸ਼ਿਕਾਇਤ ਕੀਤੀ ਹੈ। ਅੱਗ ਨਾਲ ਕਰੋੜਾਂ ਰੁਪਏ ਦਾ ਨੁਕਸਾਨ ਹੋ ਗਿਆ ਤੇ ਇਕ ਪਲਾਂਟ ਪੂਰੀ ਤਰ੍ਹਾਂ ਸੜ ਕੇ ਸੁਆਹ ਹੋ ਗਿਆ। ਡੇਰਾਬੱਸੀ ਦੀਆਂ ਚਾਰ, ਚੰਡੀਗੜ੍ਹ, ਮੁਹਾਲੀ ਤੇ ਦੱਪਰ ਦੀਆਂ ਦੋ ਦੋ ਗੱਡੀਆਂ ਸਮੇਤ ਇਕ ਦਰਜਨ ਦੇ ਕਰੀਬ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੇ ਤਿੰਨ ਘੰਟੇ ਦੀ ਭਾਰੀ ਮੁਸ਼ੱਕਤ ਮਗਰੋਂ ਅੱਗ ’ਤੇ ਕਾਬੂ ਪਾਇਆ। ਖ਼ਬਰ ਲਿਖੇ ਜਾਣ ਤੱਕ ਅੱਗ ਰੁਕ ਰੁਕ ਕੇ ਸੁਲਗ ਰਹੀ ਸੀ, ਜਿਸ ’ਤੇ ਫਾਇਰ ਬ੍ਰਿਗੇਡ ਦੇ ਮੁਲਾਜ਼ਮ ਕਾਬੂ ਪਾਉਣ ਵਿੱਚ ਜੁੱਟੇ ਹੋਏ ਸੀ।
ਜਾਣਕਾਰੀ ਅਨੁਸਾਰ ਇਲਾਕੇ ਦੀ ਨਾਮੀ ਫਾਰਮਾਸਿਊਟੀਕਲ ਕੰਪਨੀ ਦੇ ਏਸੀਐਫ ਇੰਟਰਮਿਡੀਏਟ ਪਲਾਂਟ ਵਿੱਚ ਅੱਜ ਸਵੇਰ ਤਕਰੀਬਨ ਗਿਆਰਾਂ ਵਜੇ ਸ਼ਾਰਟ ਸਰਕਟ ਨਾਲ ਅੱਗ ਲੱਗ ਗਈ। ਟੋਲਿਨ ਕੈਮੀਕਲ ਨਾਲ ਭਰਿਆ ਟੈਂਕ ਅੱਗ ਲੱਗਣ ਨਾਲ ਜ਼ੋਰਦਾਰ ਧਮਾਕੇ ਮਗਰੋਂ ਫਟ ਗਿਆ। ਇਸ ਮਗਰੋਂ ਕੈਮੀਕਲ ਨਾਲ ਭਰੇ ਇਕ ਤੋਂ ਬਾਅਦ ਇਕ ਕਈਂ ਰਿਐਕਟਰ ਧਮਾਕੇ ਨਾਲ ਫਟਣੇ ਸ਼ੁਰੂ ਹੋ ਗਏ। ਧਮਾਕੇ ਐਨੇ ਜ਼ੋਰਦਾਰ ਸਨ ਕਿ ਨੇੜਲੇ ਰਿਹਾਇਸ਼ੀ ਖੇਤਰ ਵਿੱਚ ਘਰਾਂ ਦੇ ਸ਼ੀਸ਼ੇ ਟੁੱਟ ਗਏ। ਮੌਕੇ ’ਤੇ ਕੰਮ ਕਰ ਰਹੇ ਦਰਜਨ ਦੇ ਕਰੀਬ ਕਰਮੀ ਝੁਲਸ ਗਏ। ਲੋਹੇ ਨਾਲ ਬਣੇ ਤਿੰਨ ਮੰਜ਼ਿਲਾ ਪਲਾਂਟ ਨੂੰ ਤਕਰੀਬਨ ਛੇ ਮਹੀਨੇ ਪਹਿਲਾਂ ਨਵਾਂ ਤਿਆਰ ਕੀਤਾ ਗਿਆ ਸੀ। ਅੱਗ ਸਭ ਤੋਂ ਉੱਪਰਲੀ (ਤੀਜੀ) ਮੰਜ਼ਿਲ ਤੋਂ ਸ਼ੁਰੂ ਹੋਈ, ਮਗਰੋਂ ਉਸ ਨੇ ਪੂਰੇ ਪਲਾਂਟ ਨੂੰ ਆਪਣੀ ਲਪੇਟ ਵਿੱਚ ਲੈ ਲਿਆ। ਮੌਕੇ ’ਤੇ 25 ਦੇ ਕਰੀਬ ਕਰਮੀ ਕੰਮ ਕਰ ਰਹੇ ਸੀ, ਜਿਨ੍ਹਾਂ ਵਿੱਚੋਂ ਇਕ ਦਰਜਨ ਦੇ ਕਰੀਬ ਵਰਕਰ ਮੌਕੇ ’ਤੇ ਟੈਂਕ ਫੱਟਣ ਕਰਕੇ ਬੁਰੀ ਤਰ੍ਹਾਂ ਝੁਲਸ ਗਏ। ਹੋਰਨਾਂ ਮੰਜ਼ਿਲਾਂ ’ਤੇ ਕੰਮ ਕਰਨ ਵਾਲੇ ਕਰਮੀਆਂ ਨੇ ਉਪਰੋਂ ਛਾਲਾਂ ਮਾਰ ਕੇ ਜਾਨ ਬਚਾਈ, ਹਾਲਾਂਕਿ ਉਨ੍ਹਾਂ ਨੂੰ ਕਾਫੀ ਸੱਟਾਂ ਲੱਗੀਆਂ।
ਕੰਪਨੀ ਦੇ ਡਾਇਰੈਕਟਰ ਅਵਤਾਰ ਸਿੰਘ ਨੇ ਕਿਹਾ ਕਿ ਅੱਗ ਨਾਲ ਕਰੋੜਾਂ ਰੁਪਏ ਦਾ ਨੁਕਸਾਨ ਹੋਇਆ ਤੇ ਇਕ ਕਰਮੀ ਦੀ ਮੌਤ ਹੋਈ ਹੈ। ਉਨ੍ਹਾਂ ਕਿਹਾ ਕਿ ਕੰਪਨੀ ਵਿੱਚ ਅੱਧਾ ਦਰਜਨ ਦੇ ਕਰੀਬ ਪਲਾਂਟਾਂ ਵਿੱਚੋਂ ਬਾਕੀ ਸਾਰੇ ਪਲਾਂਟ ਆਰਸੀਸੀ (ਸੀਮਿੰਟ) ਦੇ ਬਣੇ ਹੋਏ ਹਨ ਜਦਕਿ ਇਹ ਪਲਾਂਟ ਲੋਹੇ ਦਾ ਤਿਆਰ ਕੀਤਾ ਹੋਇਆ ਸੀ ਜੋ ਪੂਰੀ ਤਰਾਂ ਸੜ ਕੇ ਸੁਆਹ ਹੋ ਗਿਆ। ਉਨ੍ਹਾਂ ਕਿਹਾ ਕਿ ਅੱਗ ਲੱਗਣ ਦੇ ਕਾਰਨਾਂ ਅਤੇ ਕਿੱਥੇ ਲਾਪ੍ਰਵਾਹੀ ਹੋਈ ਹੈ, ਉਸ ਦੀ ਜਾਂਚ ਕੀਤੀ ਜਾਏਗੀ।
ਉਧਰ ਥਾਣਾ ਮੁਖੀ ਸਤਿੰਦਰ ਸਿੰਘ ਨੇ ਕਿਹਾ ਕਿ ਅਜੇ ਤਕ ਇਕ ਵਿਅਕਤੀ ਦੀ ਮੌਤ ਦੀ ਪੁਸ਼ਟੀ ਹੋਈ ਹੈ ਜਦਕਿ ਦੂਜੇ ਲਾਪਤਾ ਦੀ ਭਾਲ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਜਿਸ ਮਗਰੋਂ ਬਣਦੀ ਕਾਰਵਾਈ ਕੀਤੀ ਜਾਏਗੀ।

Previous articleਕੈਪਟਨ ਵੱਲੋਂ ਐੱਸਐੱਫਜੇ ’ਤੇ ਪਾਬੰਦੀ ਦਾ ਸਵਾਗਤ
Next articleਕਰਨਾਟਕ: ਸਿਆਸੀ ਸੰਕਟ ਸੁਪਰੀਮ ਕੋਰਟ ਪੁੱਜਾ