ਕੈਪਟਨ ਵੱਲੋਂ ਐੱਸਐੱਫਜੇ ’ਤੇ ਪਾਬੰਦੀ ਦਾ ਸਵਾਗਤ

ਚੰਡੀਗੜ੍ਹ : ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੇਂਦਰ ਸਰਕਾਰ ਵੱਲੋਂ ਸਿੱਖਸ ਫਾਰ ਜਸਟਿਸ (ਐੱਸਐੱਫਜੇ) ’ਤੇ ਪਾਬੰਦੀ ਲਾਉਣ ਦੇ ਫੈਸਲੇ ਦਾ ਸਵਾਗਤ ਕੀਤਾ ਹੈ। ਉਨ੍ਹਾਂ ਕਿਹਾ ਕਿ ਆਈਐਸਆਈ ਦੀ ਹਮਾਇਤ ਹਾਸਲ ਜਥੇਬੰਦੀ ਦੀਆਂ ਭਾਰਤ ਵਿਰੋਧੀ ਵੱਖਵਾਦੀ ਕਾਰਵਾਈਆਂ ਤੋਂ ਦੇਸ਼ ਦੀ ਸੁਰੱਖਿਆ ਲਈ ਇਹ ਪਹਿਲਾ ਕਦਮ ਹੈ। ਉਨ੍ਹਾਂ ਕਿਹਾ ਕਿ ਐੱਸਐੱਫਜੇ ਨਾਲ ਦਹਿਸ਼ਤੀ ਸੰਗਠਨ ਵਜੋਂ ਸਲੂਕ ਕੀਤੇ ਜਾਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਇਸ ਕਦਮ ਨਾਲ ਕੇਂਦਰ ਸਰਕਾਰ ਨੇ ਇਸ ਸੰਗਠਨ ਵਿਰੁੱਧ ਕਾਰਵਾਈ ਕਰਨ ਦੀ ਆਪਣੀ ਇੱਛਾ ਪ੍ਰਗਟਾਈ ਹੈ। ਕੈਪਟਨ ਨੇ ਐੱਸਐੱਫਜੇ ਵੱਲੋਂ ਪੈਦਾ ਕੀਤੀ ਚੁਣੌਤੀ ਨੂੰ ਘਟਾ ਕੇ ਦੇਖਣ ਦੀ ਕੋਸ਼ਿਸ਼ ਕਰਨ ਵਾਲਿਆਂ ਦੀ ਵੀ ਨੁਕਤਾਚੀਨੀ ਕੀਤੀ। ਉਨ੍ਹਾਂ ਅਕਾਲੀਆਂ ਨੂੰ ਇਸ ਮੁੱਦੇ ’ਤੇ ਸੌੜੀ ਸਿਆਸਤ ਤੋਂ ਦੂਰ ਰਹਿਣ ਅਤੇ ਇਸ ਸਮੱਸਿਆ ਨਾਲ ਲੜਨ ਅਤੇ ਇਸ ਦੇ ਖਾਤਮੇ ਲਈ ਸਰਕਾਰ ਦਾ ਸਾਥ ਦੇਣ ਦੀ ਅਪੀਲ ਕੀਤੀ। ਇਸ ਦੌਰਾਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਜੱਲ੍ਹਿਆਂਵਾਲਾ ਬਾਗ਼ ਕੌਮੀ ਯਾਦਗਾਰ ਦੇ ਕੰਮਕਾਜ ਨੂੰ ਚਲਾਉਣ ਵਾਲੇ ਟਰੱਸਟ ਵਿੱਚ ਸਥਾਈ ਮੈਂਬਰ ਵਜੋਂ ਸ਼ਾਮਲ ਆਲ ਇੰਡੀਆ ਕਾਂਗਰਸ ਕਮੇਟੀ ਦੇ ਪ੍ਰਧਾਨ ਨੂੰ ਹਟਾਉਣ ਲਈ ਲੋਕ ਸਭਾ ਵਿੱਚ ਪੇਸ਼ ਕੀਤੇ ਬਿੱਲ ਨੂੰ ‘ਪੂਰੀ ਤਰ੍ਹਾਂ ਗ਼ਲਤ’ ਕਰਾਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਇਸ ਯਾਦਗਾਰ ਨਾਲ ਪਹਿਲੇ ਦਿਨ ਤੋਂ ਜੁੜੀ ਹੋਈ ਹੈ। ਜਿ਼ਕਰਯੋਗ ਹੈ ਕਿ ਲੰਘੇ ਦਿਨ (ਮੰਗਲਵਾਰ) ਇਥੇ ਭਾਰਤ ਤੇ ਨਿਊਜ਼ੀਲੈਂਡ ਦਰਮਿਆਨ ਖੇਡੇ ਜਾ ਰਹੇ ਵਿਸ਼ਵ ਕੱਪ ਦੇ ਸੈਮੀਫਾਈਨਲ ਮੁਕਾਬਲੇ ਦੌਰਾਨ ਖਾਲਿਸਤਾਨ ਪੱਖੀ ਨਾਅਰੇ ਲਾਉਂਦੇ ਸਿੱਖ ਪ੍ਰਦਰਸ਼ਨਕਾਰੀਆਂ ਦੇ ਇਕ ਸਮੂਹ ਨੂੰ ਪੁਲੀਸ ਨੇ ਓਲਡ ਟਰੈਫ਼ਰਡ ਸਟੇਡੀਅਮ ਤੋਂ ਬਾਹਰ ਦਾ ਰਾਹ ਵਿਖਾ ਦਿੱਤਾ।

Previous articleਖ਼ਾਲਿਸਤਾਨ ਪੱਖੀ ਸਿੱਖਸ ਫਾਰ ਜਸਟਿਸ ’ਤੇ ਪਾਬੰਦੀ
Next articleਡੇਰਾਬੱਸੀ ਦੇ ਕੈਮੀਕਲ ਪਲਾਂਟ ’ਚ ਧਮਾਕਾ; 2 ਹਲਾਕ