ਦੀਵਾਲੀ ਤੋਂ ਪਹਿਲਾਂ ਡੀ.ਏ ਦੀਆਂ ਕਿਸ਼ਤਾਂ ਦੇਣ ਦੀ ਮੰਗ : ਅਧਿਆਪਕ ਦਲ
ਕਪੂਰਥਲਾ (ਸਮਾਜ ਵੀਕਲੀ) (ਕੌੜਾ)-ਅਧਿਆਪਕ ਦਲ ਪੰਜਾਬ ਦੀ ਯੂਮ ਐਪ ਰਾਹੀ ਮੀਟਿੰਗ ਸੁਖਦਿਆਲ ਸਿੰਘ ਝੰਡ ਪ੍ਰਧਾਨ ਕਪੂਰਥਲਾ, ਸ਼੍ਰੀ ਰਵਿੰਦਰ ਗਿੱਲ ਮੋਹਾਲੀ, ਗੁਰਜੀਤ ਸਿੰਘ ਲਾਲਿਆਂਵਾਲੀ ਮਾਨਸਾ, ਸ: ਅਜੀਤ ਸਿੰਘ ਝੰਡੂਕੇ ਬਠਿੰਡਾ ਤੇ ਸ਼੍ਰੀ ਮੁਕੇਸ਼ ਕੁਮਾਰ ਰੋਪੜ ਦੀ ਪ੍ਰਧਾਨਗੀ ਹੇਠ ਹੋਈ।
ਇਸ ਮੌਕੇ ਆਗੂਆਂ ਨੇ ਪੰਜਾਬ ਸਰਕਾਰ ਕੋਲੋਂ ਮੰਗ ਕੀਤੀ ਕਿ ਡੀ.ਏ ਦੀ ਕਿਸ਼ਤਾਂ ਜੋਕਿ ਪਿਛਲੇ ਕਾਫੀ ਸਮੇਂ ਤੋਂ ਡਿਊ ਹਨ ਇਸ ਪਾਸੇ ਸਰਕਾਰ ਨੂੰ ਜਲਦ ਧਿਆਨ ਦੇਣ ਦੀ ਜਰੂਰਤ ਹੈ, ਇਸ ਲਈ ਆਗੂਆਂ ਨੇ ਪੰਜਾਬ ਸਰਕਾਰ ਕੋਲੋਂ ਮੰਗ ਕੀਤੀ ਕਿ ਡੀ.ਏ ਦੀਆਂ ਕਿਸ਼ਤਾਂ ਜਲਦ ਜਾਰੀ ਕਰਕੇ ਮੁਲਾਜਮ ਵਰਗ ਨੂੰ ਮਹਿੰਗਾਈ ਤੋਂ ਰਾਹਤ ਦਿਵਾਈ ਜਾਵੇ।ਆਗੂਆਂ ਨੇ ਵਿੱਤ ਮੰਤਰੀ ਪੰਜਾਬ ਮਨਪ੍ਰੀਤ ਸਿੰਘ ਬਾਦਲ ਕੋਲੋਂ ਮੁਲਾਜਮ ਵਰਗ ਲਈ ਖਜਾਨਾ ਦੇ ਦੁਆਰ ਖੋਲਣ ਦੀ ਮੰਗ ਕੀਤੀ ਤਾਂ ਜੋ ਮੁਲਾਜਮ ਵਰਗ ਤਿਉਹਾਰਾਂ ਦੇ ਦਿਨ੍ਹਾਂ ਨੂੰ ਖੁਸ਼ੀ ਨਾਲ ਮਨਾ ਸਕਣ। ਇਸ ਦੇ ਨਾਲ ਹੀ ਆਗੂਆਂ ਨੇ ਪੰਜਾਬ ਸਰਕਾਰ ਕੋਲੋਂ ਛੇਵਾਂ ਪੇ ਕਮਿਸ਼ਨ ਨੂੰ ਵੀ ਜਲਦ ਲਾਗੂ ਕਰਨ ਦੀ ਮੰਗ ਕੀਤੀ।
ਇਸ ਦੇ ਨਾਲ ਹੀ ਆਗੂਆਂ ਨੇ ਪੰਜਾਬ ਸਰਕਾਰ ਕੋਲੋਂ ਮੰਗ ਕੀਤੀ ਕਿ ਪ੍ਰਾਇਮਰੀ ਤੋਂ ਮਾਸਟਰ ਕੇਡਰ, ਹੈੱਡਟੀਚਰ ਤੇ ਸੈਂਟਰ ਹੈੱਡਟੀਚਰ ਅਤੇ ਬੀ.ਈ.ਈ.a, ਮਾਸਟਰ ਕੇਡਰ ਤੋਂ ਲੈਕਚਰਾਰ ਤੇ ਹੈੱਡਮਾਸਟਰ ਅਤੇ ਲੈਕਚਰਾਰ ਤੋ ਪ੍ਰਿੰਸੀਪਲ ਕੇਡਰ ਦੀਆਂ ਤਰੱਕੀਆਂ ਜਲਦ ਕੀਤੀਆਂ ਜਾਣ। ਆਗੂਆਂ ਨੇ ਕਿਹਾ ਕਿ ਪਿਛਲੇ ਸਾਲ ਮਾਸਟਰ ਕੇਡਰ ਤੋਂ ਲੈਕਚਰਾਰ ਦੀਆਂ ਤਰੱਕੀਆਂ ਜੋ ਕੀਤੀਆਂ ਗਈਆਂ ਸਨ aੁਨ੍ਹਾਂ ਅਧਿਆਪਕਾਂ ਨੂੰ ਵੀ ਜਲਦ ਤੋਂ ਜਲਦ ਨਿਯੁਕਤੀ ਪੱਤਰ ਦਿੱਤੇ ਜਾਣ। ਇਸ ਦੇ ਨਾਲ ਹੀ ਆਗੂਆਂ ਨੇ ਮੰਗ ਕੀਤੀ ਕਿ ਪੰਜਾਬ ਸਰਕਾਰ ਵਲੋਂ ਵਿਭਾਗੀ ਤਰੱਕੀਆਂ ਤੇ ਲਗਾਈ ਰੋਕ ਨੂੰ ਹਟਾਇਆ ਜਾਵੇ ਤਾਂ ਜੋ ਵਿਭਾਗ ਨੂੰ ਹੋਰ ਵੀ ਕਾਰਜਕੁਸ਼ਲਤਾ ਨਾਲ ਚਲਾਇਆ ਜਾ ਸਕੇ।