ਆਪਣੀ ਹਿਫ਼ਾਜਤ ਆਪ ਕਰੋ

ਬਲਜਿੰਦਰ ਸਿੰਘ "ਬਾਲੀ ਰੇਤਗੜੂ"

(ਸਮਾਜ ਵੀਕਲੀ)

ਭਾਰਤ ਦੇ ਅੰਦਰ ਕਾਨੂੰਨ ਦਾ ਨਹੀਂ ਜੰਗਲ਼ ਰਾਜ ਦਾ ਕਾਨੂੰਨ ਚੱਲ ਰਿਹਾ ਹੈ । ਦੇਸ਼ ਦੇ ਅੰਦਰ ਦਿਨੋਂ-ਦਿਨ ਅਸੱਭਿਅਤਾ ਦਾ ਬੋਲ-ਬਾਲਾ ਜ਼ੋਰ-ਸ਼ੋਰ ਤੇ ਹੈ। ਗੁਰਬਤ ਦੇ ਮਾਰਿਆਂ ਨੂੰ ਦੇਸ਼ ਦੇ ਹਾਕਮਾਂ ਵਲੋਂ, ਰਾਜਨੀਤਕ ਲੋਕਾਂ ਵਲੋਂ, ਪ੍ਰਸ਼ਾਸਨਿਕ ਅਧਿਕਾਰੀਆਂ ਵਲੋਂ, ਸਰਕਾਰੀ ਸ਼ਕਤੀ ਪ੍ਪਤ ਵਰਦੀਧਾਰੀ ਅਫਸਰਸ਼ਾਹੀ ਵਲੋਂ ਹਮੇਸ਼ਾਂ ਲਿਤਾੜਿਆ ਜਾਂਦਾ ਰਿਹਾ ਹੈ ਤੇ ਮੌਜੂਦਾ ਦੌਰ ਵਿਚ ਵੀ ਪਹਿਲਾਂ ਵਾਲਾ ਹਾਲ਼ ਹੈ।

ਦੇਸ਼ ਦੀ ਆਜ਼ਾਦ ਦੇ 73 ਸਾਲਾਂ ਬਾਅਦ ਵੀ ਸਮਾਜਿਕ ਤੇ ਆਰਥਿਕ ਤੌਰ ਤੇ ਲਿਤਾੜੇ ਲੋਕਾਂ ਦਾ ਹਰ ਰਾਜ, ਹਰ ਸ਼ਹਿਰ, ਹਰ ਪਿੰਡ ਹਰ ਮਹੁੱਲੇ ਵਿੱਚ ਪਹਿਲਾਂ ਵਾਲਾ ਹਾਲ ਹੀ ਹੈ। ਗਰੀਬ, ਮਜਬੂਰ, ਬੇ-ਸਹਾਰੇ ਲੋਕਾਂ ਦਾ ਕੋਈ ਕਾਨੂੰਨ,  ਕੋਈ ਅਦਾਲਤ, ਕੋਈ ਸਰਕਾਰ ਬਾਲੀ-ਵਾਰਿਸ ਨਹੀਂ। ਦਿਨੋ -ਦਿਨ ਆਰਥਿਕ ਸ਼ੋਸਣ ਹੋ ਰਿਹਾ ਹੈ। ਆਰਥਿਕ ਸ਼ੋਸਣ, ਆਰਥਿਕ ਮੰਦਹਾਲੀ ਸਰੀਰਕ ਸ਼ੋਸਣ ਦੀ ਮੁੱਖ ਜੜੵ ਹੈ। ਗੁਰਬਤ ਜਿਸਮਾਨੀ ਕਮਜ਼ੋਰੀ ਨੂੰ ਜਨਮ ਦਿੰਦੀ ਹੈ।

ਤੰਦਰੁਸਤ ਸਰੀਰ ਲਈ ਲੋੜੀਂਦੀ ਸੰਤੁਲਤ ਖੁਰਾਕ ਦੀ ਘਾਟ ਪੈਦਾ ਕਰਦੀ ਹੈ। ਸੰਤੁਲਤ ਖੁਰਾਕ ਨਾ ਮਿਲਣ ਕਾਰਣ ਹੀ ਸਰੀਰ ਪੂਰਣ ਵਿਕਾਸ ਨਹੀਂ ਕਰ ਸਕਦੇ। ਕਮਜ਼ੋਰ ਸਰੀਰਾਂ ਅੰਦਰ ਨਿਰਬਲ ਮਨ ਹੀ ਰਹਿੰਦਾ ਹੈ। ਇਰਾਦੇ ਕਮਜ਼ੋਰ ਹਮੇਸ਼ਾਂ ਸ਼ਕਤੀਹੀਨ ਹੁੰਦੇ ਹਨ। ਸਰੀਰਕ ਤੇ ਆਰਥਿਕ ਸ਼ੋਸਣ ਨੂੰ ਰੋਕਣ ਲਈ ਮਜ਼ਬੂਤ, ਨਰੋਏ ਸਰੀਰਾਂ ਦੀ ਲੋੜ ਹੈ। ਤਾਕਤਵਰ ਸਰੀਰਾਂ ਦੇ ਅੰਦਰਲ਼ੀ ਸਰੀਰਕ ਸ਼ਕਤੀ  ਹੀ ਮਾਨਸਿਕ ਸ਼ਕਤੀ ਦੇ ਰੂਪ ਵਿੱਚ ਕਰਵਟਾਂ ਲੈਂਦੀ ਹੈ।

ਪਹਾੜਾਂ ਦੇ ਨਾਲ਼ ਦੁਸ਼ਮਣੀ ਲੈਣ ਲਈ ਲੋਹਾ ਬਣਨਾ ਜਰੂਰੀ ਹੈ। ਸਿਰਜਣਹਾਰ ਨੇ ਸਭ ਜੀਆਂ ਦੇ ਮਸਤੱਕ ਵਿੱਚ ਗਿਆਨ ਦਾ ਚੂੰਘੜਾ ਧਰਿਆ ਹੈ। ਪ੍ਰਕਾਸ਼ ਲਈ ਤੇਲ ਦਾ ਹੋਣਾ ਜਰੂਰੀ ਹੈ। ਤੇਲ ਆਰਥਿਕ ਨਿਰਭਰਤਾ ਦੇ ਨਾਲ਼ ਹੀ ਪਾਇਆ ਜਾ ਸਕਦਾ ਹੈ।  ਗਿਆਨ ਹੀ ਸ਼ਕਤੀਸ਼ਾਲੀ ਸਰੀਰਾਂ ਦਾ ਤੇਜ਼-ਧਾਰ ਹਥਿਆਰ ਹੈ। ਜੁਲਮ ਤੇ ਤਸ਼ੱਦਦ ਨੂੰ ਜੜੋਂ ਨਾਸ਼ ਕਰਨ ਲਈ ਵਿੱਦਿਆ ਯਾਣੀ ਗਿਆਨ, ਬਾਹੂਬਲ ਤੇ ਠੋਸ ਇਰਾਦਾ ਸ਼ਕਤੀ ਦਾ ਹੋਣਾ ਬਹੁਤ ਜਰੂਰੀ ਹੈ।

ਜ਼ਬਰ- ਜ਼ੁਲਮ, ਜ਼ਾਲਮ ਤੇ ਅੰਹਿਕਾਰ ਦੀ ਕਰੂਰ ਸ਼ਕਤੀ ਦਾ ਸਰਬ-ਨਾਸ਼ ਕਰਨ ਲਈ ਬਾਬਾ ਬੰਦਾ ਸਿੰਘ ਬਹਾਦਰ ਬਣ ਕੇ ਬੇ-ਇਨਸਾਫ਼ੀ ਤੇ ਤਸ਼ੱਦਦ ਦੇ ਕਿਲਿਆਂ ਨੂੰ ਢਹਿ -ਢੇਰੀ ਕਰਨ ਲਈ ਲੋਕ ਸ਼ਕਤੀ ਦੀ ਇੱਕ-ਜੁੱਟਤਾ ਹੋਣੀ  ਸੰਘਰਸ਼ ਲਈ ਅਹਿਮ ਹੈ। ਆਤਮਿਕ ਗਿਆਨ ਦੇ ਨਾਲ ਨਾਲ ਜਿੰਦਗੀ  ਜਿਊਣ ਲਈ ਸਮਾਜਿਕ ਤੇ ਰਾਜਨੀਤਿਕ  ਗਿਆਨ ਹੋਣਾ ਮਨੁੱਖ ਲਈ  ਅਹਿਮ ਹੈ।

ਠੋਸ-ਇਰਾਦਿਆਂ,ਮਾਨਸਿਕ ਸ਼ਕਤੀ ਦੀ ਚੜ੍ਹਦੀ ਕਲਾ ਨੇ ਚਮਕੌਰ ਸਾਹਿਬ ਦੀ ਕੱਚੀ ਗੜ੍ਹੀ ਦੀ ਮਿਸਾਲ ਇਤਿਹਾਸ ਵਿੱਚ ਦਰਜ ਕੀਤੀ ਹੈ। ਬਾਬਾ ਬੰਦਾ ਸਿੰਘ ਬਹਾਦਰ ਨੇ ਜੁਲਮ ਦਾ ਨਾਸ਼ ਕਰਕੇ ਇਨਸਾਫ਼ ਤੇ ਬਰਾਬਰਤਾ ਦਾ ਪਹਿਲਾ  ਖਾਲਸਾ ਰਾਜ ਸਥਾਪਤ ਕਰਕੇ ਸੁਨਹਿਰੀ ਅੱਖਰਾਂ ਵਿੱਚ ਇਤਿਹਾਸ ਸਿਰਜਿਆ। ਸਰੀਗੜ੍ਹੀ ਦੀ ਜੰਗ ਦੀ ਮਿਸਾਲ ਤੁਹਾਡੇ ਸਾਹਮਣੇ ਹੈ।

ਦੇਸ਼ ਦੇ ਸੰਵਿਧਾਨ ਦੀਆਂ ਜੜ੍ਹਾਂ ਚ ਕੁਹਾੜੀ ਫੇਰੀ ਜਾ ਰਹੀ ਹੈ। ਦੇਸ਼ ਦੀ ਧਰਮ ਨਿਰਪੱਖਤਾ ਤੇ ਲੋਕਤੰਤਰਿਕ ਧਰਾਵਾਂ ਨੂੰ ਛਾਂਗਿਆ ਜਾਣ ਲੱਗਿਆ ਹੈ। ਆਰਥਿਕ ਤੇ ਰਾਜਨੀਤਕ ਸਥਿਤੀਆਂ ਡਾਂਵਾ-ਡੋਲ ਹਨ। ਅਨਪੜ੍ਹ-ਗਵਾਰ ਵਿਕਾਊ ਨੇਤਾਵਾਂ ਨੇ ਗੁੰਡਾਰਾਜ ਸਥਾਪਤ ਕਰ ਦਿੱਤਾ ਹੈ।ਰਾਜਨੀਤਿਕ, ਨਿਆਂਇਕ ਅਸਥਿਰਤਾ,  ਨੇ ਮਗਰਮੱਛਾਂ ਦੀ ਤਰ੍ਹਾਂ ਹੜਦੰਬ ਮਚਾ ਰੱਖਿਆ ਹੈ। ਪ੍ਰਸ਼ਾਸਨਿਕ ਅਧਿਕਾਰੀ ਸਵਾਰਥੀ ਤੇ ਮੌਕਾ-ਪ੍ਰਸਤ ਹੋ ਚੁੱਕੇ ਹਨ।

ਦੇਸ਼ ਦੀ ਨੌਜਵਾਨ ਪੀੜੀ ਰੁਜ਼ਗਾਰ ਦੀ ਤਲਾਸ਼ ‘ਚ ਭਟਕ ਰਹੀ ਹੈ।ਕੋਈ ਵੀ ਨੌਜਵਾਨ ਆਪਣੇ ਭਵਿੱਖ ਨੂੰ ਇਹਨਾਂ ਸਮਾਜਿਕ ਉਲਝਣਾਂ ‘ਚ ਫਸਾ ਕੇ  ਗੰਦੀ ਰਾਜਨੀਤੀ ਤੇ ਗੰਦੇ ਸਿਸਟਮ ਦਾ ਸ਼ਿਕਾਰ ਨਹੀਂ ਹੋਣਾ ਚਾਹੁੰਦਾ। ਜੱਦੋ-ਜਹਿਦ ਹੀ ਲੋਕ ਸ਼ਕਤੀ ਦਾ ਪ੍ਰਵਾਹ ਹੈ। ਆਪਣੇ ਸਮਾਜ ਲਈ, ਆਪਣੇ ਲੋਕਾਂ ਲਈ,  ਆਪਣੀ ਧਰਤੀ ਲਈ, ਆਪਣੀ ਅੰਤਰਿਕ, ਆਤਮਿਕ ਆਜ਼ਾਦੀ ਲਈ, ਆਪਣੇ ਜ਼ਮੀਰ ਨੂੰ ਜਿਉਂਦਾ ਰੱਖਣ ਲਈ ਕੁਰਬਾਨ ਹੋਣਾ ਆਪਣੇ ਆਪ ‘ਚ ਬਹੁਤ ਵੱਡਾ ਬਲੀਦਾਨ ਹੁੰਦਾ ਹੈ। ਵਕਤ ਸਮੇਂ ਸਮੇਂ ਤੇ ਇਸ ਦੀ ਮੰਗ ਕਰਦਾ ਰਿਹਾ  ਹੈ। ਅੱਗੇ ਵੀ ਇਸੇ ਤਰ੍ਹਾਂ ਕਰਦਾ ਰਹੇਗਾ।

ਦੇਸ਼ ਦੇ ਘਰ ਰਾਜ ਵਿੱਚ ਮੌਜੂਦਾ ਸਮੇਂ ਧਰਮ ਦੀ ਆੜ ਵਿੱਚ , ਜਾਤ-ਪਾਤ ਦੀ ਆੜ ਵਿੱਚ ਕਮਜ਼ੋਰ, ਗਰੀਬ,ਬੇ-ਸਹਾਰੇ ਲੋਕਾਂ ਤੇ ਜੁਲਮ ਦੀਆਂ ਘਟਨਾਵਾਂ ਹੋ ਰਹੀਆਂ ਹਨ । ਹਾਕਿਮ , ਹਾਕਿਮਾਂ ਦੇ ਸਰਪ੍ਰਸਤ, ਹਾਕਿਮਾਂ ਦੇ ਕੌਲੀ-ਚੱਟ ਸ਼ਕਤੀ ਦੀ ਦੁਰਵਰਤੋਂ ਆਪਣੀ ਮਰਜ਼ੀ ਨਾਲ਼ ਆਪਣੀਆਂ ਇਛਾਵਾਂ ਦੀ ਪੂਰਤੀ ਲਈ ਕਰ ਰਹੇ ਹਨ। ਧਾਰਮਿਕ ਆਗੂ ਇਹਨਾਂ ਭੈੜੇ ਲੋਕਾਂ ਦੇ ਖਾਸ਼ਮ -ਖ਼ਾਸ਼ ਹਨ।ਸਰਕਾਰੀ ਮਸ਼ੀਨਰੀ ਇਹਨਾਂ ਗੁੰਡਿਆਂ ਦੀ ਰਖੇਲ਼ ਬਣ ਚੁੱਕੀ ਹੈ। ਔਰਤਾਂ ਤੇ ਜਬਰ ਹੋ ਰਿਹਾ ਹੈ। ਕੁੜੀਆਂ ਨੂੰ ਅਗਵਾ ਕੀਤਾ ਜਾ ਰਿਹਾ ਹੈ। ਜਬਰ-ਜਿਨਾਹ ਕਰਕੇ ਤਸ਼ੱਦਦ ਦਾ ਕਹਿਰ ਢਾਹਿਆ ਜਾ ਰਿਹਾ ਹੈ।

ਮਾਰ-,ਮੁਕਾ ਕੇ ਸਾੜ ਫ਼ੂਕ ਦਿੱਤਾ ਜਾਂਦਾ ਹੈ। ਕੋਈ ਐਫ ਆਈ ਆਰ ਦਰਜ਼ ਨਹੀ ਹੁੰਦੀ।ਕੋਈ ਸੁਣਵਾਈ ਨਹੀਂ ਹੁੰਦੀ। ਸਰਕਾਰੀ ਤੰਤਰ ਮੁਜ਼ਰਿਮਾਂ ਦੀ ਹਿਫ਼ਾਜਤ ਕਰਦਾ ਹੈ। ਮੀਡੀਆ ਹੁਣ ਲੋਕ ਮੀਡੀਆ ਨਹੀਂ ਰਿਹਾ,  ਇਹ ਨੇਤਾਵਾਂ ਦਾ ਦੱਲਾ ਬਣ ਚੁੱਕਿਆ ਹੈ। ਹਾਕਿਮ  ਦੀ ਅਰਾਧਨਾ ਕਰਦਾ ਹੈ। ਅਦਾਲਤ ਤੱਕ ਕੌਣ ਜਾ ਸਕਦੈ। ਅਦਾਲਤ ਤੱਕ ਜਾਣ ਲਈ ਸਮਾਂ ,ਸਾਧਨ ਤੇ ਪੈਸਾ ਚਾਹੀਦਾ ਹੈ। ਕਾਨੂੰਨੀ ਦਸਤਾਵਾਜ਼ ਚਾਹੁੰਦੇ ਹਨ। ਗਵਾਹ ਚਾਹੀਂਦੇ ਹਨ । ਮੈਡੀਕਲ ਰਿਪੋਰਟਾਂ ਚਾਹੀਂਦੀਆਂ ਹਨ। ਮੈਡੀਕਲ ਰਿਪੋਰਟ ਦਾ ਸੱਚ ਨਿਆਂ ਦੀ ਜੜ੍ਹ ਹੈ। ਅਫਸੋਸ ! ਇਹ ਪ੍ਰਕਿਰਿਆ ਦਾ ਅੰਤਮ ਸੰਸਕਾਰ ਸਾਡੇ ਚੁਣਿਆਂ ਸਿਆਸਤਦਾਨਾਂ ਨੇ ਖੁਦ ਕਰ ਦਿੱਤਾ ਹੈ ।

ਇਹੋ ਜਿਹੇ ਜੰਗਲ ਰਾਜ ਵਿੱਚ  ਕਿਸ ਤਰ੍ਹਾਂ ਜੀਅ ਸਕੀਏ। ਆਪਣੇ ਆਪ ਨੂੰ, ਆਪਣੀ ਖੁਦ-ਦਾਰੀ, ਆਪਣੇ ਜ਼ਮੀਰ ਨੂੰ ਜਿਊਂਦਾ ਕਿਵੇਂ ਰੱਖੀਏ। ਆਪਣੇ ਪਰਿਵਾਰ ਦੇ ਮੈਂਬਰਾਂ ਨੂੰ ਸੁਰੱਖਿਅਤ ਕਿਵੇਂ ਰੱਖੀਏ। ਆਪਣੇ ਬੱਚਿਆਂ ਨੂੰ ਕਿਸ ਤਰ੍ਹਾਂ ਵਗਦੀਆੰ ਗਰਮ ਲੋਆਂ ਤੋਂ ਬਚਾ ਕੇ ਪਾਲ਼ੀਏ। ਆਪਣੀਆਂ ਭੈਣਾਂ, ਆਪਣੀਆਂ ਬੱਚੀਆਂ ਨੂੰ ਗੰਦੇ ਸਿਸਟਮ ਨਾਲ਼ ਦੋ-ਹੱਥ ਹੋਣ ਲਈ ਕਿਸ ਤਰ੍ਹਾਂ ਦੀ ਵਿੱਦਿਆ, ਕਿਸ ਤਰ੍ਹਾਂ  ਦਾ ਗਿਆਨ ਦਿੱਤਾ ਜਾਵੇ।ਉਹਨਾਂ ਨੂੰ ਸਰੀਰਕ ਸ਼ਕਤੀਵਾਨ ਕਿਸ ਤਰ੍ਹਾਂ ਬਣਾਇਆ ਜਾਵੇ। ਆਪਣੀ ਸੁਰੱਖਿਆ ਆਪ ਕਰਨ ਲਈ ਕਿਸ ਤਰ੍ਹਾਂ ਦੀ ਮਾਰਸ਼ਲ ਟ੍ਰੇਨਿੰਗ ਦੇ ਕੇ ਮਾਨਸਿਕ ਸ਼ਕਤੀ ਨਾਲ਼ ਲਵਰੇਜ਼ ਕੀਤਾ ਜਾਵੇ। ਇਹ ਮੌਜੂਦਾ ਸਥਿਤੀਆਂ-ਪ੍ਸਥਿਤੀਆ ਨੂੰ ਧਿਆਨ ਨਾਲ ਵਾਚਣਾ ਬਹੁਤ ਹੀ ਜਰੂਰੀ ਹੈ । ਸਮੇਂ ਦੀ ਮੰਗ ਹੈ ।

ਲੋਹੇ ਨੂੰ ਲੋਹਾ ਹੀ ਕੱਟਦਾ ਹੈ। ਜਬਰ-ਜੁਲਮ ਨੂੰ ਠੱਲ ਵੀ ਹਥਿਆਰਬੰਦ ਸ਼ਕਤੀ ਦੇ ਤੋੜ ਨਾਲ਼ ਪਾਈ ਜਾ ਸਕਦੀ ਹੈ। ਭੀਖ ਮੰਗ ਕੇ ਕਦੇ ਹੱਕ ਨਹੀਂ ਮਿਲਦੇ।ਭੀਖ ਮੰਗਿਆਂ ਇਨਸਾਫ਼ ਨਹੀਂ ਮਿਲਦੇ । ਤਰਸ ਦੇ ਪਾਤਰ ਨਾ ਬਣੋ। ਸਮੇਂ ਦੀ ਲਲ਼ਕਾਰ ਨੂੰ ਸਮਝੋ। ਟਕਰਾਅ ਦੀ ਰਣਨੀਤੀ ਹੀ ਇਸ ਕੋਹੜ ਦਾ ਇਲਾਜ ਹੈ। ਸੱਪ ਦੀ ਜ਼ਹਿਰ ਨੂੰ ਸੱਪ ਦੀ ਜ਼ਹਿਰ ਨਾਲ਼ ਖਤਮ ਕਰਨ ਦਾ ਤਰੀਕਾ ਵੀ ਕੁਦਰਤ ਦੀ ਮਾਰਗ-ਦਰਸ਼ਨਾ ਹੈ। ਆਪਣੀ ਸੁਰੱਖਿਆ ਦਾ ਇੰਤਜ਼ਾਰ ਕਰਨਾ ਤੁਹਾਡੀ ਆਪਣੀ ਪਰਿਵਾਰਿਕ ਜ਼ਿੰਮੇਵਾਰੀ ਹੈ।

ਆਪਣੀ ਸੁਰੱਖਿਆ ਆਪ ਕਰਨ ਦੇ ਨਿਯਮ ਨੂੰ ਅਮਲੀ ਰੁਪ ਦੇਣਾ ਕੁਦਰਤ ਦੇ ਨਿਯਮ ਦੀ ਪਾਲਣਾ  ਹੈ। ਹਰ ਜੀਵ ਦਾ ਹੱਕ ਹੈ।ਆਪਣੇ ਆਪ ਜਾਂ ਆਪਣੇ ਬੱਚਿਆਂ ਨੂੰ ਇੰਨਾਂ ਸੋਹਲ ਨਾ ਬਣਾਉ ਕਿ ਉਹ ਤੂਫ਼ਾਨਾਂ ਦਾ ਸਾਹਮਣਾ ਹੀ ਨਾ ਕਰ ਸਕਣ। ਉਹਨਾਂ ਨੂੰ ਅੱਗ ਦੇ ਦਰਿਆ ਪਾਰ ਕਰਨ ਦੇ ਯੋਗ ਬਣਾਉਣਾ ਹੀ ਸਮੇਂ ਦੀ ਪੁਕਾਰ ਹੈ। ਹਰ ਧੀ ਚਿੜੀ ਨਹੀਂ, ਬਾਜ਼ ਹੋਵੇ। ਹਰ ਔਰਤ ਸ਼ੀਹਣੀ। ਔਰਤਾਂ ਦਾ ਆਤਮ-ਨਿਰਭਰ ਹੋਣਾ ਤੇ ਉਚ ਵਿੱਦਿਆ ਦੇ ਗਿਆਨ ਇਕ ਚੰਗੇ ਤੇ ਉੱਤਮ ਸਮਾਜ ਦੀ ਨੀਂਹ ਹੈ। ਆਤਮਿਕ , ਆਰਥਿਕ,ਸਰੀਰਕ ਤੇ ਸਮਾਜਿਕ ਤੌਰ ਤੇ ਸ਼ਕਤੀਸ਼ਾਲੀ ਹੋਣਾ ਜਬਰ-ਜੁਲਮ ਤੇ ਬੇ-ਇਨਸਾਫ਼ੀ ਨੂੰ ਖਤਮ ਕਰਨ ਦਾ ਪਹਿਲਾ ਪੜਾਅ।

ਬਲਜਿੰਦਰ ਸਿੰਘ “ਬਾਲੀ ਰੇਤਗੜੵ “
whstsapp 91 9465129168
7087629168

Previous articleਲਾਰਡ ਕ੍ਰਿਸ਼ਨਾ ਕਾਲਜ ‘ਚ ਸ਼ਾਸਤਰੀ ਅਤੇ ਗਾਂਧੀ ਜੈਅੰਤੀ ਮਨਾਈ
Next articleਡੀ.ਏ ਦੀਆਂ ਬਕਾਇਆ ਕਿਸ਼ਤਾਂ ਦੇਣ ਲਈ ਹੁਣ ਤਾਂ ਜਾਗੋ ਮੰਤਰੀ ਸਾਹਿਬ