ਅਧਿਕਾਰੀਆਂ ਨੂੰ ਕੰਮ ਜਲਦ ਸ਼ੁਰੂ ਕਰਵਾਉਣ ਦੀਆਂ ਹਦਾਇਤਾਂ
ਕਪੂਰਥਲਾ (ਸਮਾਜ ਵੀਕਲੀ) (ਹਰਜੀਤ ਸਿੰਘ ਵਿਰਕ) ਡਿਪਟੀ ਕਮਿਸ਼ਨਰ ਕਪੂਰਥਲਾ ਸ੍ਰੀਮਤੀ ਦੀਪਤੀ ਉੱਪਲ ਵਲੋਂ ਅੱਜ ਸਮਾਰਟ ਸਿਟੀ ਸੁਲਤਾਨਪੁਰ ਲੋਧੀ ਪ੍ਰਾਜੈਕਟ ਦੀ ਪ੍ਰਗਤੀ ਦੀ ਸਮੀਖਿਆ ਕੀਤੀ ਗਈ ਅਤੇ ਸਬੰਧਿਤ ਵਿਭਾਗੀ ਅਧਿਕਾਰੀਆਂ ਨੂੰ ਹਦਾਇਤ ਕੀਤੀ ਗਈ ਕਿ ਉਹ ਸਮਾਰਟ ਸਿਟੀ ਤਹਿਤ ਵੱਖ-ਵੱਖ ਕੰੰਮਾਂ ਨੂੰ ਜਲਦ ਸ਼ੁਰੂ ਕਰਨ ਵੱਲ ਵਿਸ਼ੇਸ਼ ਤਵੱਜ਼ੋਂ ਦੇਣ। ਇੱਥੇ ਜਿਲ੍ਹਾ ਪ੍ਰਸ਼ਾਸ਼ਕੀ ਕੰਪਲੈਕਸ ਵਿਖੇ ਮੀਟਿੰਗ ਦੌਰਾਨ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਉਹ ਸਮਾਰਟ ਸਿਟੀ ਤਹਿਤ ਪੰਜਾਬ ਸਰਕਾਰ ਤੇ ਕੇਂਦਰ ਸਰਕਾਰ ਵਲੋਂ ਅਨੇਕਾਂ ਪ੍ਰਾਜੈਕਟ ਸ਼ੁਰੂ ਕੀਤੇ ਜਾ ਰਹੇ ਹਨ ਜਿਸ ਲਈ ਪ੍ਰਸ਼ਾਸ਼ਕੀ ਕਾਰਵਾਈ ਅਗਲੇ 10 ਦਿਨ ਅੰਦਰ ਮੁਕੰਮਲ ਕੀਤੀ ਜਾਵੇ।
ਉਨ੍ਹਾਂ ਸੋਲਿਡ ਵੇਸਟ ਮੈਨੇਜ਼ਮੈਂਟ, ਸਮਾਰਟ ਪਾਰਕ, ਸਮਾਰਟ ਸਕੂਲ, ਮਿੰਨੀ ਪ੍ਰਸ਼ਾਸ਼ਕੀ ਕੰਪਲੈੈਕਸ ਦੀ ਉਸਾਰੀ, ਪੇਡਾ ਵਲੋਂ ਸਾਰੇ ਸ਼ਹਿਰ ਅੰਦਰ ਸੂਰਜੀ ਊਰਜਾ ਲਾਇਟਾਂ ਲਾਉਣ ਦੇ ਕੰਮ ਦਾ ਜਾਇਜ਼ਾ ਲਿਆ। ਇਸ ਤੋਂ ਇਲਾਵਾ ਕਿਲ੍ਹਾ ਸਰਾਏ ਨੂੰ ਸੈਰ ਸਪਾਟਾ ਕੇਂਦਰ ਵਜੋਂ ਵਿਕਸਤ ਕਰਨ ਤੇ ਸੀਵਰੇਜ਼ ਟ੍ਰੀਟਮੈਂਟ ਪਲਾਂਟ ਦੀ ਸਥਾਪਨਾ, ਸਮਾਰਟ ਆਵਾਜਾਈ ਵਿਵਸਥਾ ਕਾਇਮ ਕਰਨ ਦੀ ਰੂਪ ਰੇਖਾ ਦੀਆਂ ਤਿਆਰੀਆਂ ਬਾਰੇ ਵੀ ਜਾਣਕਾਰੀ ਪ੍ਰਾਪਤ ਕੀਤੀ। ਉਨਾਂ ਕਿਹਾ ਕਿ ਸੁਲਤਾਨਪੁਰ ਲੋਧੀ ਵਿਖੇ ਉਸਾਰਿਆ ਜਾ ਰਿਹਾ ਮਿੰਨੀ ਪ੍ਰਸ਼ਾਸ਼ਕੀ ਕੰਪਲੈਕਸ ਵਿਚ ਸਬ ਡਿਵੀਜ਼ਨ ਪੱਧਰ ਦੇੇ ਲਗਭਗ 13 ਵੱਖ-ਵੱਖ ਦਫਤਰ, ਸੇਵਾ ਕੇਂਦਰ, ਫਰਦ ਕੇਂਦਰ ਆਦਿ ਹੋਣਗੇ ਜਿਸ ਨਾਲ ਲੋਕਾਂ ਨੂੰ ਇਕ ਹੀ ਛੱਤ ਹੇਠ ਸਾਰੀਆਂ ਸੇਵਾਵਾਂ ਮਿਲ ਸਕਣਗੀਆਂ।
ਮੀਟਿੰਗ ਦੌਰਾਨ ਵਧੀਕ ਡਿਪਟੀ ਕਮਿਸ਼ਨਰ ਜਨਰਲ ਰਾਹੁਲ ਚਾਬਾ, ਪਾਵਰਕਾਮ ਦੇ ਨਿਗਰਾਨ ਇੰਜਨੀਅਰ ਇੰਦਰਪਾਲ ਸਿੰਘ, ਜਿਲ੍ਹਾ ਸਿੱਖਿਆ ਅਫਸਰ ਸੈਕੰੰਡਰੀ ਗੁਰਦੀਪ ਸਿੰਘ, ਜਿਲ੍ਹਾ ਸਿੱਖਿਆ ਅਫਸਰ ਐਲੀਮੈਂਟਰੀ ਗੁਰਭਜਨ ਸਿੰਘ, ਉਪ ਜਿਲ੍ਹਾ ਸਿੱਖਿਆ ਅਫਸਰ ਬਿਕਰਮਜੀਤ ਸਿੰਘ, ਐਕਸੀਅਨ ਸੰਨੀ ਗੋਗਨਾ, ਐਸ ਡੀ ਓ ਬਲਬੀਰ ਸਿੰਘ ਤੇ ਹੋਰ ਹਾਜ਼ਰ ਸਨ।