ਡਾ. ਅੰਬੇਡਕਰ ਦੀਆਂ ਰਚਨਾਵਾਂ ਬਾਰੇ ਪੰਜ ਖੰਡਾਂ ‘ਚ ਆ ਰਹੇ ਨਵੇਂ ਗਰੰਥ, ਬਾਬਾਸਾਹਿਬ ਦੀਆਂ ਰਚਨਾਵਾਂ ਨੂੰ ਵਿਸ਼ਵ ਪੱਧਰ ਤੇ ਮਿਲ ਰਹੀ ਪ੍ਰਵਾਨਗੀ – ਬਾਲੀ

ਫੋਟੋ ਕੈਪਸ਼ਨ : ਭਾਰਤ ਰਤਨ ਬਾਬਾਸਾਹਿਬ ਡਾ. ਬੀ.ਆਰ. ਅੰਬੇਡਕਰ

ਜਲੰਧਰ (ਸਮਾਜ ਵੀਕਲੀ):- ਵਿਸ਼ਵ ਦੇ ਕਈ ਦੇਸ਼ਾਂ ‘ਚ ਬਾਬਾਸਾਹਿਬ ਅੰਬੇਡਕਰ ਦੀਆਂ ਰਚਨਾਵਾਂ ਨੂੰ ਪ੍ਰਵਾਨਗੀ ਪ੍ਰਾਪਤ ਹੋ ਰਹੀ ਹੈ. ਆਕਸਫੋਰਡ ਯੂਨੀਵਰਸਿਟੀ ਪ੍ਰੈਸ ਪਹਿਲਾਂ ਹੀ ‘ਦ ਐਸੇਨਸ਼ਿਯਲ ਰਾਈਟਿੰਗਸ ਆਫ ਬੀ. ਆਰ. ਅੰਬੇਡਕਰ’ (ਅੰਬੇਡਕਰ ਦੀਆਂ ਜ਼ਰੂਰੀ ਲਿਖਤਾਂ) ਪ੍ਰਕਾਸ਼ਤ ਕਰ ਚੁੱਕੀ ਹੈ. ਹੁਣ ਇਸ ਅਦਾਰੇ ਨੇ ਡਾ. ਅੰਬੇਡਕਰ ਦੇ ਸੰਘਰਸ਼ਾਂ, ਉਨ੍ਹਾਂ ਵੱਲੋਂ ਰਚੇ ਗਏ ਸਾਹਿਤ ਅਤੇ ਨਾਨਾ ਪ੍ਰਕਾਰ ਦੇ ਵਿਸ਼ਿਆਂ ਤੇ ਅਧਾਰਤ ਡਾ. ਅੰਬੇਡਕਰ ਦੇ ਵਿਚਾਰਾਂ ਨੂੰ ਪੰਜਾਂ ਖੰਡਾਂ ਵਿਚ ਸੰਮਿਲਿਤ ਪ੍ਰਕਾਸ਼ਤ ਕਰਨ ਦੀ ਘੋਸ਼ਣਾ ਕੀਤੀ ਹੈ. ਇਹ

ਜਾਣਕਾਰੀ ਨਾਮਵਰ ਅੰਬੇਡਕਰਵਾਦੀ ਅਤੇ ਬੁੱਧਿਸਟ, ਅੰਬੇਡਕਰ ਭਵਨ ਜਲੰਧਰ ਦੇ ਸੰਸਥਾਪਕ ਟਰੱਸਟੀ ਸ਼੍ਰੀ ਲਾਹੌਰੀ ਰਾਮ ਬਾਲੀ, ਜਿਨ੍ਹਾਂ ਨੂੰ ਬਾਬਾਸਾਹਿਬ ਡਾ. ਅੰਬੇਡਕਰ ਦੇ ਚਰਨਾਂ ਵਿਚ 6 ਸਾਲ ਰਹਿ ਕੇ ਸਿੱਖਣ ਦਾ ਮਾਣ ਪ੍ਰਾਪਤ ਹੈ, ਨੇ ਇੱਕ ਪ੍ਰੈਸ ਬਿਆਨ ਰਾਹੀਂ ਦਿੱਤੀ. ਸ਼੍ਰੀ ਬਾਲੀ ਨੇ ਕਿਹਾ ਕਿ ਪਬਲੀਕੇਸ਼ਨ ਹਾਊਸ ਆਕਸਫੋਰਡ ਯੂਨੀਵਰਸਿਟੀ ਪ੍ਰੈਸ ਨੇ ਭਾਰਤ ਦੇ ਪਹਿਲੇ ਕਾਨੂੰਨ ਤੇ ਨਿਆਂ ਮੰਤਰੀ ਦੀ 129ਵੀਂ ਜੈਅੰਤੀ ਮੌਕੇ ਇਹ ਘੋਸ਼ਣਾ ਕੀਤੀ ਹੈ.

ਡਾ. ਅੰਬੇਡਕਰ ਦਾ ਜਨਮ ਮਹੂ (ਮੱਧ ਪ੍ਰਦੇਸ਼) ਵਿਖੇ 14 ਅਪ੍ਰੈਲ, 1891 ਨੂੰ ਹੋਇਆ ਸੀ. ਇਸ ਨਵੇਂ ਗਰੰਥ ਦਾ ਨਾਂ ‘ਬੀ. ਆਰ. ਅੰਬੇਡਕਰ: ਦ ਕੁਐਸਟ ਫਾਰ ਜਸਟਿਸ’ (ਬੀ. ਆਰ. ਅੰਬੇਡਕਰ: ਨਿਆਂ ਦੀ ਖੋਜ) ਹੈ ਅਤੇ ਇਸ ਵਿਚ ਸਮਾਜਿਕ, ਰਾਜਨੀਤਕ, ਕਾਨੂੰਨੀ, ਆਰਥਿਕ, ਲੈਂਗਿਕ, ਨਸਲੀ, ਧਾਰਮਿਕ ਅਤੇ ਸਭਿਆਚਾਰਕ ਨਿਆਂ ਦੇ ਭਿਨ-ਭਿਨ ਪਹਿਲੂਆਂ ਤੇ ਚਰਚਾ ਹੈ. ਇਸਦਾ ਸੰਪਾਦਨ ਲੇਖਕ ਅਕਾਸ਼ ਸਿੰਘ ਰਾਠੌੜ ਨੇ ਕੀਤਾ ਹੈ. ਪਬਲੀਕੇਸ਼ਨ ਹਾਊਸ ਨੇ ਘੋਸ਼ਣਾ ‘ਚ ਕਿਹਾ ਹੈ ਕਿ ਇਨ੍ਹਾਂ ਪੰਜ ਖੰਡਾਂ ਵਿਚ ਸਮਾਜਿਕ ਗ਼ੈਰਬਰਾਬਰੀ, ਵਿਭਿੰਨਤਾ, ਬਹਿਸ਼ਕਾਰ ਦਾ ਸਮਾਜਿਕ ਵਿਸ਼ਲੇਸ਼ਣ ਹੈ.

ਸ਼੍ਰੀ ਬਾਲੀ ਨੇ ਅੱਗੇ ਕਿਹਾ ਕਿ ਬਾਬਾਸਾਹਿਬ ਦੀ 20 ਸਫ਼ਿਆਂ ਦੀ ਸਵੈ-ਜੀਵਨੀ ਕਹਾਣੀ ‘ਵੇਟਿੰਗ ਫਾਰ ਏ ਵੀਜ਼ਾ’ (ਵੀਜ਼ਾ ਦੀ ਉਡੀਕ) ਜੋ 1935–36 ਦੇ ਸਮੇਂ ਵਿੱਚ ਲਿਖੀ ਗਈ ਹੈ, ਇਸ ਵਿਚ ਉਨ੍ਹਾਂ ਦੁਆਰਾ ਆਪਣੇ ਹੱਥ ਲਿਖਤ ਵਿਚ ਅਛੂਤਤਾ ਦੇ ਤਜ਼ਰਬਿਆਂ ਨਾਲ ਸੰਬੰਧਿਤ ਯਾਦਾਂ ਤਾਜ਼ਾ ਕੀਤੀਆਂ ਗਈਆਂ ਹਨ ਅਤੇ ਇਹ ਕਿਤਾਬ ਕੋਲੰਬੀਆ ਯੂਨੀਵਰਸਿਟੀ ਵਿਚ ਇਕ ਪਾਠ ਪੁਸਤਕ ਵਜੋਂ ਵਰਤੀ ਜਾਂਦੀ ਹੈ.

ਲਾਹੌਰੀ ਰਾਮ ਬਾਲੀ 
ਸੰਪਾਦਕ ਭੀਮ ਪਤ੍ਰਿਕਾ
ਮੋਬਾਈਲ: +91 98723 21664

Previous articleਤਾਲਾਬੰਦੀ ਦਾ ਘਰੇਲੂ ਮਾਹੌਲ ਉੱਤੇ ਸਾਕਰਾਤਮਕ ਅਤੇ ਨਾਕਰਾਤਮਕ ਪ੍ਰਭਾਵ
Next articleਸੁੰਨੜ ਕਲਾਂ ਪਿੰਡ ਵਿੱਚ ਮਿਡਲ ਕਲਾਸ ਅਤੇ ਜਰੂਰਤਮੰਦਾਂ ਨੂੰ ਵੰਡਿਆਂ ਰਾਸ਼ਨ