ਪੰਜਾਬ ਸਕੂਲ ਸਿੱਖਿਆ ਬੋਰਡ ਆਫ਼ ਡਾਇਰੈਕਟਰਾਂ ਦੇ ਜਾਅਲੀ ਦਸਤਖ਼ਤ ਕਰਕੇ ਕਿਸੇ ਖਾਸ ਅਧਿਕਾਰੀ ਨੂੰ ਸਰਕਾਰੀ ਅਹੁਦੇ ਦਾ ਲਾਭ ਪਹੁੰਚਾਉਣ ਦਾ ਮਾਮਲਾ ਬੁਝਾਰਤ ਬਣ ਕੇ ਰਹਿ ਗਿਆ ਹੈ। ਹਾਲਾਂਕਿ ਇਸ ਸਬੰਧੀ ਰਾਜ ਸਰਕਾਰ ਦੀਆਂ ਹਦਾਇਤਾਂ ’ਤੇ ਮੁਹਾਲੀ ਪੁਲੀਸ ਵੱਲੋਂ ਬੋਰਡ ਦੀਆਂ ਮੀਟਿੰਗਾਂ ’ਚ ਗ਼ੈਰ ਮੈਂਬਰਾਂ ਦੇ ਜਾਅਲੀ ਦਸਤਖ਼ਤ ਕਰਕੇ ਸਰਕਾਰੀ ਰਿਕਾਰਡ ਨਾਲ ਛੇੜ-ਛਾੜ ਕਰਨ ਸਬੰਧੀ ਅਣਪਛਾਤੇ ਵਿਅਕਤੀ ਖ਼ਿਲਾਫ਼ ਧਾਰਾ 419,468 ਅਤੇ 120ਬੀ ਦੇ ਤਹਿਤ ਕੇਸ ਦਰਜ ਕੀਤਾ ਗਿਆ ਸੀ ਪਰ ਬਾਅਦ ’ਚ ਪੁਲੀਸ ਦੀ ਜਾਂਚ ਕਿਸੇ ਕੰਢੇ ਨਹੀਂ ਲੱਗੀ ਤੇ ਹੁਣ ਪੁਲੀਸ ਨੇ ਇਸ ਕੇਸ ਨੂੰ ਖ਼ਤਮ ਕਰਨ ਲਈ ਮੁਹਾਲੀ ਅਦਾਲਤ ’ਚ ਕਲੋਜਰ ਰਿਪੋਰਟ ਦਾਖ਼ਲ ਕਰਕੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਹੈ। ਜਾਂਚ ਅਧਿਕਾਰੀ ਭੁਪਿੰਦਰ ਸਿੰਘ ਨੇ ਅਦਾਲਤ ’ਚ ਕਲੋਜਰ ਰਿਪੋਰਟ ਦਾਖ਼ਲ ਕਰਨ ਦੀ ਪੁਸ਼ਟੀ ਕੀਤੀ ਹੈ। ਉਧਰ, ਸਿੱਖਿਆ ਬੋਰਡ ਮੈਨੇਜਮੈਂਟ ਵੀ ਆਪਣੇ ਪੱਧਰ ’ਤੇ ਜਾਅਲਸਾਜ਼ ਦਾ ਪਤਾ ਲਗਾਉਣ ਲਈ ਫੇਲ੍ਹ ਸਾਬਤ ਹੋਈ ਹੈ। ਕਿਹਾ ਜਾ ਰਿਹਾ ਹੈ ਕਿ ਬੋਰਡ ਆਪਣੇ ਚਹੇਤੇ ਅਧਿਕਾਰੀ ਨੂੰ ਅਹੁਦੇ ਦਾ ਲਾਭ ਦੇਣ ਤੇ ਕਾਨੂੰਨੀ ਕਾਰਵਾਈ ਤੋਂ ਬਚਾਉਣ ਦੀ ਤਾਕ ’ਚ ਹੈ। ਜਿਸ ਕਰਕੇ ਬੋਰਡ ਨੇ ਵੀ ਚੁੱਪ ਧਾਰਦਿਆਂ ਪੁਲੀਸ ਦੀ ਕਲੋਜਰ ਰਿਪੋਰਟ ਨੂੰ ਚੁਣੌਤੀ ਨਹੀਂ ਦਿੱਤੀ। ਚਾਰ ਸਾਲ ਪਹਿਲਾਂ ਸਿੱਖਿਆ ਵਿਭਾਗ ਦੇ ਪ੍ਰਮੁੱਖ ਸਕੱਤਰ ਨੇ ਸਕੂਲ ਬੋਰਡ ਨੂੰ ਇੱਕ ਪੱਤਰ ਲਿਖ ਕੇ ਬੋਰਡ ਦੇ ਇਕ ਸੀਨੀਅਰ ਅਧਿਕਾਰੀ ਖ਼ਿਲਾਫ਼ ਤੁਰੰਤ ਕੇਸ ਦਰਜ ਕਰਵਾਉਣ ਦੀ ਹਦਾਇਤ ਕੀਤੀ ਗਈ ਸੀ ਪਰ ਬਾਅਦ ’ਚ ਇਹ ਮਾਮਲਾ ਠੰਢੇ ਬਸਤੇ ’ਚ ਪੈ ਗਿਆ। ਸਰਕਾਰ ਨੇ ਵੀ ਜ਼ਿੰਮੇਵਾਰੀ ਪੁਲੀਸ ’ਤੇ ਸੁੱਟ ਦਿੱਤੀ ਸੀ। ਇਸ ਸਬੰਧੀ ਬੋਰਡ ਦੇ ਤਤਕਾਲੀ ਸਕੱਤਰ ਗੁਰਿੰਦਰਪਾਲ ਸਿੰਘ ਬਾਠ ਨੇ 20 ਨਵੰਬਰ 2013 ਨੂੰ ਮੁਹਾਲੀ ਦੇ ਐਸਐਸਪੀ ਨੂੰ ਲਿਖਤੀ ਸ਼ਿਕਾਇਤ ਸੌਂਪਦਿਆਂ ਕੇਸ ਦਰਜ ਕਰਨ ਦੀ ਮੰਗ ਕੀਤੀ ਸੀ। ਇਸ ਸਬੰਧੀ ਸੂਬਾ ਸਰਕਾਰ ਨੇ ਬੋਰਡ ਨੂੰ ਇੱਕ ਪੱਤਰ ਲਿਖ ਕੇ ਬੋਰਡ ਮੈਂਬਰਾਂ ਦੇ ਜਾਅਲੀ ਦਸਤਖ਼ਤ ਕਰਨ ਵਾਲੇ ਅਣਪਛਾਤੇ ਵਿਅਕਤੀ ਖ਼ਿਲਾਫ਼ ਕਾਨੂੰਨੀ ਕਾਰਵਾਈ ਲਈ ਹੁਕਮ ਜਾਰੀ ਕੀਤੇ ਸਨ। ਤਤਕਾਲੀ ਸਕੱਤਰ ਨੇ ਆਪਣੇ ਸ਼ਿਕਾਇਤ ਪੱਤਰ ’ਚ ਇਸ ਗੱਲ ਦਾ ਜ਼ਿਕਰ ਕੀਤਾ ਸੀ ਕਿ ਬੋਰਡ ਦੀਆਂ ਮੀਟਿੰਗਾਂ ਦੇ ਹਾਜ਼ਰੀ ਰਜਿਸਟਰ ’ਚ ਬੋਰਡ ਆਫ਼ ਡਾਇਰੈਕਟਰ ਦੇ ਮੈਂਬਰਾਂ ਦੇ ਜਾਅਲੀ ਦਸਤਖ਼ਤ ਕਰਨ ਬਾਰੇ ਸਕੂਲ ਬੋਰਡ ਦੇ ਸਾਬਕਾ ਸੰਯੁਕਤ ਸਕੱਤਰ ਓਮ ਪ੍ਰਕਾਸ਼ ਸੋਨੀ ਨੇ ਪੰਜਾਬ ਸਰਕਾਰ ਨੂੰ ਸ਼ਿਕਾਇਤ ਦਿੱਤੀ ਸੀ। ਬੋਰਡ ਦੀ ਵਿਨਿਯਮ ਕਮੇਟੀ ਦੀਆਂ ਮੀਟਿੰਗਾਂ ਵਿੱਚ ਜੋ ਮੈਂਬਰ ਗ਼ੈਰ ਹਾਜ਼ਰ ਸਨ, ਕਿਸੇ ਨੇ ਉਨ੍ਹਾਂ ਦੇ ਜਾਅਲੀ ਦਸਤਖ਼ਤ ਕਰਵਾਏ ਜਾਣ ਜਾਂ ਕੀਤੇ ਜਾਣ ਸਬੰਧੀ ਤੁਰੰਤ ਕੇਸ ਦਰਜ ਕਰਵਾਉਣ ਬਾਰੇ ਹਦਾਇਤ ਕੀਤੀ ਸੀ। ਪੁਲੀਸ ਨੇ ਆਪਣੀ ਕਲੋਜਰ ਰਿਪੋਰਟ ’ਚ ਲਿਖਿਆ ਹੈ ਕਿ ਬੋਰਡ ਦੀਆਂ ਮੀਟਿੰਗਾਂ ’ਚ ਹਾਜ਼ਰ ਮੈਂਬਰਾਂ ਕੋਲੋਂ ਪੁੱਛਗਿੱਛ ਕੀਤੀ ਗਈ ਸੀ ਪਰ ਪੁਲੀਸ ਦੀ ਜਾਂਚ ’ਚ ਜਾਅਲੀ ਦਸਤਖ਼ਤ ਕਰਨ ਦੀ ਗੱਲ ਸਾਹਮਣੇ ਨਹੀਂ ਆਈ ਤੇ ਨਾ ਹੀ ਕਿਸੇ ਅਣਪਛਾਤੇ ਵਿਅਕਤੀ ਬਾਰੇ ਕੋਈ ਜਾਣਕਾਰੀ ਪ੍ਰਾਪਤ ਹੋ ਸਕੀ ਹੈ। ਰਿਪੋਰਟ ’ਚ ਪੁਲੀਸ ਦਾ ਕਹਿਣਾ ਹੈ ਕਿ ਐਸਸੀਈਆਰਟੀ ਦੇ ਤਤਕਾਲੀ ਡਾਇਰੈਕਟਰ ਸਾਧੂ ਸਿੰਘ ਰੰਧਾਵਾ ਦੇ ਦਸਤਖ਼ਤਾਂ ਦਾ ਮਿਲਾਨ ਪ੍ਰਾਈਵੇਟ ਲੈਬ ’ਚੋਂ ਕਰਵਾਇਆ ਗਿਆ ਸੀ। ਇਸ ਤੋਂ ਇਲਾਵਾ ਉਨ੍ਹਾਂ ਦੇ ਦਸਤਖ਼ਤਾਂ ਦਾ ਮਿਲਾਨ ਸਰਕਾਰੀ ਲੈਬ ਤੋਂ ਵੀ ਕਰਵਾਇਆ ਗਿਆ। ਰਿਪੋਰਟਾਂ ’ਚ ਕੋਈ ਵੀ ਠੋਸ ਸਬੂਤ ਸਾਹਮਣੇ ਨਹੀਂ ਆਏ।
HOME ਡਾਇਰੈਕਟਰਾਂ ਦੇ ਜਾਅਲੀ ਦਸਤਖ਼ਤ ਕਰਨ ਵਾਲੇ ਕੇਸ ਉੱਤੇ ਮਿੱਟੀ ਪਾਉਣ ਲੱਗੀ ਪੁਲੀਸ