ਟੁੱਟ ਚੁੱਕੀ ਮਨਰਾਜ ਦੇ ਸੁਪਨਿਆਂ ਦੀ ਲੀਹ

(ਸਮਾਜ ਵੀਕਲੀ)

ਮਨਰਾਜ ਦੇ ਹੱਥਾਂ ‘ਤੇ ਸਜਰੇ ਵਿਆਹ ਦੀ ਲੱਗੀ ਹਜੇ ਮਹਿੰਦੀ ਵੀ ਨਹੀਂ ਉਤਰੀ ਸੀ ਕਿ ਆਪਣੇ ਪਤੀ ਦੀ ਚੁੱਪੀ ਉਸਨੂੰ ਬਹੁਤ ਕੁਝ ਸੋਚਣ ਲਈ ਮਜ਼ਬੂਰ ਕਰ ਰਹੀ ਸੀ। ਮਨਰਾਜ ਦੇ ਮਨ ਨੂੰ ਕਈ ਤਰ੍ਹਾਂ ਦੇ ਸਵਾਲ ਆਉਣ ਘੇਰਦੇ, ਤੇ ਉਨ੍ਹਾਂ ਸਵਾਲਾਂ ਦੇ ਜਵਾਬ ਦੇਣ ਲਈ ਆਪਣੇ ਆਪ ‘ਚ ਉਲਝਦੀ ਰਹਿੰਦੀ, ਕਦੇ ਸੋਚਦੀ ‘ਸ਼ਾਇਦ ਇਨ੍ਹਾਂ ਨੂੰ ਮੇਰੇ ਹੱਥ ਦਾ ਬਣਿਆ ਖਾਣਾ ਨਹੀਂ ਪਸੰਦ ਹੋਵੇਗਾ, ਕਿਤੇ ਇਹਨਾਂ ਨੂੰ ਮੈਂ ਪਸੰਦ ਤਾਂ ਨਹੀਂ, ਸ਼ਾਇਦ ਇਹਨਾਂ ਨੂੰ ਕੋਈ ਹੋਰ ਪਸੰਦ ਹੋਵੇਗੀ, ਕਿਤੇ ਘਰਦਿਆਂ ਧੱਕੇ ਨਾਲ ਤਾਂ ਨਹੀਂ ਮੇਰੇ ਨਾਲ ਵਿਆਹ ਦਿੱਤਾ’, ਕਈ ਵਾਰ ਉਸਨੇ ਆਪਣੇ ਪਤੀ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ, ਪਰ ਮੂੰਹੋਂ ਮਨਰਾਜ ਕੁਝ ਨਾ ਬੋਲ ਸਕੀ। ਇਕ ਦਿਨ ਛੱਤ ‘ਤੇ ਕੱਪੜੇ ਪਾਉਣ ਗਈ ਮਨਰਾਜ ਦੇ ਕੰਨਾਂ ‘ਚ ਬੋਲ ਪੈਂਦੇ ਨੇ, ‘ਸੀਰਤ ਮੈਂ ਖੁਸ਼ ਨਹੀਂ ਹਾਂ, ਮੈਂਨੂੰ ਹਰ ਪਲ ਤੇਰੀ ਯਾਦ ਸਤਾਉਂਦੀ ਐ, ਪਰ ਕੀ ਕਰਾਂ ਘਰਦਿਆਂ ਕਰਕੇ ਮੈਨੂੰ ਇਸ ਰਿਸ਼ਤੇ ਨੂੰ ਹਾਂ ਕਰਨੀ ਪਈ’। ਫੋ

ਨ ‘ਤੇ ਪਤੀ ਨੂੰ ਕਿਸੇ ਹੋਰ ਨਾਲ ਗੱਲ ਕਰਦਿਆਂ ਮਨਰਾਜ ਉਸ ਵੇਲੇ ਸੁੰਨ ਰਹਿ ਗਈ, ਤੇ ਬਿਨਾਂ ਕੁਝ ਬੋਲਿਆਂ ਮਨਰਾਜ ਨੀਚੇ ਤਾਂ ਆ ਗਈ ਪਰ ਉਸਦੇ ਕੰਨਾਂ ਵਿਚ ਇਹ ਬੋਲ ਸੂਲਾਂ ਵਾਂਗ ਚੁੱਭ ਰਹੇ ਸਨ, ਕਿਸੇ ਨਾਲ ਬੋਲਣਾ ਨਹੀਂ ਚਾਹੁੰਦੀ ਸੀ, ਪਰ ਘਰਦਿਆਂ ਦੀ ਖੁਸ਼ੀ ਲਈ ਮਨਰਾਜ ਨੂੰ ਦਿਲ ‘ਤੇ ਪੱਥਰ ਰੱਖ ਕੇ ਖੁਸ਼ ਰਹਿਣਾ ਪੈ ਰਿਹਾ ਸੀ। ਅੰਦਰੋ-ਅੰਦਰੀ ਘੁੱਟ ਰਹੀ ਮਨਰਾਜ ਕਦੇ ਖੁਦ ਨੂੰ ਕੋਸਦੀ ਤੇ ਕਦੇ ਆਪਣੇ ਸੋਹਰਿਆਂ ਨੂੰ, ਕਦੇ ਆਪਣੇ ਪਤੀ ਨੂੰ।

ਇਕ ਦਿਨ ਮਨਰਾਜ ਨੇ ਹਿੰਮਤ ਕਰ ਆਪਣੇ ਪਤੀ ਨੂੰ ਸਭ ਕੁਝ ਪੁੱਛ ਲਿਆ। ਦਿਲ ਵਿਚ ਉਠ ਰਹੇ ਬਲਵਲਿਆਂ ਨੂੰ ਮਨਰਾਜ ਨੇ ਸਵਾਲਾਂ ਦਾ ਰੂਪ ਦੇ ਦਿੱਤਾ। ਮਨਰਾਜ ਦੇ ਪਤੀ ਨੇ ਭਾਵੁਕ ਹੁੰਦਿਆਂ ਸਭ ਕੁਝ ਦੱਸ ਕੇ ਮੁਆਫ਼ੀ ਵੀ ਮੰਗ ਲਈ ਪਰ ਉਹ ਮਨਰਾਜ ਅਗੇ ਮਿੰਨਤ ਕਰਦਾ ਕਿ ਉਹ ਘਰ ਕਿਸੇ ਨੂੰ ਨਾ ਦੱਸੇ। ਬੁੱਢੇ ਤੇ ਬਿਮਾਰ ਮਾਪਿਆਂ ਦਾ ਮਨਰਾਜ ਅਗੇ ਵਾਸਤਾ ਪਾਉਂਦਾ ਰਿਹਾ। ਸਿਲੀਆਂ ਅੱਖਾਂ ਨਾਲ ਮਨਰਾਜ ਨੇ ਆਪਣੀ ਪਤੀ ਦੀ ਖੁਸ਼ੀ ਨੂੰ ਦੇਖਦਿਆਂ ਕਿਹਾ ਕਿ ਜੇਕਰ ਉਹ ਆਪਣੇ ਮਾਪਿਆਂ ਨੂੰ ਅੱਜ ਵੀ ਉਸ ਕੁੜੀ ਬਾਰੇ ਦੱਸ ਦੇਵੇ ਤਾਂ ਉਹ ਇਸ ਰਿਸ਼ਤੇ ਨੂੰ ਹਮੇਸ਼ਾ ਲਈ ਛੱਡ ਦੇਵੇਗੀ। ਮਨ ਹੀ ਮਨ ਆਪਣੇ ਪਤੀ ਨੂੰ ਪਿਆਰ ਕਰਦੀ ਮਨਰਾਜ ਉਸਦੀ ਖੁਸ਼ੀ ਲਈ ਕੁਝ ਵੀ ਕਰਨ ਨੂੰ ਤਿਆਰ ਸੀ, ਹਾਲਾਂਕਿ ਵਿਆਹ ਤੋਂ ਪਹਿਲਾਂ ਕਦੇ ਮਨਰਾਜ ਨੇ ਆਪਣੇ ਪਤੀ ਨਾਲ ਫੋਨ ‘ਤੇ ਗੱਲ ਨਹੀਂ ਕੀਤੀ ਪਰ ਵਿਆਹ ਤੋਂ ਬਾਅਦ ਮਨਰਾਜ ਬਹੁਤ ਪਿਆਰ ਕਰਦੀ ਸੀ।

ਦਿਨ ਬੀਤਦੇ-ਬੀਤਦੇ ਕਈ ਮਹੀਨੇ ਤੇ ਚਾਰ ਸਾਲ ਬੀਤ ਗਏ, ਪਰ ਮਨਰਾਜ ਦੀ ਕੋਈ ਬੱਚਾ ਵੀ ਨਹੀਂ ਹੋਇਆ ਸੀ ਤੇ ਹੁਣ ਥੋੜ੍ਹਾ ਜਿਹਾ ਮਨਰਾਜ ਤੇ ਉਸ ਦਾ ਪਤੀ ਆਪਸ ਵਿੱਚ ਘੁਲਣ ਮਿਲਣ ਲੱਗ ਪਏ ਸਨ, ਪਰ ਇੱਕ ਦਿਨ ਉਸ ਰਾਤ ਵੇਲੇ ਮਨਰਾਜ ਤੇ ਉਸਦੇ ਪਤੀ ਵਿਚਕਾਰ ਅਜਿਹਾ ਝਗੜਾ ਹੋਇਆ ਕਿ ਗੱਲ ਤਲਾਕ ਤਕ ਪਹੁੰਚ ਗਈ, ਮਨਰਾਜ ਤੇ ਉਸਦੇ ਪਤੀ ਨੂੰ ਦੋਹਾਂ ਦੇ ਘਰਦੇ ਇਸ ਝਗੜੇ ਦਾ ਕਾਰਨ ਪੁੱਛਦੇ ਰਹੇ ਪਰ ਦੋਹਾਂ ਦੀ ਚੁੱਪੀ ਬਹੁਤ ਕੁਝ ਬਿਆਨ ਕਰ ਰਹੀ ਸੀ ਦੋਵੇਂ ਇੱਕ ਦੂਜੇ ਨੂੰ ਕੁਝ ਵੀ ਬੋਲਣ ਤੋਂ ਇਨਕਾਰ ਕਰ ਰਹੇ ਸਨ, ਮਨਰਾਜ ਅਤੇ ਉਸਦੇ ਪਤੀ ਦੇ ਬੁੱਲ੍ਹਾਂ ਤੇ ਸਿਰਫ਼ ਇੱਕੋ ਸ਼ਬਦ ਸੀ ‘ਹੁਣ ਇਹ ਰਿਸ਼ਤਾ ਨਹੀਂ ਨਿਭ ਸਕਦਾ’ ਸਭ ਕੁਝ ਛੱਡ ਕੇ ਮਨਰਾਜ ਆਪਣੇ ਮਾਪਿਆਂ ਦੇ ਨਾਲ ਪੇਕੇ ਘਰ ਚਲੇਗੀ, ਕਈ ਵਾਰ ਮਨਰਾਜ ਦੇ ਸੱਸ ਸਹੁਰੇ ਨੇ ਉਸ ਨੂੰ ਮਨਾੳੁਣ ਦੀ ਕੋਸ਼ਿਸ਼ ਕੀਤੀ ਉਸ ਦੇ ਘਰ ਗਏ ਪਰ ਮਨਰਾਜ ਦਾ ਇੱਕੋ ਫ਼ੈਸਲਾ ਸੀ ਕਿ ਉਹ ਵਾਪਸ ਨਹੀਂ ਆਵੇਗੀ

ਹਾਲਾਂਕਿ ਮਨਰਾਜ ਅੰਦਰੋ ਅੰਦਰ ਘੁਟਦੀ ਰਹੀ ਕਿਉਂਕਿ ਉਹ ਆਪਣੇ ਪਤੀ ਨੂੰ ਪਿਆਰ ਬਹੁਤ ਕਰਦੀ ਸੀ, ਉਸ ਤੋਂ ਇਹ ਜੁਦਾਈ ਝੱਲੀ ਵੀ ਨਹੀਂ ਜਾ ਰਹੀ ਸੀ, ਤੇ ਮਨ ਹੀ ਮਨ ਮਨਰਾਜ ਇਹ ਵੀ ਚਾਹੁੰਦੀ ਸੀ ਕਿ ਉਸ ਦਾ ਪਤੀ ਆ ਕੇ ਉਸਦੇ ਨਾਲ ਗੱਲ ਕਰੇ ਪਰ ਅਫਸੋਸ ਉਸ ਦਾ ਪਤੀ ਉਸ ਨੂੰ ਮਿਲਣ ਤਕ ਨਹੀਂ ਗਿਆ ਤੇ ਨਾ ਹੀ ਉਸਦੇ ਨਾਲ ਫੋਨ ‘ਤੇ ਗੱਲ ਕੀਤੀ ਇਕ ਪਾਸੇ ਟੁੱਟ ਚੁੱਕੀ ਮਨਰਾਜ ਨੂੰ ਆਂਢ-ਗੁਆਂਢ ਤਾਅਨੇ ਮਿਹਣੇ ਮਾਰਦੇ ਸਨ, ਦੂਸੇ ਪਾਸੇ ਘਰਦੇ ਸਵਾਲ ਕਰਦੇ ਸਨ। ਮਨਰਾਜ ਆਪਣੇ ਪਤੀ ਦੇ ਗਮ ਦੇ ਮਾਰੇ ਉਦਾਸ ਜਿਹੀ ਬੈਠੀ ਸੀ। ਮਨਰਾਜ ਦੇ ਮਨ ‘ਚ ਕਈ ਤਰ੍ਹਾਂ ਦੇ ਸਵਾਲ ਆਉਂਦੇ ਸਨ, ਪਰ ਇੱਕ ਦਿਨ ਰੋਂਦੀ ਕੁਰਲਾਉਂਦੀ ਮਨਰਾਜ ਨੇ ਅੰਦਰ ਹੀ ਅੰਦਰ ਆਪਣੇ ਮਨ ਦੇ ਨਾਲ ਨਾ ਜਿਊਣ ਦਾ ਫ਼ੈਸਲਾ ਕੀਤਾ, ਤੇ ਮਰਨ ਦਾ ਖਿਆਲ ਆ ਰਹੇ ਸਨ। ਤਾਹਨੇ ਮਾਣਿਆਂ ਤੋਂ ਅੱਕੀ ਮਨਰਾਜ ਨੇ ਸੁਸਾਈਡ ਕਰਨ ਦਾ ਸੋਚਿਆ ।

ਆਪਣੇ ਕਮਰੇ ‘ਚ ਬੈਠੀ ਮਨਰਾਜ ਨੂੰ ਇਕ ਦਮ ਆਵਾਜ਼ ਪੈਂਦੀ ਹੈ, ‘ਮਨਰਾਜ ਕਿਥੇ ਹੈ ਤੂੰ’ ਇਹ ਆਵਾਜ਼ ਮਨਰਾਜ ਨੂੰ ਉਸਦੀ ਸਹੇਲੀ ਨੇ ਮਾਰੀ ਸੀ, ਆਪਣੀ ਬਚਪਨ ਦੀ ਸਹੇਲੀ ਨੂੰ ਦੇਖ ਮਨਰਾਜ ਦੇ ਅੱਖਾਂ ‘ਚ ਹੰਜੂ ਨਾ ਰੁਕੇ ਤੇ ਉਸਦੇ ਗਲ ਲੱਗ ਫੁੱਟ ਫੁੱਟ ਰੋਈ, ਵਾਰ ਵਾਰ ਮਰਨ ਦੀ ਗੱਲ ਕਰਦੀ ਨੂੰ ਉਸਦੀ ਸਹੇਲੀ ਨੇ ਖੁਦ ਨੂੰ ਵਿਅਸਤ ਰੱਖਣ ਦੀ ਸਲਾਹ ਦਿੱਤੀ, ਉਸਦੀ ਸਹੇਲੀ ਦੇ ਆਫਿਸ ਵਿੱਚ ਇਕ ਸੀਟ ਖਾਲੀ ਸੀ ਤੇ ਕਿਹਾ ‘ਮਨਰਾਜ ਮੇਰੀ ਮਨ ਤੂੰ ਮੇਰੇ ਨਾਲ ਮੇਰੇ ਆਫਿਸ ਚੱਲ, ਮੈਂ ਸਰ ਨਾਲ ਗੱਲ ਕਰਕੇ ਤੈਂਨੂੰ ਆਪਣੇ ਆਫਿਸ ਜਾੱਬ ਦਵਾ ਦਿੰਦੀ ਹਾਂ’, ਇੰਨੇ ਨੂੰ ਮਨਰਾਜ ਦੇ ਮੰਮੀ ਵੀ ਚਾਹ ਲੈ ਕੇ ਆ ਗਏ ਤੇ ਮਨਰਾਜ ਨੂੰ ਸਮਝਾਉਂਦੇ ਹੋਏ ਉਸਦੀ ਸਹੇਲੀ ਨਾਲ ਜਾਣ ਦੀ ਸਲਾਹ ਦਿੱਤੀ। ਫਿਕਰ ‘ਚ ਡੁੱਬੀ ਮਾਂ ਵੱਲ ਦੇਖਦਿਆਂ ਮਨਰਾਜ ਨੇ ਆਪਣੀ ਮਾਂ ਦੀ ਗੱਲ ਮਨ ਹਾਮੀ ਭਰ ਦਿੱਤੀ। ਹੁਣ ਮਨਰਾਜ ਹਰ ਰੋਜ਼ ਜਲਦੀ ਉੱਠਦੀ ਤੇ ਆਪਣੀ ਜਾੱਬ ‘ਤੇ ਜਾਂਦੀ। ਜਾੱਬ ਤੋਂ ਬਾਅਦ ਆਉਂਦੇ ਜਾਂਦੇ ਪਤੀ ਦੇ ਖਿਆਲਾਂ ‘ਚ ਡੁੱਬੀ ਕਦੋਂ ਮਨਰਾਜ ਘਰ ਪਹੁੰਚ ਜਾਂਦੀ, ਪਤਾ ਨਹੀਂ ਲੱਗਦਾ।

ਅੱਜ ਦੇ ਦਿਨ ਵਿਆਹ ਦੇ ਪੰਜ ਸਾਲ ਪੂਰੇ ਹੋਣ ‘ਤੇ ਮਨਰਾਜ ਦੇ ਮਨ ਨੂੰ ਫਿਰ ਪਤੀ ਤੜਫਨਾ ਲੱਗ ਰਹੀ ਸੀ, ਜਾੱਬ ਤੋਂ ਘਰ ਆਉਣ ਮਗਰੋਂ ਆਪਣੀ ਮਾਂ ਕੋਲ ਬੈਠੀ ਚਾਹ ਪੀਂਦੀ ਮਨਰਾਜ ਅੰਦਰੋ ਅੰਦਰੀ ਇਕੱਲਾਪਣ ਮਹਿਸੂਸ ਹੋ ਰਿਹਾ ਸੀ। ਤੇ ਖਿਆਲਾਂ ਵਿਚ ਖੋਈ ਸੋਚਦੀ ਸਵਾਲ ਕਰ ਰਹੀ ਸੀ, ਕੀ ਮੇਰੀ ਜਮਾ ਯਾਦ ਨੀ ਆਉਂਦੀ, ਕੀ ਉਹਨੂੰ ਮੇਰਾ ਪਿਆਰ ਨੀ ਯਾਦ ਆਇਆ, ਫਿਰ ਇਕ ਦਮ ਮਨਰਾਜ ਦੀ ਮਾਂ ਉਸਨੂੰ ਹਲੂਣਦੇ ਹੋਈ ਬੋਲੀ, ਮਨਰਾਜ ਮੈਂ ਕਦੋਂ ਦੀ ਤੈਨੂੰ ਬੁਲਾ ਰਹੀ ਹਾਂ ਤੂੰ ਸੁਣਦੀ ਨਹੀਂ, ਤੇਰੇ ਪਾਪਾ ਤੈਨੂੰ ਆਵਾਜ਼ਾਂ ਮਾਰ ਰਹੇ ਨੇ। ਫਿਰ ਆਪਣੇ ਸਵਾਲਾਂ ਦੇ ਆਪ ਜਵਾਬ ਦਿੰਦਿਆਂ ਕਦੋਂ ਸਵੇਰ ਹੋ ਗਈ ਪਤਾ ਨਹੀਂ ਲੱਗਾ।

ਮਨਰਾਜ ਦੇ ਜਾੱਬ ‘ਤੇ ਜਾਣ ਮਗਰੋਂ ਉਸਦੇ ਪਾਪਾ ਨੂੰ ਰੋਟੀ ਦਿੰਦਿਆਂ ਮਾਂ ਨੇ ਕਿਹਾ, ਕੱਲ ਮਨਰਾਜ ਦੇ ਵਿਆਹ ਦੀ ਸਾਲਗਿਰਾ ਸੀ, ਜਦੋਂ ਦੀ ਮਨਰਾਜ ਕੰਮ ਤੋਂ ਘਰ ਆਈ ਸੀ ਉਖੜੀ ਉਖੜੀ ਜਿਹੀ ਸੀ, ਮੈਂ ਬਥੇਰਾ ਸਮਝਾਇਆ ਪਰ ਹਾਮੀ ਭਰ ਆਫਿਸ ਚਲੇ ਗਈ, ਜੇ ਮੇਰੀ ਸੁਣਦੇ ਹੋ ਤਾਂ ਮੈਂਨੂੰ ਉਮੀਦ ਨਹੀਂ ਲੱਗਦੀ ਮਨਰਾਜ ਦਾ ਪਤੀ ਮੁੜ ਉਹਨੂੰ ਲੈਣ ਲਈ ਆਵੇਗਾ। ਆਪਾਂ ਮਨਰਾਜ ਲਈ ਕਿਤੇ ਹੋਰ ਰਿਸ਼ਤਾ ਵੇਖ ਲੈਂਦੇ ਹਾਂ, ਆਂਢ ਗੁਆਂਢ ਵੀ ਹੁਣ ਸਵਾਲ ਕਰਦਾ ਤਾਂ ਮੇਰੇ ਤੋਂ ਜਵਾਬ ਨਹੀਂ ਦਿੱਤਾ ਜਾਂਦਾ। ‘ਸੋਚਦੇ ਹਾਂ ਕੁਝ’ ਲੱਸੀ ਦਾ ਘੁੱਟ ਭਰਦਿਆਂ ਮਨਰਾਜ ਦੇ ਪਾਪਾ ਬੋਲ ਕੇ ਆਪਣੇ ਕੰਮ ‘ਤੇ ਚਲੇ ਗਏ।

ਉਧਰ ਪਤੀ ਦੀ ਉਡੀਕ ਅਤੇ ਯਾਦ ਮਨਰਾਜ ਦੀ ਜਾੱਬ ‘ਤੇ ਭਾਰੂ ਪੈਂਦੀ ਵੀ ਦਿਖਾਈ ਦੇ ਰਹੀ ਸੀ, ਕਿਉਂਕਿ ਮਨਰਾਜ ਦਾ ਕੰਮ ਵਿਚ ਚਿੱਤ ਘੱਟ ਪਰ ਆਫਿਸ ਦੇ ਬੂਹੇ ਵੱਲ ਜ਼ਿਆਦਾ ਰਹਿੰਦਾ ਸੀ, ਕਈ ਵਾਰ ਮਨਰਾਜ ਦੇ ਆਫਿਸ ਮਾਲਕ ਨੇ ਨੋਟਿਸ ਕੀਤਾ, ਤੇ ਅੱਜ ਮਜ਼ਬੂਰ ਹੋ ਕੇ ਬੋਲ ਹੀ ਦਿੱਤਾ ‘ਮਨਰਾਜ ਇਹ ਸਭ ਕੀ ਹੈ, ਮੈਂ ਕਈ ਵਾਰ ਦੇਖਿਆ ਕਦੇ ਤੁਸੀਂ ਦਰਵਾਜ਼ੇ ਵੱਲ ਦੇਖੀ ਜਾਂਦੇ ਹੋ, ਤੁਹਾਡੀ ਵਰਕ ਰਿਪੋਰਟ ਵੀ ਘੱਟ ਜਾ ਰਹੀ ਹੈ, ਜਾਂ ਤਾਂ ਤੁਹਾਨੂੰ ਕੋਈ ਹੋਰ ਜਾੱਬ ਆਫਰ ਆਈ ਹੈ, ਜਾਂ ਫਿਰ ਤੁਸੀਂ ਕੰਮ ਹੀ ਨਹੀਂ ਕਰਨਾ ਚਾਹੁੰਦੇ, ਵਾਰਨਿੰਗ ਭਰੇ ਮਾਲਕ ਦੇ ਬੋਲ ਕੰਨਾ ਵਿਚ ਪੈਣ ‘ਤੇ ਮਨਰਾਜ ਨੇ ਮੁਆਫੀ ਮੰਗੀ।

ਮਹੀਨਾ ਬੀਤ ਜਾਣ ਮਗਰੋਂ ਮਨਰਾਜ ਦੇ ਘਰ ਆਉਂਦਿਆਂ ਉਸਦੇ ਮਾਤਾ ਪਿਤਾ ਉਦਾਸ ਜਿਹੇ ਬੈਠੇ ਸਨ। ਮਨਰਾਜ ਨੇ ਕਾਰਨ ਪੁੱਛਦਿਆਂ ਬੋਲਿਆ ਹੀ ਸੀ ਤਾਂ ਉਸਦੀ ਨਜ਼ਰ ਸਿੱਧਾ ਮੇਜ਼ ‘ਤੇ ਪਏ ਕਾਗਜ਼ਾਂ ‘ਤੇ ਪਈ, ਇਹ ਕੀ ਹੈ ਪਾਪਾ, ਪਰ ਤਾਲਾਕ ਦੇ ਪੇਪਰ ਖੁਦ ਹੀ ਪੜ੍ਹਦੀ ਮਨਰਾਜ ਦੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ, ਬਿਨਾਂ ਪਾਣੀ ਪਿਤਿਆਂ ਤੇ ਬੋਲਿਆਂ ਮਨਰਾਜ ਆਪਣੇ ਕਮਰੇ ਦੀ ਕੁੰਡੀ ਲਗਾ ਫੁੱਟ ਫੁੱਟ ਰੋ ਪਈ। ਉਡੀਕ ਖਤਮ ਤੇ ਟੁੱਟ ਚੁੱਕੀ ਮਨਰਾਜ ਸੋਚਦੀ ਤੇ ਸਵਾਲ ਕਰਦੀ ਕਿ ਮੇਰੇ ਪਿਆਰ ‘ਚ ਕੀ ਕਮੀ ਸੀ, ਕਾਸ਼ ਮੈਂ ਵਿਆਹ ਤੋਂ ਪਹਿਲਾਂ ਗੱਲ ਕਰ ਲੈਂਦੀ, ਸ਼ਾਇਦ ਇਹ ਦਿਨ ਨਾ ਦੇਖਣਾ ਪੈਂਦਾ। ਰੋਂਦੀ ਕੁਰਲਾਉਂਦੀ ਮਨਰਾਜ ਕਦੋਂ ਸੌਂ ਗਈ ਪਤਾ ਨਹੀਂ ਲੱਗਾ। ਨਵੀਂ ਸਵੇਰ ਚੜ੍ਹਦਿਆਂ ਮਨਰਾਜ ਨੇ ਆਪਣੇ ਮਾਪਿਆਂ ਮੂਹਰੇ ਦਿਲ ਨੂੰ ਮਜ਼ਬੂਤ ਕਰ ਤਾਲਾਕ ਦੇ ਪੇਪਰ ਰੱਖ ਦਿੱਤੇ।

ਤੇ ਖੁਦ ਅਤੇ ਮਾਪਿਆਂ ਨਾਲ ਇਕ ਵਾਅਦਾ ਕਰ ਕੰਮ ‘ਤੇ ਜਾਣ ਨੂੰ ਤਿਆਰ ਹੋਣ ਲੱਗੀ ਬੋਲੀ, ਅੱਜ ਤੋਂ ਬਾਅਦ ਤੁਹਾਡੀ ਮਨਰਾਜ ਇਸ ਹਕੀਕਤ ਨੂੰ ਇਕ ਸਪਨਾ ਸਮਝ ਭੁੱਲਣ ਦੀ ਕੋਸ਼ਿਸ਼ ਕਰੇਗੀ, ਤੇ ਆਪਣੇ ਮਾਪਿਆਂ ਦੀ ਵਿਆਹ ਤੋਂ ਪਹਿਲਾਂ ਵਾਲੀ ਹੱਸਦੀ ਖੇਡਦੀ ਮਨਰਾਜ ਬਣ ਜਾਵੇਗੀ। ਸਿਰ ‘ਤੇ ਹੱਥ ਰੱਖ ਮਨਰਾਜ ਦੇ ਪਿਤਾ ਬੋਲੇ, ਅਸੀਂ ਜਾਣਦੇ ਹਾਂ ਪੁੱਤ ਤੇਰੇ ਲਈ ਇਹ ਔਖਾ ਕੰਮ ਹੈ, ਪਰ ਇਹ ਸਭ ਤੂੰ ਸਾਡੇ ਲਈ ਕਰ ਰਹੀ ਹੈ, ਤੂੰ ਸਾਨੂੰ ਵੀ ਉਦਾਸ ਨਹੀਂ ਦੇਖ ਸਕਦੀ। ਮਨਰਾਜ ਨੇ ਆਫਿਸ ਜਾਂਦੇ ਜਾਂਦੇ ਪਾਪਾ ਨੂੰ ਘੁੱਟ ਕੇ ਜੱਫੀ ਪਾਉਂਦਿਆਂ ਕਿਹਾ ਪਾਪਾ ਮੈਂ ਹੁਣ ਕੁਝ ਬਣਨਾ ਚਾਹੁੰਦੀ ਹਾਂ, ਤੇ ਤੁਹਾਡਾ ਪੁੱਤ ਹੁਣ ਤੁਹਾਨੂੰ ਪੈਰਾਂ ‘ਤੇ ਖੜ੍ਹੇ ਹੋ ਕੇ ਦਿਖਾਏਗਾ।

ਪ੍ਰਦੀਪ ਕੌਰ ਅਡੋਲ

 

 

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਗ਼ਜ਼ਲ
Next articleਕੀ ਹੈ ਮਰਚੈਂਟ ਨੇਵੀ ? ਕਿਵੇਂ ਇਸ ਵਿੱਚ ਦਾਖਲਾ ਲੈ ਸਕਦੇ ਹੋ।