ਟਿਕਟਾਕ ਅਤੇ ਹੋਰ ਮੁਫ਼ਤ ਐਪਸ ਕਿਵੇਂ ਕਮਾਉਦੀਆਂ ਹਨ ਕਰੋੜਾਂ ਰੁਪਏ

(ਸਮਾਜਵੀਕਲੀ)
  • ਪੈਸੇ ਕਮਾਉਣ ਲਈ ਕੁੱਝ ਐਪਸ ਵਰਤੋਂਕਾਰਾਂ ਦੀ ਗੋਪਨੀਅਤਾ ਨੂੰ ਵੀ ਦਾਅ ਉੱਤੇ ਲਗਾ ਦਿੰਦੀਆਂ ਹਨ

ਪਹਿਲਾਂ ਪਹਿਲ ਇਨਸਾਨ ਨੇ ਸਖ਼ਤ ਮਿਹਨਤ ਕਰਕੇ ਧਰਤੀ ਵਿੱਚੋਂ ਅੰਨ ਉਗਾ ਕੇ ਆਪਣਾ ਪੇਟ ਭਰਨ ਦਾ ਜੁਗਾੜ ਬਣਾਇਆ।  ਹੌਲੀ ਹੌਲੀ ਹੋਰ ਜਰੂਰਤਾਂ ਪੂਰੀਆਂ ਕਰਨ ਲਈ ਹੋਰ ਬਹੁਤ ਸਾਰੇ ਕੰਮ ਸ਼ੁਰੂ ਕੀਤੇ ਜਿਵੇਂ ਕੱਪੜਾ ਬਣਾਉਣਾ, ਘਰ ਬਣਾਉਣਾ, ਖੇਤੀਬਾੜੀ ਸੰਦ ਬਣਾਉਣਾ ਆਦਿ। ਜਿਵੇਂ ਜਿਵੇਂ ਜਮਾਨਾ ਬਦਲਦਾ ਗਿਆ ਮਨੁੱਖ ਦੇ ਕਾਰੋਬਾਰਾਂ ਵਿੱਚ ਤਬਦੀਲੀ ਆਉਂਦੀ ਰਹੀ। ਅੱਜ ਤਕਨੀਕ ਦਾ ਯੁੱਗ ਹੈ ਇਸ ਲਈ ਪੈਸਾ ਕਮਾਉਣ ਲਈ ਵੀ ਤਕਨੀਕ ਦੀ ਵਰਤੋਂ ਕੀਤੀ ਜਾ ਰਹੀ ਹੈ। ਸਾਡਾ ਦੇਸ਼ ਮੁੱਖ ਰੂਪ ਵਿੱਚ ਖੇਤੀਬਾੜੀ ਆਧਾਰਤ ਹੈ।

ਜੇਕਰ ਹੁਣ ਵੀ ਕਿਸੇ ਘੱਟ ਪੜ੍ਹੇ ਲਿਖੇ ਜਾਂ ਤਕਨੀਕੀ ਸਮਝ ਤੋਂ ਅਣਜਾਣ ਵਿਅਕਤੀ  ਨੂੰ ਇਹ ਗੱਲ ਕਹੀ ਜਾਵੇ ਕਿ ਇਹ ਮੋਬਾਈਲ ਫੋਨ ਵਿਚਲੀਆਂ ਮੁਫ਼ਤ ਐਪਸ ਕਰੋੜਾਂ ਰੁਪਏ ਕਮਾਉਦੀਆਂ ਹਨ ਤਾਂ ਸ਼ਾਇਦ ਉਹ ਯਕੀਨ ਨਾ ਕਰੇ। ਅੱਜ ਕੱਲ੍ਹ ਸਮਾਰਟ ਫੋਨ ਹਰ ਕੋਈ ਵਰਤ ਰਿਹਾ ਹੈ। ਅਸੀਂ ਵੇਖਦੇ ਹਾਂ ਕਿ ਗੂਗਲ ਪਲੇਅ ਸਟੋਰ ਅਤੇ ਐਪਲ ਐਪ ਸਟੋਰ ਤੋਂ ਅਸੀਂ ਕਿੰਨੀਆਂ ਹੀ ਐਪਸ ਇੰਸਟਾਲ ਕਰ ਸਕਦੇ ਹਾਂ।  ਇਕ ਅੰਦਾਜ਼ੇ ਮੁਤਾਬਕ ਗੂਗਲ ਪਲੇਅ ਸਟੋਰ ਉਤੇ ਲੱਗਭੱਗ 2 ਮਿਲੀਅਨ ਐਪਸ ਹਨ ਅਤੇ ਇੰਨੀਆਂ ਹੀ ਐਪ ਸਟੋਰ ‘ਤੇ ਮੌਜੂਦ ਹਨ।

ਇਨ੍ਹਾਂ ਵਿੱਚੋਂ  ਜਿਆਦਾਤਰ ਐਪਸ ਵਰਤੋਂਕਾਰਾਂ ਲਈ ਮੁਫ਼ਤ ਹਨ ਪਰ ਕੁਝ ਕੁ ਨੂੰ ਇੰਸਟਾਲ ਕਰਨ ਅਤੇ ਵਰਤਣ ਲਈ ਕੁੱਝ ਪੈਸੇ ਦੇਣੇ ਪੈਂਦੇ ਹਨ। ਇੰਨੀ ਵੱਡੀ ਗਿਣਤੀ ਵਿੱਚ ਇੰਨਾ ਐਪਲੀਕੇਸ਼ਨਾ ਦੇ ਮੁਫ਼ਤ ਵਿੱਚ ਮਿਲਣ ‘ਤੇ ਦਿਮਾਗ ਵਿੱਚ ਇੱਕ ਗੱਲ ਤਾਂ ਜਰੂਰ ਆਉਦੀ ਹੈ ਕਿ ਐਸੇ ਕਿਹੜੇ ਵਿਹਲੇ ਜਾਂ ਧਰਮੀ ਲੋਕ ਹਨ ਜਿਹੜੇ ਇੰਨੀ ਮਿਹਨਤ ਨਾਲ ਐਪਸ ਬਣਾ ਕੇ ਮੁਫਤ ਵਿੱਚ ਵਰਤਣ ਲਈ ਦੇ ਰਹੇ ਹਨ।

ਸੁਣਿਆਂ ਤਾਂ ਹੋਵੇਗਾ ਇਸ ਦੁਨੀਆ ਵਿੱਚ ਮੁਫ਼ਤ ਵਿੱਚ ਕੁੱਝ ਨਹੀਂ ਮਿਲਦਾ। ਇਹ ਮੁਫਤ ਐਪਸ ਵੱਖ ਵੱਖ ਤਰੀਕਿਆਂ ਨਾਲ ਕਰੋੜਾਂ ਅਰਬਾਂ ਰੁਪਏ ਕਮਾ ਰਹੀਆਂ ਹਨ। ਸਭ ਤੋਂ ਵੱਧ ਕਮਾਈ ਗੇਮਿੰਗ ਐਪਸ ਕਰਦੀਆਂ ਹਨ। ਆਓ ਅੱਜ ਅਸੀਂ ਇਨ੍ਹਾਂ ਐਪਸ ਦੇ ਪੈਸਾ ਕਮਾਉਣ ਦੇ ਤਰੀਕਿਆਂ ਬਾਰੇ ਜਾਣਦੇ ਹਾਂ। ਇਹ ਐਪਸ ਹੇਠ ਲਿਖੇ ਤਰੀਕਿਆਂ ਨਾਲ ਕਮਾਈ ਕਰਦੀਆਂ ਹਨ :

ਸਬਸਕ੍ਰਿਪਸ਼ਨ ਜਾਂ ਗਾਹਕੀ ਰਾਹੀਂ : ਜਿਵੇਂ ਅਸੀਂ ਪਹਿਲਾਂ ਚਰਚਾ ਕੀਤੀ ਹੈ ਕਿ ਕੁਝ ਐਪਸ ਪੇਡ ਹੁੰਦੀਆਂ ਹਨ ਭਾਵ ਉਨ੍ਹਾਂ ਨੂੰ ਇੰਸਟਾਲ ਕਰਨ ਜਾਂ ਵਰਤਣ ਲਈ ਕੁੱਝ ਪੈਸੇ ਪੇ ਕਰਨੇ ਪੈਂਦੇ ਹਨ। ਇਸ ਕਿਸਮ ਦੀ ਰਣਨੀਤੀ ਅਕਸਰ ਕਲਾਉਡ ਸੇਵਾਵਾਂ, ਆਡੀਓ ਅਤੇ ਵੀਡੀਓ ਸਟ੍ਰੀਮਿੰਗ, ਅਤੇ ਆਨਲਾਈਨ ਨਿਊਜ਼ ਸੇਵਾਵਾਂ ਲਈ ਵਰਤੀ ਜਾਂਦੀ ਹੈ। ਓ. ਟੀ. ਟੀ. ਸਮੱਗਰੀ ਮੁਹੱਈਆ ਕਰਵਾਉਣ ਵਾਲਿਆਂ ਐਪਸ ਜਿਵੇਂ ਹਾਟ ਸਟਾਰ, ਨੈੱਟਫਲਿਕਸ਼, ਐਮਾਜ਼ਨ ਪ੍ਰਾਈਮ, ਸੋਨੀ ਲਿਵ ਆਦਿ ਵਰਤੋਂਕਾਰਾਂ ਤੋਂ ਹਾਈ ਡੈਫੀਨੇਸ਼ਨ ਵੀਡੀਓ, ਫਿਲਮਾਂ, ਟੀ ਵੀ ਪ੍ਰੋਗਰਾਮ ਆਦਿ ਵੇਖਣ ਬਦਲੇ ਸਾਲਾਨਾ ਜਾਂ ਮਹੀਨਾਵਾਰ ਸਬਸਕ੍ਰਿਪਸ਼ਨ ਦੇ ਰੂਪ ਵਿੱਚ ਪੈਸੇ ਚਾਰਜ ਕਰਦੀਆਂ ਹਨ।

ਇਨ-ਐਪ ਖਰੀਦਦਾਰੀ ਰਾਹੀਂ : ਇਨ-ਐਪ ਖਰੀਦਦਾਰੀ ਸਿੱਧੇ ਮੁਫਤ ਮੋਬਾਈਲ ਐਪਸ ਵਿੱਚੋਂ ਕੀਤੀ ਜਾਂਦੀ ਹੈ ਅਤੇ ਆਮ ਤੌਰ ‘ਤੇ ਕਾਫ਼ੀ ਸਧਾਰਨ ਪ੍ਰਕਿਰਿਆ ਹੁੰਦੀ ਹੈ। ਸਧਾਰਨ ਸ਼ਬਦਾਂ ਵਿੱਚ ਕੁੱਝ  ਐਪਸ ਵੈਸੇ ਤਾਂ ਮੁਫ਼ਤ ਹੁੰਦੀਆਂ ਹਨ ਪਰ ਉਨ੍ਹਾਂ ਦੇ ਹੋਰ ਜਿਆਦਾ ਫੀਚਰ ਵਰਤਣ ਅਤੇ ਪ੍ਰਤੀਬੰਧਿਤ ਪੱਧਰਾਂ ਜਾਂ ਅਤਿਰਿਕਤ ਵਿਸ਼ੇਸ਼ਤਾਵਾਂ ਤੱਕ ਪਹੁੰਚਣ ਲਈ  ਵਰਤੋਂਕਾਰ ਇਨ-ਐਪ ਖਰੀਦਦਾਰੀ ਕਰ ਸਕਦੇ ਹਨ।

ਐਂਗਰੀ ਬਰਡਜ਼ ਵਰਗੀਆਂ ਬਿਹਤਰੀਨ ਮੁਫਤ ਗੇਮ ਐਪਸ ਨੇ ਉਪਭੋਗਤਾਵਾਂ ਨੂੰ ਇਨ-ਐਪ ਖਰੀਦਾਰੀ ਪ੍ਰਦਾਨ ਕਰ ਕੇ ਆਪਣੇ ਉਪਭੋਗਤਾ ਅਨੁਭਵ ਨੂੰ ਵਧਾ ਦਿੱਤਾ ਹੈ। ਉਦਹਾਰਣ ਦੇ ਤੌਰ ਤੇ ਪਬਜੀ ਗੇਮ ਵਿੱਚ ਵਰਚੁਅਲ ਆਈਟਮਾਂ, ਹਥਿਆਰ ਅਦਿ ਖਰੀਦਣ ਲਈ ਪੈਸੇ ਖਰਚਣੇ ਪੈਂਦੇ ਹਨ। ਜਿਸ ਬਾਰੇ ਪਿਛਲੇ ਦਿਨੀਂ ਪੰਜਾਬ ਦੇ ਦੋ ਬੱਚਿਆਂ ਵੱਲੋਂ ਲੱਖਾਂ ਰੁਪਏ ਉਡਾਉਣ ਦੀ ਖਬਰਾਂ ਵੀ ਚਰਚਾ ਵਿੱਚ ਰਹੀਆਂ ਹਨ।

ਇਸ਼ਤਿਹਾਰਬਾਜ਼ੀ ਰਾਹੀਂ : ਜਿਆਦਾਤਰ ਐਪਸ ਦਾ ਪੈਸਾ ਕਮਾਉਣ ਦਾ ਢੰਗ ਇਸ਼ਤਿਹਾਰਬਾਜ਼ੀ ਹੀ ਹੈ । ਸਮਾਰਟ ਫੋਨ ਅਤੇ ਇਨ੍ਹਾਂ ਐਪਸ ਦੀ ਵਰਤੋਂ ਦਿਨ ਪ੍ਰਤੀ ਦਿਨ ਵਧਣ ਨਾਲ ਆਪਣੇ ਉਤਪਾਦਾਂ ਜਾਂ ਸੇਵਾਵਾਂ ਦੀ ਇਸ਼ਤਿਹਾਰਬਾਜ਼ੀ ਲਈ ਇੰਨ੍ਹਾਂ ਐਪਸ ਦੀ ਵਰਤੋਂ ਵਿਗਿਆਪਨ ਕਰਤਾਵਾਂ ਦੀ ਪਹਿਲੀ ਪਸੰਦ ਬਣਦੀ ਜਾ ਰਹੀ ਹੈ। ਪੌਪ-ਅਪ ਵਿਗਿਆਪਨਾਂ ਦੀ ਵਰਤੋਂ ਕਿਸੇ ਹੋਰ ਐਪਸ ਨੂੰ ਉਤਸ਼ਾਹਤ ਕਰਨ ਜਾਂ ਉਤਪਾਦਾਂ ਦੇ ਵਿਗਿਆਪਨ ਕਰਨ ਲਈ ਕੀਤੀ ਜਾਂਦੀ ਹੈ। ਅਸੀਂ ਅਕਸਰ ਵੇਖਦੇ ਹਾਂ ਕਿ ਕਿਸੇ ਐਪ ਨੂੰ ਖੋਲਣ ਸਮੇਂ ਜਾਂ ਵਰਤੋਂ ਦੌਰਾਨ ਕੁਝ ਸਕਿੰਟਾਂ ਦੀ ਨਾ ਰੁਕਣ ਵਾਲੀ ਵੀਡੀਓ ਸ਼ੁਰੂ ਹੋ ਜਾਂਦੀ ਹੈ ਜਾਂ ਕੋਈ ਲਿੰਕ, ਬੈਨਰ ਆਦਿ ਡਿਸਪਲੇ ਹੋਣ ਲੱਗ ਜਾਂਦਾ ਹੈ। ਉਸ ਵੀਡੀਓ, ਲਿੰਕ ਆਦਿ ‘ਤੇ ਜਿੰਨੇ ਵਰਤੋਂਕਾਰ ਉਂਗਲੀ ਰੱਖਦੇ ਹਨ ਉਸੇ ਹਿਸਾਬ ਨਾਲ ਵਿਗਿਆਪਨ ਕੰਪਨੀਆਂ ਇੰਨਾ ਐਪਸ ਨੂੰ ਪੈਸੇ ਦਾ ਭੁਗਤਾਨ ਕਰਦੀਆਂ ਹਨ।

ਵਸਤੂਆਂ ਵੇਚਕੇ : ਇੰਨਾ ਐਪਸ ਦੀ ਇਕ ਹੋਰ ਨਵੀਨਤਾਕਾਰੀ ਪਹੁੰਚ ਮੁਫਤ ਮੋਬਾਈਲ ਐਪਸ ਵਿਚ ਉਤਪਾਦਾਂ ਨੂੰ ਵੇਚਣਾ ਹੈ। ਬਹੁਤ ਸਾਰੇ ਈ-ਕਾਮਰਸ ਕਾਰੋਬਾਰ ਸਰੀਰਕ ਚੀਜ਼ਾਂ ਜਿਵੇਂ ਕਿ ਖਿਡੌਣੇ, ਕੱਪੜੇ , ਜੁੱਤੇ ਆਦਿ ਵੇਚਣ ਲਈ ਮੁਫਤ ਸੰਸਕਰਣ ਤਿਆਰ ਕਰਦੇ ਹਨ । ਇਹ ਭੌਤਿਕ ਉਤਪਾਦ ਸਿੱਧੇ ਐਪ ਰਾਹੀਂ ਜਾਂ ਈਮੇਲ ਮਾਰਕੀਟਿੰਗ ਦੁਆਰਾ ਵੇਚੇ ਜਾ ਸਕਦੇ ਹਨ। ਉਦਹਾਰਣ ਦੇ ਤੌਰ ਤੇ ਫਲਿਪਕਾਰਟ, ਐਮਾਜ਼ਨ, ਹੋਮ ਸ਼ੋਪ-18, ਸਨੈਪਡੀਲ ਆਦਿ ਐਪਸ ਵੱਡੀ ਪੱਧਰ ਤੇ ਹਰ ਤਰ੍ਹਾਂ ਦਾ ਸਮਾਨ ਆਨਲਾਈਨ ਵੇਚਦੀਆਂ ਹਨ। ਕੁਝ ਈ-ਕਾਮਰਸ ਐਪਸ ਮੁਫਤ ਈ-ਕਾਮਰਸ ਸੇਵਾਵਾਂ ਦੇ ਨਾਲ ਆਨਲਾਈਨ ਸ਼ਾਪਿੰਗ ਦੀ ਸਹੂਲਤ ਵੀ ਦਿੰਦਿਆਂ ਹਨ। ਜਿਵੇਂ ਪੇ-ਟੀਐਮ ਐਪ ਨਾਲ ਜਿਥੇ ਅਸੀਂ ਹਰ ਤਰ੍ਹਾਂ ਦਾ ਭੁਗਤਾਨ ਕਰ ਸਕਦੇ ਹਾਂ ਉਥੇ ਉਹ  ਪੇ-ਟੀਐਮ ਮਾਲ ਜਰੀਏ ਖਰੀਦਦਾਰੀ ਕਰਨ ਦੀ ਆਪਸਨ ਦੇ ਰਹੀ ਹੈ ਜਿਸ ਨਾਲ ਪੈਸਾ ਕਮਾਇਆ ਜਾਂਦਾ ਹੈ।

ਰੈਫਲਰ ਮਾਰਕੀਟਿੰਗ ਦੁਆਰਾ : ਰੈਫਰਲ ਮਾਰਕੀਟਿੰਗ ਵਿਚ ਤੀਜੀ ਧਿਰ ਦੇ ਉਤਪਾਦ ਜਾਂ ਸੇਵਾ ਨੂੰ ਉਤਸ਼ਾਹਤ ਕਰਨਾ ਸ਼ਾਮਲ ਹੈ। ਵਿਗਿਆਪਨਾਂ ਤੋਂ ਇਲਾਵਾ ਇਹ ਐਪਸ ਰੈਫਲਰ ਮਾਰਕੀਟਿੰਗ ਦਾ ਢੰਗ ਅਪਣਾਉਂਦੀਆਂ ਹਨ। ਕਿਸੇ ਕੰਪਨੀ, ਉਤਪਾਦ, ਸੇਵਾ ਆਦਿ ਦੀ ਪ੍ਰਮੋਸ਼ਨ ਲਈ ਅੱਗੇ ਦੀ ਅੱਗੇ ਸ਼ੇਅਰ ਕਰਨ ਦੇ ਪੈਸੇ ਮਿਲਦੇ ਹਨ। ਇਥੋਂ ਤੱਕ ਕਿ ਇਹ ਐਪਸ ਆਪਣੀ ਪ੍ਰਮੋਸ਼ਨ ਲਈ ਅਤੇ ਟਰੈਫਿਕ ਪ੍ਰਾਪਤ ਕਰਨ ਲਈ ਇਹ ਤਰੀਕਾ ਅਪਣਾਉਂਦੀਆਂ ਹਨ। ਤਾਂ ਕਿ ਵੱਧ ਤੋਂ ਵੱਧ ਲੋਕ ਐਪ ਨੂੰ ਇੰਸਟਾਲ ਕਰਨ ਅਤੇ ਐਪ ਵਿਗਿਆਪਨ ਕਰਤਾਵਾਂ ਨੂੰ ਖਿੱਚ ਸਕੇ।

ਡਾਟਾ ਇੱਕਠਾ ਕਰਨਾ ਅਤੇ ਵੇਚਣਾ : ਉਪਯੋਗਕਰਤਾ ਦੇ ਵਿਵਹਾਰ ਜਾਂ ਹੋਰ ਐਪ ਵਰਤੋਂ ਦੇ ਰੂਪ ਵਿੱਚ, ਐਪਸ ਬਹੁਤ ਸਾਰੇ ਉਪਭੋਗਤਾਵਾਂ ਦੇ ਡੇਟਾ ਨੂੰ ਇਕੱਤਰ ਕਰਦੀਆਂ ਹਨ । ਇਹ ਸਾਰੇ ਉਪਭੋਗਤਾ ਵਿਵਹਾਰਕ ਡੇਟਾ ਵੱਖ ਵੱਖ ਖੇਤਰਾਂ ਵਿੱਚ ਬਹੁਤ ਸਾਰੇ ਖੋਜਕਰਤਾਵਾਂ ਦੁਆਰਾ ਲੋੜੀਂਦੇ ਹਨ। ਇਸਦਾ ਅਰਥ ਇਹ ਹੈ ਕਿ ਮੁਫਤ ਪ੍ਰਕਾਸ਼ਕਾਂ ਲਈ ਐਪ ਇਨ੍ਹਾਂ ਉਪਭੋਗਤਾਵਾਂ ਦੇ ਵਿਵਹਾਰ ਡੇਟਾ ਨੂੰ ਇਨ੍ਹਾਂ ਖੋਜਕਰਤਾਵਾਂ ਨੂੰ ਵੇਚ ਸਕਦੀ ਹੈ ਅਤੇ ਬਹੁਤ ਸਾਰਾ ਪੈਸਾ ਕਮਾ ਸਕਦੀ ਹੈ। ਡੇਟਾ ਵਿੱਚ ਆਮ ਤੌਰ ਤੇ ਉਪਭੋਗਤਾਵਾਂ ਦੇ ਈਮੇਲ ਪਤੇ, ਸੋਸ਼ਲ ਮੀਡੀਆ ਖਾਤੇ ਅਤੇ ਨਿੱਜੀ ਤਰਜੀਹਾਂ ਸ਼ਾਮਲ ਹੁੰਦੀਆਂ ਹਨ। ਮਾਰਕੀਟਿੰਗ ਦੇ ਦ੍ਰਿਸ਼ਟੀਕੋਣ ਤੋਂ ਕੰਪਨੀਆਂ ਸਭ ਤੋਂ ਢੁਕਵੇਂ ਦਰਸ਼ਕਾਂ ਨੂੰ ਇਸ਼ਤਿਹਾਰ ਪ੍ਰਦਰਸ਼ਤ ਕਰਨ ਲਈ ਭੁਗਤਾਨ ਕਰਨਾ ਚਾਹੁੰਦੀਆਂ ਹਨ। ਇਸ ਲਈ ਇਹ ਐਪਸ ਕਾਫ਼ੀ ਢੁਕਵਾਂ ਡੇਟਾ ਇਕੱਠਾ ਕਰਕੇ ਇਸ ਤੋਂ ਲਾਭ ਕਮਾਉਦੀਆਂ ਹਨ।

ਇਸ ਤਰ੍ਹਾਂ ਇਹ ਸਾਰੀਆਂ ਮੁਫ਼ਤ ਐਪਸ ਵੱਖ ਵੱਖ ਢੰਗਾਂ ਨਾਲ ਕਮਾਈ ਕਰਦੀਆਂ ਹਨ। ਪਰ ਪੈਸੇ ਕਮਾਉਣ ਲਈ ਕੁੱਝ ਐਪਸ ਵਰਤੋਂਕਾਰਾਂ ਦੀ ਗੋਪਨੀਅਤਾ ਨੂੰ ਵੀ ਦਾਅ ਉੱਤੇ ਲਗਾ ਦਿੰਦੀਆਂ ਹਨ। ਇਸ ਲਈ ਸਾਨੂੰ ਆਪਣੀ ਪ੍ਰਾਈਵੇਸੀ ਬਾਰੇ ਹਮੇਸ਼ਾ ਸੁਚੇਤ ਰਹਿਣਾ ਚਾਹੀਦਾ ਹੈ।

ਚਾਨਣ ਦੀਪ ਸਿੰਘ ਔਲਖ 

ਸੰਪਰਕ : 9876888177

Previous articleਯੂ.ਕੇ ਦੇ ਸ਼ਹਿਰ ਲੈਸਟਰ ‘ਚ ਲਾਕਡਾਊਨ ਹਾਲਾਤ ਦੀ ਪੜਚੋਲ-ਕੋਰੋਨਾ ਟੈਸਟ ਜਾਰੀ
Next articleਸਿਹਤ ਕਰਮੀਆਂ ਨੇ ਕਾਲੇ ਬਿੱਲੇ ਲਗਾ ਕੇ ਰੋਸ ਪ੍ਰਗਟ ਕੀਤਾ