ਟਰੱਕ ਡਰਾਈਵਰਾਂ ਦਾ ਕਿੱਤਾ ਬਦਨਾਮ, ਕੌਣ ਕਰੂਗਾ ਮਿਹਨਤਾਂ ਨੂੰ ਸਲਾਮ !

(ਸਮਾਜ ਵੀਕਲੀ)

ਦੀਦਾਵਰ ਸੁਲੇਖ ਸਿਲਸਿਲਾ

– ਯਾਦਵਿੰਦਰ+9194653 29617

(1)
ਹਰ ਯੁੱਗ ਵਿਚ ਅਸਾਵੀਂ ਵਿੱਤੀ ਵੰਡ ਕਾਰਨ ਕੁਝ ਲੋਕ (ਹੀ) ਧਨਪਤੀ ਹੋਣ ਦਾ ਸੁਭਾਗ ਹਾਸਿਲ ਕਰਦੇ ਹਨ ਜਦਕਿ ਮਨੁੱਖਤਾ ਦਾ ਬਹੁਤ ਸਾਰਾ ਹਿੱਸਾ ਹਾਸ਼ੀਏ ‘ਤੇ ਪਿਆ ਸਹਿਕਦਾ ਹੀ ਰਿਹਾ ਹੈ। ਹਾਸ਼ੀਆਗ੍ਰਸਤ ਤਬਕੇ ਨੂੰ ਕੰਮ ਦਿੱਤੇ ਬਿਨਾਂ ਰੁਜ਼ਗਾਰਦਾਤੇ ਦਾ ਸਰਦਾ ਵੀ ਨਹੀਂ ਹੁੰਦਾ ਪਰ ਇਸ ਤਬਕੇ ਨੂੰ ‘ਖੰਭ’ ਨਾ ਲੱਗ ਜਾਣ, ਏਸ ਵਾਸਤੇ ਬਹੁਤ ਬਰੀਕ ਤਰੀਕੇ ਨਾਲ ਇਨ੍ਹਾਂ ਨੂੰ ਬਦਨਾਮ ਕੀਤਾ ਜਾਂਦਾ ਹੈ। ਟਰੱਕ ਡਰਾਈਵਰਾਂ ਦੀ ਹੋਣੀ ਵੀ ਇਹੋ ਜਿਹੀ ਹੈ।

ਯਾਦਵਿੰਦਰ

(2)
ਸੱਚਾਈ ਇਹ ਹੈ ਕਿ ਕਈ ਕਈ ਦਿਨ ਘਰੋਂ ਦੂਰ ਰਹਿਣਾ, ਟੱਪਰੀਵਾਸਾਂ ਵਾਂਗ ਦਿਨਕਟੀ ਕਰਨੀ, ਰੋਟੀ-ਪਾਣੀ ਦਾ ਕੋਈ ਵਕ਼ਤ ਨਹੀਂ, ਇਹ ਸਭ ਦੁਸ਼ਵਾਰੀਆਂ ਝੱਲ ਕੇ ਉਹ ਮਸਾਂ ਆਪਣਾ ਤੇ ਆਪਣੇ ਨਾਲ ਸਬੰਧਤ ਬੰਦਿਆਂ ਦਾ ਗੁਜ਼ਾਰਾ ਚਲਾ ਸਕਦੇ ਹੁੰਦੇ ਹਨ। ਕੁਝ ਟਰੱਕ ਡਰਾਈਵਰਾਂ ਨੇ ਆਪਣੇ ਟਰੱਕਾਂ ਪਿੱਛੇ ਲਿਖਾਇਆ ਹੁੰਦੈ-
”ਸਿਖ ਲਈ ਡਰਾਈਵਰੀ ਮਿੱਤਰਾਂ, ਮਾੜੇ ਤੇਰੇ ਕਰਮ।
ਖਾਣਾ-ਪੀਣਾ ਕਦੇ-ਕਦਾਈਂ, ਸੌਣਾ ਅਗਲੇ ਜਨਮ”
ਡਰਾਈਵਰਾਂ ਨੂੰ ਟਰੱਕਾਂ ਪਿੱਛੇ ਆਪਣੇ ਕਿੱਤੇ ਨਾਲ ਜੁੜੇ ਸ਼ੇਅਰ ਤੇ ਕੱਚਘਰੜ ਤੁਕਾਂਤ ਲਿਖਾਉਣ ਦਾ ਬਹੁਤ ਸ਼ੌਕ ਹੁੰਦਾ ਹੈ। ਪਿੱਛੇ ਜਿਹੇ ਇਕ ਟਰੱਕ ਦੇ ਪਿੱਛੇ ਲਿਖਿਆ ਵੇਖਿਆ :-
” ਜਿਹਨੂੰ ਕਮਾਉਣ ਦਾ ਐ ਤਰੀਕਾ, ਉਹਦੇ ਲਈ ਏਥੇ ਹੀ ਅਮਰੀਕਾ”।
ਅਸੀਂ ਇੰਟਰਨੈੱਟ ‘ਤੇ ਵੇਖੀਆਂ ਤਸਵੀਰਾਂ ਤੇ ਫਿਲਮਾਂ ਤੋਂ ਇਹ ਪ੍ਰਭਾਵ ਲਿਐ ਕਿ ਪਾਕਿਸਤਾਨੀ ਤੇ ਅਫ਼ਗ਼ਾਨੀ ਡਰਾਈਵਰਾਂ ਨੂੰ ਟਰੱਕਾਂ ਦੀ ਸਜਾਵਟ ਕਰਨ ਦਾ ਬੜਾ ਸ਼ੌਕ ਹੁੰਦਾ ਹੈ। ਪਿੱਛੇ ਜਿਹੇ ਅਸੀਂ ਬੀਬਾ ਸ਼ਬਨਮ ਵਿਰਮਾਨੀ ਦੀ ਫਿਲਮ ‘ਹਦ ਅਨਹਦ’ ਵੇਖੀ ਸੀ, ਉਹਦਾ ਅੱਧਾ ਹਿੱਸਾ ਭਾਰਤ ਦਾ ਹੈ ਤੇ ਬਾਕੀ ਅੱਧ ਪਾਕਿਸਤਾਨ ਵਿਚ ਫਿਲਮਾਇਆ ਹੈ, ਉਥੇ ਪਹੁੰਚਿਆ ਵਫ਼ਦ ਵੀ ਓਧਰਲੀਆਂ ਬੱਸਾਂ ਤੇ ਟਰੱਕ ਵੇਖ ਕੇ ਇਹੀ ਪ੍ਰਭਾਵ ਜ਼ਾਹਿਰ ਕਰਦਾ ਹੈ ਕਿ ਉਨ੍ਹਾਂ ਮੁਲਕਾਂ ਦੇ ਡਰਾਈਵਰ ਟਰੱਕਾਂ, ਬੱਸਾਂ ਤੇ ਲਾਰੀਆਂ ਨੂੰ ਜ਼ਿਆਦਾ ਸਜਾਅ ਕੇ ਰੱਖਦੇ ਹਨ।
(3)
ਕਈ ਟਰੱਕ ਡਰਾਈਵਰ ਇਹੋ ਜਿਹੇ ਵੀ ਨੇ, ਜਿਹੜੇ ਇੱਕੋ ਗੇੜੇ ਤੋਂ ਹਜ਼ਾਰਾਂ ਰੁਪਏ ਕਮਾਅ ਲੈਂਦੇ ਹਨ ਪਰ ਇਸ ਤਬਕੇ ਦੀ ਮਿਹਨਤ ਤੇ ਮੁਸ਼ੱਕਤ ਦੀ ਕਦੇ ਕਿਸੇ ਨੇ ਤਾਰੀਫ਼ ਨਹੀਂ ਕੀਤੀ ਬਲਕਿ ਝੂਠੇ ਤੇ ਗੰਦੇ ਕਿੱਸੇ ਨਾਲ ਜੋੜ ਕੇ ਬਦਨਾਮ ਜ਼ਰੂਰ ਕੀਤਾ ਹੈ ਪਰ ਟੱਰਕ ਡਰਾਈਵਰ ਆਪਣੇ ਆਪ ਵਿਚ ਮਸਤ ਰਹਿੰਦੇ ਹਨ ਤੇ ਲੋਕਾਂ ਦੀਆਂ ਗੱਲਾਂ ਨਹੀਂ ਗੌਲਦੇ। ਜਿਨ੍ਹਾਂ ਘਰਾਂ ਵਿਚ ਗ਼ੁਰਬਤ ਹੈ, ਮਾਪੇ ਲਾਚਾਰ ਹਨ ਤੇ ਬੱਚਿਆਂ ਨੂੰ ਪੜ੍ਹਾ ਨਹੀਂ ਸਕਦੇ ਹੁੰਦੇ, ਉਨ੍ਹਾਂ ਦੇ ਪੁੱਤਰਾਂ ਲਈ ਕਿਸੇ ਟਰੱਕ ਡਰਾਈਵਰ ਨਾਲ ਅੱਟੀ ਸੱਟੀ ਲਾ ਕੇ ਘੁੰਮਣਾ ਤੇ ਫੇਰ ਕਿਸੇ  ਦਿਨ ਕਲੀਨਰ ਬਣ ਜਾਣਾ ਇਕ ਸਹਿਜ ਰਸਤਾ ਹੁੰਦਾ ਹੈ। ਕੁਝ ਮਿਹਨਤੀ ਕਲੀਨਰ, ਟਰੱਕਾਂ ਦੇ ਡਰਾਈਵਰ ਵੀ ਬਣ ਜਾਂਦੇ ਹਨ। ਜਿੱਥੇ ਸਾਡੇ ਮੁਲਕ ਵਿਚ ਜ਼ਿਆਦਾਤਰ ਟਰੱਕ ਡਰਾਈਵਰ ਰੋਟੀ ਕਮਾਉਣ ਲਈ ਸਹਿਕਦੇ ਰਹਿੰਦੇ ਹਨ, ਉਥੇ ਵਿਕਾਸ ਕਰ ਚੁੱਕੇ ਦੇਸ਼ਾਂ ਮਸਲਨ ਕਨੇਡਾ, ਅਮਰੀਕਾ, ਆਸਟ੍ਰੇਲੀਆ ਤੇ ਯੂਰੋਪ ਗਏ ਅਨੇਕ ਟਰੱਕ ਡਰਾਈਵਰ, ਚਿੱਟ-ਕੱਪੜੀਏ ਨੌਕਰ ਤੋਂ ਕਿਤੇ ਵੱਧ ਕਮਾਉਂਦੇ ਹਨ। ਵਿਕਾਸ ਕਰ ਚੁੱਕੇ ਮੁਲਕਾਂ ਵਿਚ ਜਿੱਥੇ ਘਰ ਵਿਚ ਨੌਕਰ ਰੱਖਣਾ ਮਹਿੰਗਾ ਸੌਦਾ ਹੈ, ਉਥੇ ਟਰੱਕ ਲਈ ਡਰਾਈਵਰ ਰੱਖਣਾ ਉਸ ਤੋਂ ਵੀ ਮਹਿੰਗਾ ਪੈਂਦਾ ਹੈ, ਏਸੇ ਲਈ ਘੱਟ ਪੜ੍ਹੇ ਲਿਖੇ ਤੇ ਖੁੱਲ੍ਹੇ-ਡੁੱਲੇ ਸੁਭਾਅ ਵਾਲੇ ਪੰਜਾਬੀ, ਆਪਣੇ ਟਰੱਕ ਖ਼ਰੀਦ ਕੇ, ਆਪ ਹੀ ਚਲਾਉਂਦੇ ਹਨ। ਜਿੰਨੇ ਖ਼ੁਸ਼ਹਾਲ, ਪਰਦੇਸਾਂ ਵਿਚ, ਟਰੱਕ ਡਰਾਈਵਰ ਹਨ, ਓਨੇ ਖ਼ੁਸ਼ਹਾਲ ਤਾਂ ਸਰਦੇ ਪੁੱਜਦੇ ਵਪਾਰੀ ਹੀ ਹੋ ਸਕਦੇ ਹਨ। ਇਸ ਤੋਂ ਉਲਟ ਭਾਰਤ ਵਿਚ ਟੱਰਕ ਡਰਾਈਵਰ ਦਾ ਅੱਵਲ ਤਾਂ ਢੁਕਵੀਂ ਉਮਰ ਵਿਚ ਵਿਆਹ ਨਹੀਂ ਹੁੰਦਾ, ਜੇ ਕਿਤੇ ਹੋ ਜਾਵੇ ਤਾਂ ਕਈ-ਕਈ ਦਿਨ ਸੱਜ-ਵਿਆਹੀ ਤੋਂ ਬਿਨਾਂ ਦਿਨ-ਰਾਤ ਸੜਕਾਂ ਕੱਛ ਕੇ ਬਿਤਾਉਣੇ ਪੈਂਦੇ ਹਨ।
ਨਿੱਜੀ ਜ਼ਿੰਦਗੀ ਕੀ ਹੁੰਦੀ ਹੈ?
ਜ਼ਿੰਦਗੀ ਦਾ ਰੁਮਾਂਸ ਕੀ ਹੁੰਦਾ ਹੈ?
ਇਨ੍ਹਾਂ ਮਿਹਨਤੀ ਡਰਾਈਵਰਾਂ ਨੂੰ ਇਸ ਬਾਰੇ ਪਤਾ ਨਹੀਂ ਹੁੰਦਾ। ਰੋਜ਼ੀ ਰੋਟੀ ਦੀ ਮਜਬੂਰੀ ਰੁਮਾਨੀਅਤ ਤੇ ਜ਼ਿੰਦਗੀ ਦੇ ਰਸ ਨੂੰ ਚੂਸ ਲੈਂਦੀ ਹੈ।
(4)
ਟਰੱਕ ਡਰਾਈਵਰਾਂ ਦੇ ਮਸਲਿਆਂ ਬਾਰੇ ਟਰਾਂਸਪੋਰਟਰ ਤੇ ਵਪਾਰੀ ਵੀਰ ਚੰਗੀ ਤਰ੍ਹਾਂ ਜਾਣਦੇ ਹਨ, ਓਨਾਂ ਨੂੰ ਇਹ ਡਰ ਲੱਗਾ ਰਹਿੰਦਾ ਹੈ ਕਿ ਜੇ ਕਿਤੇ ਇਸ ਤਬਕੇ ਦੇ ਮਨਾਂ ਵਿਚ ਆਪਣੀ ਕਿਰਤ ਲਈ ਫ਼ਖ਼ਰ ਪੈਦਾ ਹੋ ਗਿਆ ਜਾਂ ਇਹ ਵਿੱਤੀ ਪੱਖੋਂ ਸੌਖੇ ਹੋ ਗਏ ਤਾਂ ਇਹ ਫੇਰ ਵਧੇਰੇ ਛੁੱਟੀਆਂ ਕਰਨਗੇ, ਛੁੱਟੀ ਕਰਨ ‘ਤੇ ਗ਼ੈਰ-ਹਾਜ਼ਰੀ ਲਾ ਦਿੱਤੀ ਤਾਂ ਬੇਪਰਵਾਹ ਹੋ ਜਾਣਗੇ, ਏਸੇ ਕਰ ਕੇ ਭਾਰਤੀ ਟਰਾਂਸਪੋਰਟਾਂ ਦੇ ਮਾਲਕਾਂ ਨੇ ਰਲ ਕੇ ਇਹ ਮਤਾ ਪਕਾਇਆ ਹੋਇਆ ਹੈ ਕਿ ਇਨ੍ਹਾਂ ਨੂੰ ਰੋਟੀ ਖਾਣ ਤੋਂ ਵੱਧ ਪੈਸੇ ਨਾ ਦਿੱਤੇ ਜਾਣ ਤਾਂ ਜੋ ਇਹ ਲੋਕ ਡਰਾਈਵਰੀ ਕਰਨ ਤਕ ਸੀਮਤ ਰਹਿਣ। ਇਹ ਓ, ਅ, ੲ ਜਾਂ ਕਿਸੇ ਕੋਲ ਵੀ ਮੁਲਾਜ਼ਮਤ ਕਰ ਕੇ ਦੇਖ ਲੈਣ, ਕੋਈ ਫ਼ਰਕ ਨਹੀਂ ਪੈਂਦਾ, ਹੱਥ ਹਮੇਸ਼ਾ ਤੰਗ ਹੀ ਰਹਿੰਦਾ ਹੈ।
ਜਿਹੜੇ ਡਰਾਈਵਰ ਬੁਰਕੀ ਵਿੱਚੋਂ ਬੁਰਕੀ ਬਚਾਅ ਕੇ ਆਪਣਾ ਟਰੱਕ ਜਾਂ ਟਰਾਲਾ ਕਿਸ਼ਤਾਂ ‘ਤੇ ਕਰਾ ਲੈਂਦੇ ਹਨ, ਉਨ੍ਹਾਂ ਦੀ ਵਪਾਰਕ ਉਡਾਰੀ ਲੱਗਣੀ ਸ਼ੁਰੂ ਹੋ ਜਾਂਦੀ ਹੈ। ਡਰਾਈਵਰਾਂ ਨੂੰ ਚਾਹੀਦਾ ਹੈ ਕਿ ਉਹ ਆਪਣੀ ਔਲਾਦ ਨੂੰ ਉੱਚ ਵਿਦਿਆ ਜ਼ਰੂਰ ਦਿਵਾਉਣ ਤਾਂ ਜੋ ਉਨ੍ਹਾਂ ਦੇ ਬੱਚੇ ਸਮਾਜ ਵਿਚ ਆਪਣੇ ਪਿਤਾ ਦੇ ਅਕਸ ਦੀ ਸਹੀ ਤਰਜਮਾਨੀ ਕਰਨ ਦੇ ਕਾਬਿਲ ਹੋ ਸਕਣ। ਜ਼ਮਾਨਾ ਖ਼ਰਾਬ ਸੀ ਤੇ ਖ਼ਰਾਬ ਰਹੇਗਾ।

ਚਿੱਠੀ ਪੱਤਰੀ ਲਈ- ਸਰੂਪ ਨਗਰ, ਪਿੰਡ ਰਾਓਵਾਲੀ, ਪਠਾਨਕੋਟ ਮਾਰਗ, ਜਲੰਧਰ। +9194653 29617

Previous articleਪ੍ਰੇਮ-ਗਲਵੱਕੜੀ ਨੂੰ ਤਰਸਦੇ ਨੇ ਸਰਾਭਾ ਆਸ਼ਰਮ ‘ਚ ਰਹਿੰਦੇ ਸੈਂਕੜੇ ਮਰੀਜ਼
Next articleआक्सीजन-वेंटीलेटर और बेड की कमी सच्चाई, अफवाह नहीं – रिहाई मंच