ਪ੍ਰੇਮ-ਗਲਵੱਕੜੀ ਨੂੰ ਤਰਸਦੇ ਨੇ ਸਰਾਭਾ ਆਸ਼ਰਮ ‘ਚ ਰਹਿੰਦੇ ਸੈਂਕੜੇ ਮਰੀਜ਼

– ਬਰਜਿੰਦਰ ਸਿੰਘ, ਮੋ: 76967-31000,
barjinder.singh.dang@gmail.com

(ਸਮਾਜ ਵੀਕਲੀ)- ਇਨਸਾਨ ਦੀ ਖੁਸ਼ੀ ਦਾ ਮੁੱਖ ਸੋਮਾ ਮੁਹੱਬਤ ਹੈ। ਪਿਆਰ ਤੋਂ ਬਿਨਾਂ ਇਹ ਉਦਾਸ ਹੋ ਜਾਂਦਾ ਹੈ। ਅਜਿਹੀ ਬਿਰਤੀ ਇਸਨੂੰ ਸਮਾਜ ਨਾਲੋਂ ਤੋੜ ਦਿੰਦੀ ਹੈ । ਜੇ ਕਰ ਮਹੌਲ ਗਮਗੀਨ ਅਤੇ ਬਿਖਾਦੀ ਹੋਵੇ ਤਾਂ ਕਈ ਵਾਰ ਦਿਮਾਗੀ ਸੰਤੁਲਨ ਵੀ ਖੋ ਬੈਠਦਾ ਹੈ।  ਫਿਰ ਇਸਨੂੰ ਆਪਣੇ ਹੀ ਤਿਆਗ ਦਿੰਦੇ ਹਨ । ਕਿਉਂਕਿ ਉਹਨਾਂ ਦੀ ਨਜ਼ਰ ‘ਚ ਇਹ ਪਾਗ਼ਲ ਹੈ, ਨਿਕੰਮਾ ਹੈ, ਉਹਨਾਂ ‘ਤੇ ਬੋਝ ਹੈ ।  ਪਿਛਲੇ ਕਈ ਸਾਲਾਂ ਤੋਂ ਏਕ ਨੂਰ ਸੇਵਾ ਕੇਂਦਰ ਸੰਸਥਾ ਦਾ ਮੈਂਬਰ ਹੋਣ ਦੇ ਨਾਤੇ  ਲਾਵਾਰਸ ਮਰੀਜ਼ਾਂ ਦੀ ਸੇਵਾ ਕਰਦਿਆਂ ਦਾਸ ਨੇ ਮਹਿਸੂਸ ਕੀਤਾ ਹੈ ਕਿ ਜੇ ਕਰ ਇਹਨਾਂ ਮਰੀਜ਼ਾਂ ਨੂੰ ਪਰਿਵਾਰਾਂ ਵੱਲੋਂ ਲੋੜੀਂਦਾ ਪਿਆਰ ਮਿਲਦਾ ਰਹਿੰਦਾ ਤਾਂ ਇਹਨਾਂ ਵਿੱਚੋਂ ਕਾਫ਼ੀ ਮਰੀਜ਼ਾਂ ਦੀ ਹਾਲਤ ਇਤਨੀ ਨਾਜ਼ੁਕ ਨਾ ਹੁੰਦੀ।

ਲੁਧਿਆਣਾ ਜ਼ਿਲ੍ਹੇ ਦੇ ਪਿੰਡ ਸਰਾਭਾ ਨਜ਼ਦੀਕ ਬਣੇ ਗੁਰੂ ਅਮਰ ਦਾਸ ਅਪਾਹਜ ਆਸ਼ਰਮ ਵਿੱਚ ਹੁਣ ਤੱਕ ਪੰਜ ਕੁ ਸੌ ਦੇ ਕਰੀਬ ਅਜਿਹੇ ਲਾਵਾਰਸ-ਬੇਘਰ ਮਰੀਜ਼ ਦਾਖਲ ਹੋਏ ਹਨ ਜਿਹਨਾਂ ਨੂੰ ਉਹਨਾਂ ਦੇ ਆਪਣਿਆਂ ਨੇ ਹੀ ਛੱਡ ਦਿੱਤਾ । ਕਾਰਨ ਇਹ ਕਿ ਕੋਈ ਜਨਮ ਤੋਂ ਹੀ ਅਪਾਹਜ ਹੈ । ਕਿਸੇ ਨੂੰ ਲਾ-ਇਲਾਜ  ਰੋਗ ਲੱਗ ਗਿਆ । ਕਿਸੇ ਕੋਲ ਬਿਮਾਰੀ ਦਾ ਇਲਾਜ ਕਰਵਾਉਣ ਦੀ ਸਮਰੱਥਾ ਨਹੀਂ । ਕੁੱਝ ਕੁ ਆਪਣੇ ਨਸ਼ੇੜੀ ਪਰਿਵਾਰਕ ਮੈਂਬਰਾਂ ਵੱਲੋਂ ਕੁੱਟ-ਮਾਰ ਹੋਣ ਕਰਕੇ, ਕਿਸੇ ਦੀ ਮੱਦਦ ਨਾਲ ਇਸ ਆਸ਼ਰਮ ‘ਚ ਪਹੁੰਚ ਗਏ। ਕਿਸੇ ਦੀ ਜਾਇਦਾਦ ਰਿਸ਼ਤੇਦਾਰਾਂ ਨੇ ਆਪਣੇ ਨਾਉਂ ਲਵਾ ਲਈ ।  ਅਜਿਹੀਆਂ ਅਣਗਿਣਤ ਕਹਾਣੀਆਂ ਹਨ ।

ਇਹਨਾਂ ਵਿੱਚੋਂ ਜ਼ਿਆਦਾਤਰ ਉਹ ਮਰੀਜ਼ ਹਨ ਜਿਹਨਾਂ ਨੂੰ ਬਹੁਤ ਹੀ ਤਰਸਯੋਗ ਹਾਲਤ ਵਿੱਚ ਸੜਕਾਂ ਤੋਂ ਚੁੱਕ ਕੇ ਲਿਆਂਦਾ ਗਿਆ ਸੀ ਜਾਂ ਕੋਈ ਛੱਡ ਗਿਆ ਸੀ। । ਉਹਨਾਂ ਵਿੱਚੋਂ ਕਾਫ਼ੀ ਸੁਰਗਵਾਸ ਹੋ ਗਏ । ਬਹੁਤ ਸਾਰੇ ਠੀਕ ਹੋਕੇ ਚਲੇ ਗਏ।  ਪਰ ਡੇਢ ਸੌ ਦੇ ਕਰੀਬ ਅਜਿਹੇ ਲਾਵਾਰਸ-ਬੇਘਰ ਮਰੀਜ਼ ਹਮੇਸ਼ਾਂ ਹੀ ਇਸ ਆਸ਼ਰਮ ਵਿਚ ਰਹਿੰਦੇ ਹਨ।  ਇਹਨਾਂ ਵਿੱਚ ਜ਼ਿਆਦਾਤਰ ਅਪਾਹਜ, ਨੇਤਰਹੀਣ, ਸ਼ੂਗਰ, ਟੀ.ਬੀ., ਮਿਰਗੀ, ਅਧਰੰਗ  ਅਤੇ  ਦਿਮਾਗੀ ਸੰਤੁਲਨ ਗੁਆ ਚੁੱਕੇ ਮਰੀਜ਼ ਹਨ ।  ਬਹੁਤ ਸਾਰੇ ਆਪਣਾ ਨਾਉਂ ਜਾਂ ਘਰ-ਬਾਰ ਵਾਰੇ  ਦੱਸਣ ਤੋਂ ਵੀ ਅਸੱਮਰਥ ਹਨ। ਆਸ਼ਰਮ ਵਿੱਚ ਇਹਨਾਂ ਨੂੰ ਹਰ ਚੀਜ਼ ਮੁਫਤ ਮਿਲਦੀ ਹੈ । ਕੋਈ ਫ਼ੀਸ ਜਾਂ ਖ਼ਰਚਾ ਨਹੀਂ ਲਿਆ ਜਾਂਦਾ ।

ਇਹ ਆਸ਼ਰਮ ਇੱਕ ਅਜਿਹਾ ਤੀਰਥ ਹੈ ਜਿੱਥੇ ਸਮਾਜ ਨਾਲੋਂ ਟੁੱਟ ਚੁੱਕੇ ਉਹਨਾਂ ਲਾਵਾਰਸਾਂ-ਬੇਘਰ ਮਰੀਜ਼ਾਂ ਨੂੰ ਗਲ਼ੇ ਲਗਾਇਆ ਜਾਂਦਾ ਹੈ ਜਿਹਨਾਂ ਲਈ ਸਮਾਜ ਤੇ ਸਰਕਾਰ ਦੇ ਬੂਹੇ ਬੰਦ ਹੋ ਚੁੱਕੇ ਹਨ। ਇਹ ਤਰਸਦੇ ਨੇ ਸਾਡੀ ਇੱਕ ਪ੍ਰੇਮ-ਗਲਵੱਕੜੀ ਨੂੰ, ਕਿਉਂਕਿ ਹੁਣ ਇਹ ਸਾਡੇ ‘ਚੋਂ ਆਪਣਾ ਪਰਿਵਾਰ ਲੱਭਦੇ ਹਨ।  ਜਦੋਂ ਇਹ ਮੈਨੂੰ ਆਪਣੇ ਗਲ਼ ਨਾਲ ਲਾਉਂਦੇ ਹਨ, ਇਹ ਤਾਂ ਨਹੀਂ ਪਤਾ ਕਿ ਇਹਨਾਂ ਨੂੰ ਕਿੰਝ ਮਹਿਸੂਸ ਹੁੰਦਾ ਹੈ, ਪਰ ਮੈਨੂੰ ਜਾਪਦਾ ਹੈ ਜਿਵੇਂ ਇਹਨਾਂ ਦੇ ਚਿਰਾਂ ਤੋਂ ਅੰਦਰ ਸਮੇਟੇ ਹੋਏ ਹੰਝੂਆਂ ਨਾਲ ਮੇਰਾ ਮੈਲਾ ਮਨ ਧੋਤਾ ਗਿਆ ਹੋਵੇ। ਸੋ ਆਓ, ਇਹਨਾਂ ਨਾਲ ਮੁਹੱਬਤ ਵੰਡੀਏ, ਇਹਨਾਂ ਦੀ ਸਹਾਇਤਾ ਕਰੀਏ ਅਤੇ ਇਹਨਾਂ ਕੋਲੋਂ ਆਉਂਦੀ ਇਸ਼ਕ ਸੁਗੰਧੀ ਨਾਲ ਆਪਣਾ ਆਪ ਮਹਿਕਾ ਲਈਏ।

ਆਸ਼ਰਮ ਵਾਰੇ ਹੋਰ ਜਾਣਕਾਰੀ ਲਈ ਡਾ. ਨੌਰੰਗ ਸਿੰਘ ਮਾਂਗਟ ਨਾਲ  ਇੰਡੀਆ ਵਿੱਚ 95018-42506, ਅਤੇ ਕੈਨੇਡਾ ਵਿੱਚ  403-401-8787 ‘ਤੇ  ਸੰਪਰਕ ਕੀਤਾ ਜਾ ਸਕਦਾ ਹੈ ।

Previous articleNow its alarming for Indian journalists, lose 107 colleagues to Covid-19
Next articleਟਰੱਕ ਡਰਾਈਵਰਾਂ ਦਾ ਕਿੱਤਾ ਬਦਨਾਮ, ਕੌਣ ਕਰੂਗਾ ਮਿਹਨਤਾਂ ਨੂੰ ਸਲਾਮ !