ਦੱਖਣੀ ਦਿੱਲੀ ਦੇ ਮੇਅਰ ਵੱਲੋਂ ਮੀਟ ਦੀਆਂ ਦੁਕਾਨਾਂ ਬੰਦ ਰੱਖਣ ਦੇ ਹੁਕਮ

ਨਵੀਂ ਦਿੱਲੀ (ਸਮਾਜ ਵੀਕਲੀ):  ਦੱਖਣੀ ਦਿੱਲੀ ਦੇ ਮੇਅਰ ਮੁਕੇਸ਼ ਸੂਰਿਅਨ ਨੇ ਅੱਜ ਕਿਹਾ ਕਿ ਨਵਰਾਤਰਿਆਂ ਦੌਰਾਨ ਬਹੁਤੇ ਲੋਕ ਮਾਸਾਹਾਰੀ ਭੋਜਨ ਨਹੀਂ ਖਾਂਦੇ, ਇਸ ਲਈ ਇਨ੍ਹਾਂ ਦਿਨਾਂ ਦੌਰਾਨ ਮੀਟ ਦੀਆਂ ਦੁਕਾਨਾਂ ਖੋਲ੍ਹਣ ਦੀ ਕੋਈ ਲੋੜ ਨਹੀਂ ਹੈ।

ਉਨ੍ਹਾਂ ਬੀਤੇ ਦਿਨ ਦੱਖਣੀ ਦਿੱਲੀ ਨਗਰ ਨਿਗਮ (ਐੱਸਡੀਐੱਮਸੀ) ਦੇ ਕਮਿਸ਼ਨਰ ਗਿਆਨੇਸ਼ ਭਾਰਤੀ ਨੂੰ ਲਿਖੇ ਇੱਕ ਪੱਤਰ ’ਚ ਕਿਹਾ ਸੀ ਕਿ ਸ਼ਰਧਾਲੂ ਨਵਰਾਤਰਿਆਂ ਦੌਰਾਨ ਦੇਵੀ ਦੁਰਗਾ ਦੀ ਪੂਜਾ ਲਈ ਜਾਂਦੇ ਹਨ। ਰਸਤੇ ’ਚ ਜਦੋਂ ਉਹ ਮੀਟ ਦੀਆਂ ਦੁਕਾਨਾਂ ਕੋਲੋਂ ਲੰਘਦੇ ਹਨ ਤਾਂ ਉਨ੍ਹਾਂ ਨੂੰ ਬਦਬੂ ਸਹਿਣੀ ਪੈਂਦੀ ਹੈ। ਇਸ ਨਾਲ ਉਨ੍ਹਾਂ ਦੀਆਂ ਮਾਨਤਾਵਾਂ ਤੇ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਦੀ ਹੈ। ਉਨ੍ਹਾਂ ਕਿਹਾ ਕਿ ਨਵਰਾਤਰਿਆਂ ਦੌਰਾਨ ਅੱਜ ਤੋਂ 11 ਅਪਰੈਲ ਤੱਕ ਮੀਟ ਦੀਆਂ ਦੁਕਾਨਾਂ ਖੋਲ੍ਹਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਉਨ੍ਹਾਂ ਨਿਗਮ ਕਮਿਸ਼ਨਰ ਨੂੰ ਆਪਣੇ ਨਿਰਦੇਸ਼ਾਂ ਦੀ ਸਖਤੀ ਨਾਲ ਪਾਲਣਾ ਯਕੀਨੀ ਬਣਾਉਣ ਲਈ ਕਿਹਾ ਹੈ। ਸੂਰਿਅਨ ਨੇ ਅੱਜ ਕਿਹਾ, ‘ਅੱਜ ਮੀਟ ਦੀਆਂ ਜ਼ਿਆਦਾਤਰ ਦੁਕਾਨਾਂ ਬੰਦ ਰਹੀਆਂ। ਜ਼ਿਆਦਾਤਰ ਲੋਕ ਨਵਰਾਤਰਿਆਂ ਮੌਕੇ ਮੀਟ, ਪਿਆਜ਼ ਤੇ ਲਸਣ ਨਹੀਂ ਖਾਂਦੇ। ਇਸ ਲਈ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਧਿਆਨ ’ਚ ਰਖਦਿਆਂ, ਨਵਰਾਤਰਿਆਂ ਦੌਰਾਨ ਮੀਟ ਦੀਆਂ ਦੁਕਾਨਾਂ ਖੋਲ੍ਹਣ ਦੀ ਇਜਾਜ਼ਤ ਨਹੀਂ ਹੈ। ਇਸ ਸਬੰਧੀ ਅੱਜ ਇੱਕ ਹੁਕਮ ਜਾਰੀ ਕਰ ਦਿੱਤਾ ਜਾਵੇਗ।’

ਦੂਜੇ ਪਾਸੇ ਉੱਤਰੀ ਦਿੱਲੀ ਤੇ ਪੂਰਬੀ ਦਿੱਲੀ ਨਗਰ ਨਿਗਮਾਂ ਵੱਲੋਂ ਅਜਿਹਾ ਕੋਈ ਕਦਮ ਨਹੀਂ ਚੁੱਕਿਆ ਹੈ ਪਰ ਇਸ ਦੇ ਬਾਵਜੂਦ ਦਿੱਲੀ ਦੇ ਕਈ ਇਲਾਕਿਆਂ ’ਚ ਮੀਟ ਦੀਆਂ ਬਹੁਤੀਆਂ ਦੁਕਾਨਾਂ ਅੱਜ ਬੰਦ ਰਹੀਆਂ। ਕਾਰੋਬਾਰੀਆਂ ਨੇ ਦਾਅਵਾ ਕੀਤਾ ਕਿ ਮੇਅਰ ਦੇ ਹੁਕਮਾਂ ਕਾਰਨ ਦੁਕਾਨਾਂ ਬੰਦ ਰੱਖੀਆਂ ਗਈਆਂ ਹਨ।

ਸ਼ਿਵ ਸੈਨਾ ਵੱਲੋਂ ਮੇਅਰ ਦੇ ਫ਼ੈਸਲੇ ਦਾ ਵਿਰੋਧ

ਦੱਖਣੀ ਦਿੱਲੀ ਦੇ ਮੇਅਰ ਦੇ ਫ਼ੈਸਲੇ ਨਾਲ ਵਿਵਾਦ ਭਖ ਗਿਆ ਹੈ। ਕਈ ਲੋਕਾਂ ਨੇ ਇਸ ਕਦਮ ’ਤੇ ਸਵਾਲ ਚੁੱਕਣ ਲਈ ਸੋਸ਼ਲ ਮੀਡੀਆ ਦਾ ਸਹਾਰਾ ਲਿਆ ਹੈ। ਸ਼ਿਵ ਸੈਨਾ ਆਗੂ ਪ੍ਰਿਯੰਕਾ ਚਤੁਰਵੇਦੀ ਨੇ ਟਵੀਟ ਕੀਤਾ, ‘ਸ਼ਾਕਾਹਾਰੀ ਹੋਣ ਕਾਰਨ ਅੰਡਾ-ਪਿਆਜ਼ ਨਾ ਖਾਣ ਵਾਲੀ ਮੈਂ ਹੋਰਨਾਂ ਦੀਆਂ ਖਾਣ-ਪੀਣ ਵਾਲੀਆਂ ਚੀਜ਼ਾਂ ਦਾ ਸਨਮਾਨ ਕਰਦੀ ਹਾਂ। ਇਸ ਲਈ ਕਿਰਪਾ ਕਰਕੇ ਆਪਣਾ ਪ੍ਰੇਰਿਤ ਏਜੰਡਾ ਸਾਡੇ ਨਾਮ ਜਾਂ ਸਾਡੇ ਵੱਲੋਂ ਪੇਸ਼ ਨਾ ਕਰੋ। ਧੰਨਵਾਦ।’

 

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਡਰੱਗ ਕੇਸ: ਮਜੀਠੀਆ ਦੀ ਨਿਆਂਇਕ ਹਿਰਾਸਤ ਵਿੱਚ 14 ਦਿਨ ਦਾ ਵਾਧਾ
Next articleਈਡੀ ਵੱਲੋਂ ਸੰਜੈ ਰਾਊਤ ਤੇ ਸਤੇਂਦਰ ਜੈਨ ਦੀਆਂ ਜਾਇਦਾਦਾਂ ਜ਼ਬਤ