ਪਟਿਆਲਾ (ਸਮਾਜ ਵੀਕਲੀ) : ਦਸ ਕੇਂਦਰੀ ਟਰੇਡ ਯੂਨੀਅਨਾਂ ਦੇ ਸਾਂਝੇ ਮੰਚ ਵੱਲੋਂ ਨਿੱਜੀਕਰਨ ਅਤੇ ਕਾਰਪੋਰੇਟ ਨੀਤੀਆਂ ਵਿਰੋਧੀ ਦਿਵਸ ਮਨਾਉਣ ਦੇ ਦਿੱਤੇ ਸੱਦੇ ਤਹਿਤ ਮੁਲਾਜ਼ਮਾਂ, ਮਜ਼ਦੂਰਾਂ ਅਤੇ ਹੋਰਨਾਂ ਵਰਗਾਂ ਨੇ ਅੱਜ ਇੱਥੇ ਰੇਲਵੇ ਸਟੇਸ਼ਨ ਦੇ ਬਾਹਰ ਸਥਿਤ ਓਵਰਬ੍ਰਿੱਜ ਦੇ ਹੇਠਾਂ ਰੋਸ ਰੈਲੀ ਤੇ ਮੁਜ਼ਾਹਰਾ ਕੀਤਾ। ਇਸ ਦੌਰਾਨ ਕੇਂਦਰ ਦੀਆਂ ਨੀਤੀਆਂ ਦਾ ਵਿਰੋਧ ਕਰਦਿਆਂ ਬੁਲਾਰਿਆਂ ਨੇ ਕਿਹਾ ਕਿ ਸਰਕਾਰ ਦੀਆਂ ਨੀਤੀਆਂ ਕਾਰਨ 120 ਕਰੋੜ ਲੋਕਾਂ ਵਿੱਚ ਗੁੱਸੇ ਅਤੇ ਰੋਸ ਦੀ ਲਹਿਰ ਹੈ।
ਪੰਜਾਬ ਏਟਕ ਦੇ ਜਨਰਲ ਸਕੱਤਰ ਨਿਰਮਲ ਧਾਲੀਵਾਲ, ਪ.ਸ.ਸ.ਫ. ਦੇ ਪ੍ਰਧਾਨ ਦਰਸ਼ਨ ਸਿੰਘ ਲੁਬਾਣਾ, ਸੀਟੀਯੂ ਦੇ ਸੂਬਾਈ ਆਗੂ ਹਰੀ ਸਿੰਘ ਢੀਂਡਸਾ, ਇੰਟਕ ਆਗੂ ਬਲਦੇਵ ਰਾਜ ਬੱਤਾ, ਸੀਟੂ ਆਗੂ ਤਰਸੇਮ ਸਿੰਘ, ਰੇਲਵੇ ਵਰਕਰਜ਼ ਦੇ ਆਗੂ ਜੁਮੇਰਦੀਨ, ਟਰੇਡ ਯੂਨੀਅਨ ਕੌਂਸਲ ਦੇ ਪ੍ਰਧਾਨ ਉੱਤਮ ਸਿੰਘ ਬਾਗੜੀ ਦੀ ਅਗਵਾਈ ਹੇਠਲੇ ਇਸ ਪ੍ਰਦਰਸ਼ਨ ਦੌਰਾਨ ਏਟਕ, ਇੰਟਕ, ਸੀਟੂ, ਸੀਟੀਯੂ ਪੰਜਾਬ, ਪਸਸਫ ਤੇ ਰੇਲਵੇ ਮੁਲਾਜ਼ਮਾਂ ਤੇ ਮਜ਼ਦੂਰਾਂ ਨੇ ਸ਼ਿਰਕਤ ਕੀਤੀ। ਇਸ ਪ੍ਰਦਰਸ਼ਨ ਨੂੰ ਕਿਸਾਨਾਂ ਦਾ ਵੀ ਭਰਪੂਰ ਸਮਰਥਨ ਰਿਹਾ।