ਜੱਲ੍ਹਿਆਂਵਾਲਾ ਬਾਗ਼ ਵਿਚ ਹੋਵੇਗਾ ਤ੍ਰੈ-ਭਾਸ਼ੀ ਰੋਸ਼ਨੀ ਤੇ ਆਵਾਜ਼ ਸ਼ੋਅ

ਰਾਜ ਸਭਾ ਮੈਂਬਰ ਅਤੇ ਪੰਜਾਬ ਭਾਜਪਾ ਦੇ ਪ੍ਰਧਾਨ ਸ਼ਵੇਤ ਮਲਿਕ ਨੇ ਖੁਲਾਸਾ ਕੀਤਾ ਕਿ ਜੱਲ੍ਹਿਆਂਵਾਲਾ ਬਾਗ਼ ਯਾਦਗਾਰ ਦੇ ਸੁੰਦਰੀਕਰਨ ਲਈ ਤਕਨੀਕੀ ਟੈਂਡਰ ਖੋਲ੍ਹੇ ਗਏ ਹਨ ਜਿਸ ਤਹਿਤ ਇਥੇ ਯਾਦਗਾਰ ਵਿਖੇ ਹਿੰਦੀ, ਅੰਗਰੇਜ਼ੀ ਅਤੇ ਪੰਜਾਬੀ ਵਿਚ ਲਾਈਟ ਐਂਡ ਸਾਉੂਂਡ ਸ਼ੋਅ ਸ਼ੁਰੂ ਹੋਵੇਗਾ ਜਿਸ ਰਾਹੀਂ ਖੂਨੀ ਸਾਕੇ ਦੇ ਇਤਿਹਾਸ ਨੂੰ ਦਰਸਾਇਆ ਜਾਵੇਗਾ। ਅੱਜ ਇਥੇ ਇਕ ਪੱਤਰਕਾਰ ਸੰਮੇਲਨ ਦੌਰਾਨ ਉਨ੍ਹਾਂ ਦੱਸਿਆ ਕਿ ਲਗਪਗ 19 ਕਰੋੜ ਰੁਪਏ ਦੀ ਲਾਗਤ ਨਾਲ ਯਾਦਗਾਰ ਵਿਚ ਵੱਖ ਵੱਖ ਵਿਕਾਸ ਕੰਮ ਹੋਣਗੇ। ਇਸ ਤੋਂ ਇਲਾਵਾ ਇਕ ਫੋਰ ਡੀ ਹਾਲ ਬਣਾਇਆ ਜਾਵੇਗਾ। ਯਾਦਗਾਰ ਵਿਖੇ ਬਣਿਆ ਸਮੁੱਚਾ ਇਮਾਰਤੀ ਖੇਤਰ ਵਾਤਾ ਅਨੁਕੂਲਤ ਕੀਤਾ ਜਾਵੇਗਾ ਜਿਸ ਵਿਚ ਯਾਤਰੂ ਗੈਲਰੀ ਵੀ ਸ਼ਾਮਲ ਹੈ। ਸ਼ਹੀਦੀ ਖੂਹ ਨੂੰ ਧਾਰਮਿਕ ਸਥਾਨ ਦਾ ਰੂਪ ਦਿੱਤਾ ਜਾਵੇਗਾ, ਜਿਥੇ ਧਾਰਮਿਕ ਸ਼ਬਦ ਚਲਦੇ ਰਹਿਣਗੇ। ਸ਼ਹੀਦੀ ਲਾਟ ਨੇੜੇ ਇਕ ਤਲਾਅ ਉਸਾਰਿਆ ਜਾਵੇਗਾ। ਗੋਲੀਆਂ ਦੇ ਨਿਸ਼ਾਨਾਂ ਨੂੰ ਸੰਭਾਲਣ ਲਈ ਵਿਸ਼ੇਸ਼ ਤਕਨੀਕ ਦੀ ਵਰਤੋਂ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਕੰਮ ਜਲਦੀ ਹੀ ਸ਼ੁਰੂ ਹੋ ਜਾਣਗੇ। ਕੱਲ੍ਹ ਪੰਜਾਬ ਦੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਵਲੋਂ ਲਾਏ ਦੋਸ਼ ਕਿ ਕੇਂਦਰ ਸਰਕਾਰ ਨੇ ਸ਼ਤਾਬਦੀ ਸਮਾਗਮਾਂ ਅਤੇ ਯਾਦਗਾਰ ਨੂੰ ਅਣਡਿੱਠਾ ਕੀਤਾ ਹੈ, ’ਤੇ ਸਖ਼ਤ ਪ੍ਰਤੀਕਰਮ ਪ੍ਰਗਟ ਕਰਦਿਆਂ ਉਨ੍ਹਾਂ ਕਿਹਾ ਕਿ ਸ੍ਰੀ ਸਿੱਧੂ ਖੁਦ ਲੰਮਾ ਸਮਾਂ ਸੰਸਦ ਮੈਂਬਰ ਰਹੇ ਹਨ ਅਤੇ ਹੁਣ ਸੈਰ ਸਪਾਟਾ ਮੰਤਰੀ ਹਨ, ਉਹ ਲੋਕਾਂ ਨੂੰ ਦੱਸਣ ਕਿ ਉਨ੍ਹਾਂ ਨੇ ਇਸ ਸ਼ਹੀਦੀ ਯਾਦਗਾਰ ਵਿਖੇ ਵਿਕਾਸ ਕਾਰਜਾਂ ਅਤੇ ਸੁੰਦਰਤਾ ਲਈ ਕੀ ਕੀਤਾ ਹੈ। ਇਸ ਦੌਰਾਨ ਉਨ੍ਹਾਂ ਆਪਣੇ ਵਲੋਂ ਯਾਦਗਾਰ ਦੇ ਟਰਸੱਟੀ ਮੈਂਬਰ ਵਜੋਂ ਕੀਤੇ ਯਤਨਾਂ ਦਾ ਵੀ ਖੁਲਾਸਾ ਕੀਤਾ।

Previous articleਪੁਲੀਸ ਨਾਲ ਹੱਥੋਪਾਈ ਸਬੰਧੀ ਵੀਡੀਓ ਵਾਇਰਲ
Next articleਆੜ੍ਹਤੀਆਂ ਨੇ ਪੰਜਾਬ ਸਰਕਾਰ ਖ਼ਿਲਾਫ਼ ਮੋਰਚਾ ਖੋਲ੍ਹਿਆ